ਤੁਸੀਂ ਇਸ ਵੇਲੇ: ਫੁੱਟਕਲ > ਅਖਾਉਂਤਾਂ
 ਅਖਾਉਂਤਾਂ
ਅਖਾਉਤਾਂ ਜਾਂ ਅਖਾਣਾਂ ਨੂੰ ਕਹਾਵਤਾਂ ਵੀ ਕਿਹਾ ਜਾਂਦਾ ਹੈ । ਕਿਸੇ ਭਾਸ਼ਾ ਦੀਆਂ ਅਖਾਉਤਾਂ ਕਈ ਪੱਖ ਤੋਂ ਮਹੱਤਵਪੂਰਨ ਹੁੰਦੀਆਂ ਹਨ । ਇਹ ਉਸ ਭਾਸ਼ਾ ਦੀ ਸ਼ਕਤੀ ਹੁੰਦੀਆਂ ਹਨ । ਇਹਨਾਂ ਵਿੱਚ ਉਸ ਭਾਸ਼ਾ ਨੂੰ ਬੋਲਣ ਵਾਲਿਆਂ ਦੀਆਂ ਅਣਗਿਣਤ ਪੀੜੀਆਂ ਦਾ ਅਨੁਭਵ ਸਮਾਇਆ ਹੁੰਦਾ ਹੈ । ਅਖਾਉਤਾਂ ਲੋਕ-ਸੂਝ ਦਾ ਭੰਡਾਰ ਹੁੰਦੀਆਂ ਹਨ । ਇਹਨਾਂ ਤੋਂ ਅਸੀਂ ਅਨੁਮਾਨ ਕਰ ਸਕਦੇ ਹਾਂ ਕਿ ਸਾਡੇ ਪੁਰਖ ਆਪਣੇ ਆਰਥਿਕ, ਸਮਾਜਿਕ ਤੇ ਧਾਰਮਿਕ ਜੀਵਨ ਵਿੱਚੋਂ ਕਿਵੇਂ ਗੁਜਰੇ ਅਤੇ ਆਪਣੇ ਜੀਵਨ-ਅਨੁਭਵ ਤੋਂ ਜੀਵਨ ਅਤੇ ਜਗਤ ਦੇ ਭਿੰਨ ਪਹਿਲੂਆਂ ਬਾਰੇ ਕਿਹੋ ਜਿਹੀ ਦ੍ਰਿਸ਼ਟੀ ਗ੍ਰਹਿਣ ਕੀਤੀ । ਇਸ ਤਰ੍ਹਾਂ ਕਿਸੇ ਭਾਸ਼ਾ ਦੀਆਂ ਅਖਾਉਂਤਾ ਉਸ ਭਾਸ਼ਾ ਨੂੰ ਬੋਲਦੇ ਲੋਕਾਂ ਦਾ ਭਾਸ਼ਾਈ ਅਤੇ ਸੱਭਿਆਚਾਰਿਕ ਵਿਰਸਾ ਹੁੰਦੀਆਂ ਹਨ । ਇਹ ਬੀਤੇ ਦੇ ਸਮਾਜਿਕ, ਧਾਰਮਿਕ ਅਤ ਆਰਥਿਕ ਜੀਵਨ ਦਾ ਸ਼ੀਸ਼ਾ ਵੀ ਹੁੰਦੀਆ ਹਨ ।
ਅਖਾਉਂਤਾ ਕਿਸੇ ਭਾਸ਼ਾ ਨੂੰ ਬੋਲਣ ਵਾਲੇ ਮਨੁੱਖਾਂ ਦੀ ਆਮ ਬੋਲ-ਚਾਲ ਦਾ ਹਿੱਸਾ ਹੁੰਦੀਆਂ ਹਨ । ਬੋਲਣ ਵਾਲਾ ਆਪਣੀ ਪੁਸ਼ਟੀ ਅਤੇ ਪ੍ਰਮਾਣਿਕਤਾ ਲਈ ਕਿਸੇ ਅਖਾਉਂਤ ਨੂੰ ਵਰਤਦਾ ਹੈ ਅਤੇ ਇਸ ਤਰ੍ਹਾਂ ਆਪਣੀ ਗਲ ਨੂੰ ਸਿਕੇਬੰਦ ਬਣਾਉਣ ਦਾ ਯਤਨ ਕਰਦਾ ਹੈ । ਭਾਵ, ਇਹੋ ਹੁੰਦਾ ਹੈ ਕਿ ਜੋ ਗਲ ਆਖੀ ਜਾ ਰਹੀ ਹੈ, ਸਾਥੋਂ ਪੂਰਵਲੇ ਅਣਗਿਣਤ ਲੋਕਾਂ ਦਾ ਜੀਵਨ ਅਨੁਭਵ ਵੀ ਇਸ ਦੀ ਪ੍ਰੋੜਤਾ ਕਰਦਾ ਹੈ । ਆਮ ਤੋਰ ਤੇ ਮਨੁੱਖੀ ਅਨੁਭਵ ਦੀ ਕਸਵੱਟੀ ਤੇ ਪੂਰੇ ਉੱਤਰੇ ਜੀਵਨ-ਸੱਚ, ਮਨੁੱਖੀ ਵਿਹਾਰ, ਕੁਦਰਤ ਦੇ ਵਰਤਾਰੇ ਅਤੇ ਕੰਮਾਂ-ਕਿੱਤਿਆਂ ਦੀਆਂ ਵਿਧੀਆਂ ਬਾਰੇ ਨਿਰਣੇ; ਆਪਸੀ ਰਿਸ਼ਤਿਆਂ ਦੇ ਸੂਤਰ ; ਵਿਸ਼ਵਾਸਾ, ਵਹਿਮਾਂ, ਭਰਮਾਂ ਤੇ ਮਨੋਤਾਂ ਪਿੱਛੇ ਕੰਮ ਕਰਦੀ ਮਾਨਸਿਕਤਾ ਦੀਆਂ ਝਲਕਾਂ; ਜੁਗੋ-ਜੁਗ ਵਿਕਸਿਤ ਹੋਇਆ ਚੱਜ-ਅਚਾਰ; ਲੋਕ-ਸਮਝ ਭਾਵ ਉਸ ਕਿ ਖਿੱਤੇ ਦੀ ਸੰਸਕ੍ਰਿਤੀ ਦੇ ਦਰਸ਼ਨ ਇਹਨਾਂ ਅਖਾਉਂਤਾ ਵਿੱਚੋਂ ਹੁੰਦੇ ਹਨ ।
ਪ੍ਰਗਟਾਉ ਦੇ ਪੱਖੋਂ ਅਖਾਉਂਤਾ ਵਿੱਚ ਕਾਵਿਕ ਅੰਸ਼, ਨਾਟਕੀ ਅੰਸ਼, ਕਥਾ ਅੰਸ਼, ਆਦਿ ਕਈ ਸਾਹਿਤਿਕ ਗੁਣਾਂ ਦਾ ਸੁਮੇਲ ਹੁੰਦਾ ਹੈ । ਕੁੱਜੇ ਵਿੱਚ ਸਮੁੰਦਰ ਬੰਦ ਕਰਨ ਦੀ ਕਲਾ ਅਖਾਉਂਤਾਂ ਦੀ ਕਲਾ ਕਣ-ਕਣ ਵਿੱਚ ਰੱਚੀ ਹੁੰਦੀ ਹੈ । ਲੈਅ,ਸੰਜਮ, ਸੰਖੇਪ ਆਦਿ ਗੁਣਾਂ ਸਦਕਾ ਅਖਾਉਂਤਾ ਗੁੰਦਵੀਂ ਸ਼ੈਲੀ ਦਾ ਸਿਖਰ ਹੁੰਦੀਆਂ ਹਨ । ਇਹਨਾਂ ਵਿੱਚ ਕਿਤੇ-ਕਿਤੇ ਵਿਅੰਗ ਤੇ ਚਟਖਾਰਾ ਵੀ ਹੁੰਦਾ ਹੈ ।
ਅਖਾਉਂਤਾ, ਪੀੜ੍ਹੀ ਦਰ ਪੀੜ੍ਹੀ ਅਣਗਿਣਤ ਬੋਲਣ ਵਾਲਿਆਂ ਦੇ ਵਰਤਦੇ ਰਹਿਣ ਕਾਰਨ ਅਜਿਹੀ ਖੂਬੀ ਨੂੰ ਗ੍ਰਹਿਣ ਕਰਦੀਆਂ ਹਨ ਜਿੰਨਾਂ ਸਦਕਾ ਇਹ ਸੁਣਨ ਵਾਲਿਆਂ ਦੇ ਮਨਾਂ ਉੱਤੇ ਡੂੰਗੀ ਛਾਪ ਛੱਡ ਦਿੰਦੀਆਂ ਹਨ । ਇਹ ਕਿਹਾ ਜਾ ਸਕਦਾ ਹੈ ਕਿਸੇ ਅਖਾਉਂਤ ਨੂੰ ਵਰਤਣ ਵਾਲਾ ਆਪਣੇ ਅਨੁਭਵ ਨੂੰ ਲੋਕ-ਅਨੁਭਵ ਨਾਲ ਜੋੜ ਲੈਂਦਾ ਹੈ ਅਤੇ ਉਸ ਅਨੁਭਵ ਦੀ ਸਾਰੀ ਸਮਰੱਥਾ ਉਸ ਵਿਅਕਤੀ ਦੇ ਬੋਲਾਂ ਵਿੱਚ ਪ੍ਰਗਟ ਹੋ ਜਾਂਦੀ ਹੈ ।
ਇੱਥੇ ਅਖਾਉਂਤਾ ਨੂੰ ਸ਼ਾਮਲ ਕਰਨ ਦੇ ਕਈ ਉਦੇਸ਼ ਹਨ । ਇੱਕ ਤਾਂ ਇਹ ਕਿ ਪੜ੍ਹਨ ਵਾਲੇ ਨੂੰ ਪੰਜਾਬੀ ਭਾਸ਼ਾ ਦੇ ਇਸ ਅਮੀਰ ਖ਼ਜਾਨੇ ਦਾ ਕੁੱਝ ਪਤਾ ਲੱਗ ਸਕੇ । ਦੂਜਾ ਉਹ ਆਪਣੀ ਗਲ-ਬਾਤ ਜਾਂ ਲਿਖਤ ਵਿੱਚ ਜਾਨ ਭਰਨ ਦੀ ਇਹਨਾਂ ਦੀ ਲੋੜੀਂਦੀ ਵਰਤੋਂ ਕਰ ਸਕੇ । ਤੀਜਾ ਇਹਨਾਂ ਅਖਾਉਂਤਾ ਵਿੱਚ ਪ੍ਰਗਟ ਹੋਏ ਪੂਰਵਜਾਂ ਦੇ ਜੀਵਨ-ਅਨੁਭਵ ਤੋਂ ਜਾਣੂ ਹੋਣ ਨਾਲ ਉਸ ਦੀ ਜੀਵਨ-ਸੋਝੀ ਵਿੱਚ ਵਾਧਾ ਹੋ ਸਕੇ । ਉਞ ਕਈ ਹੋਰ ਆਸ਼ਿਆਂ ਨਾਲ ਕੀਤੇ ਜਾਂਦੇ ਅਧਿਐਨ ਲਈ ਸਮੱਗਰੀ ਵੱਜੋਂ ਵੀ ਅਖਾਉਂਤਾ ਨੂੰ ਪੜ੍ਹਿਆ ਜਾਂਦਾ ਹੈ । ਉਦਾਹਰਨ ਵੱਜੋਂ ਪੰਜਾਬੀ ਸੱਭਿਆਚਾਰ ਦੇ ਅਧਿਐਨ ਲਈ ਅਖਾਉਂਤਾ ਅਮੁੱਲ ਸਮੱਗਰੀ ਸਾਬਤ ਹੁੰਦੀਆਂ ਹਨ ।
ਕਿਸੇ ਅਖਾਉਤ ਦਾ ਜਨਮ ਇੱਕ ਗੁੰਝਲਦਾਰ ਪ੍ਰਕਿਰਿਆ ਹੈ । ਦਰਿਆ ਦੇ ਵਹਿਣ ਵਿੱਚੋਂ ਜਿਵੇਂ ਰਿੜ੍ਹ-ਰਿੜ੍ਹ, ਘਸ-ਘਸ ਕੇ ਇੰਨੇ ਮੁਲਾਇਮ ਤੇ ਪਿਆਰੀਆਂ ਸ਼ਕਲਾਂ ਦੇ ਪੱਥਰ ਗੀਟੇ ਬਣ ਜਾਂਦੇ ਹਨ, ਤਿਵੇਂ ਅਖਾਉਤਾਂ ਵੀ ਆਪਣਾ ਸਰੂਪ ਅਖਤਿਆਰ ਕਰਦੀਆਂ ਹਨ । ਹਰ ਅਖਾਉਤ ਦਾ ਮੂਲ-ਕਰਤਾ ਜਰੂਰ ਕੋਈ ਸਾਹਿਤਿਕ-ਸੁਭਾ ਦਾ ਵਿਅਕਤੀ ਹੋਣਾ ਹੈ, ਪਰ ਉਸ ਦਾ ਕਥਨ ਲੰਮੇ ਤੱਕ ਲੋਕ- ਪ੍ਰਵਾਨਗੀ ਲੈਣ ਪਿੱਛੋਂ ਹੀ ਅਖਾਉਤ ਅਖਵਾਉਣ ਜੋਗਾ ਹੁੰਦਾ ਹੈ । ਲੋਕ-ਗੀਤ ਵਾਂਗ ਅਖਾਉਤ ਦਾ ਮੂਲ-ਰਚਨਹਾਰ ਗੁਮਨਾਮ ਰਹਿ ਜਾਂਦਾ ਹੈ । ਇਸ ਤਰ੍ਹਾਂ ਅਖਾਉਤਾਂ ਲੋਕ-ਸਿਰਜਣਹਾਰ ਕਲਾ ਦਾ ਸੁੰਦਰ ਪ੍ਰਗਟਾਵਾ ਹਨ ।
ਕਿਸੇ ਸਾਹਿਤਕਾਰ ਦੀ ਮਹਾਨਤਾ ਦਾ ਇੱਕ ਪੈਮਾਨਾ ਇਹ ਹੁੰਦਾ ਹੈ ਕਿ ਉਸ ਦੀ ਟਾਵੀਂ-ਟਾਵੀਂ ਤੁਕ ਜਾਂ ਵਾਕ ਅਖਾਉਤ ਬਣਨ ਦਾ ਦਰਜਾ ਹਾਸਲ ਕਰ ਲੈਂਦੀ ਹੈ । ਅਖਾਉਤਾਂ ਦੀ ਵਢਿਆਈ ਦਾ ਇਸ ਤੋਂ ਵੱਡਾ ਪ੍ਰਮਾਣ ਹੋਰ ਕੀ ਹੋ ਸਕਦਾ ਹੈ । ਪੰਜਾਬੀ ਦੇ ਸਿਰਮੌਰ ਸਾਹਿਤਕਾਰਾਂ ਦੀਆਂ ਕਈ ਸਤਰਾਂ ਅਖਾਉਤਾਂ ਬਣ ਗਈਆਂ ਹਨ ।
ਭਾਵੇਂ ਸਾਰੀਆਂ ਅਖਾਉਤਾਂ ਸਾਹਿਤਕਾਰਾਂ ਦੀਆਂ ਕਿਰਤਾਂ ਨਹੀ ਹੁੰਦੀਆਂ । ਪਰ ਇਹ ਦੁਹਰਾਉਣ ਯੋਗ ਸੱਚ ਹੈ ਕਿ ਕਿਸੇ ਅਖਾਉਤ ਦੇ ਮੂਲ-ਰਚਣਹਾਰ ਦੇ ਹਿਰਦੇ ਵਿੱਚ ਸਾਹਿਤਿਕ ਕਣੀ ਜਰੂਰ ਹੁੰਦੀ ਹੋਵੇਗੀ ਜਿਸ ਸਦਕਾ ਉਸ ਦਾ ਕਥਨ ਕਿਸੇ ਖਿੱਤੇ ਜਾਂ ਜਾਤੀ ਦੇ ਲੋਕਾਂ ਦੀ ਸਹਿਜ ਪ੍ਰਵਾਨਗੀਹਾਸਲ ਕਰਦਾ ਗਿਆ ।
ਇੱਕ ਤੋਂ ਦੂਜੀ ਭਾਸ਼ਾ ਦੇ ਪਰਸਪਰ ਸੰਪਰਕ ਨਾਲ ਵੀ ਕਈ ਅਖਾਉਤਾਂ ਦਾ ਅਦਾਨ-ਪ੍ਰਦਾਨ ਹੁੰਦਾ ਹੈ । ਪਰ ਇਸ ਭਾਂਤ ਦੀਆਂ ਅਖਾਉਤਾਂ ਉਹੀ ਹੁੰਦੀਆਂ ਹਨ ਜਿਨ੍ਹਾ ਵਿੱਚ ਸਰਵਕਾਲੀ ਜਾਂ ਮਨੁੱਖ ਦੇ ਸਾਂਝੇ ਅਨੁਭਾਵਾਂ ਦਾ ਪ੍ਰਗਟਾਵਾ ਹੁੰਦਾ ਹੈ । ਅਖਾਉਤ ਦੀ ਸ਼ਕਤੀ ਇਸ ਦੀ ਵਰਤੋਂ ਕਰਨ ਤੇ ਹੀ ਪ੍ਰਕਾਸ਼ ਵਿੱਚ ਆਉਂਦੀ ਹੈ, ਇਸ ਲਈ ਹਰੇਕ ਅਖਾਉਤ ਲਈ ਢੁੱਕਵੀਂ ਤੋਂ ਢੁੱਕਵੀ ਸਥਿਤੀ ਲੱਭਣੀ ਚਾਹਦੀ ਹੈ ।
- ਉਖਲੀ ਵਿੱਚ ਸਿਰ ਦਿੱਤਾ ਮੋਹਲਿਆਂ ਦਾ ਕੀ ਡਰ
ਜਨਕ ਸਿੰਘ ਨੂੰ ਆਪਣੀ ਲੜਕੀ ਦਾ ਵਿਆਹ ਬੜੀ ਤੰਗੀ ਵਿੱਚ ਕਨਾ ਪੈ ਰਿਹਾ ਸੀ । ਇੰਨੇ ਨੂੰ ਵਿਚੋਲੇ ਰਾਂਹੀ ਮੁੰਡੇ ਵਾਲਿਆਂ ਵੱਲੋਂ ਫ੍ਰਿੱਜ ਦੀ ਮੰਗ ਆ ਗਈ ਤਾਂ ਉਹ ਦੁਖੀ ਹੋਇਆ । ਫਿਰ ਕਹਿਣ ਲੱਗਾ ਭਾਈ, ''ਇਹ ਤਾਂ ਕਰਨਾ ਹੀ ਪਊ। ਉਖਲੀ ਵਿੱਚ ਸਿਰ ਦਿੱਤਾ ਤਾਂ ਮੋਹਲਿਆਂ ਦਾ ਕੀ ਡਰ ।
- ਅੱਖਾਂ ਨੇ ਨਾ ਖਾਧਾ ਤਾਂ ਮੂੰਹ ਨੇ ਕੀ ਖਾਣਾ ਏ
ਸੁਰਿੰਦਰ ਦੇ ਮਾਤਾ ਜੀ ਰਸੋਈ-ਕਲਾ ਵਿੱਚ ਨਿਪੁੰਨ ਹੈ । ਉਹ ਭੋਜਨ ਦੇ ਖੁਰਾਕੀ ਤੱਤਾਂ ਵੱਲ ਧਿਆਨ ਤਾਂ ਦਿੰਦੇ ਹੀ ਹਨ । ਉਹਨਾਂ ਦੇ ਬਣਾਏ ਖਾਣੇ ਸਵਾਦੀ ਵੀ ਹੁੰਦੇ ਹਨ । ਉਹ ਇਸ ਗੱਲ ਦਾ ਖਿਆਲ ਵੀ ਜਰੂਰ ਰੱਖਦੇ ਹਨ ਕਿ ਭੋਜਨ ਨੂੰ ਪਰੋਸਿਆ ਵੀ ਚੰਗੀ ਤਰ੍ਹਾਂ ਜਾਵੇ । ਭੋਜਨ ਵੇਖਣ ਨੂੰ ਚੰਗਾ ਲੱਗੇ । ਉਹ ਅਕਸਰ ਕਹਿੰਦੇ ਹਨ ਕਿ ਭੋਜਨ 'ਅੱਖਾਂ ਨੇ ਨਾ ਖਾਧਾ ਤਾਂ ਮੂੰਹ ਨੇ ਕੀ ਖਾਣਾ ਏ ।
- ਅੱਗੇ ਸੱਪ ਤੇ ਪਿੱਛੇ ਸੀਂਹ
ਦਿਨ ਭਰ ਪੈਂਡਾ ਮਾਰ ਕੇ ਸ਼ਹਿਰ ਦੇ ਨੇੜੇ ਗਏ ਤਾਂ ਪਤਾ ਲੱਗਾ ਕਿ ਵਿਚਕਾਰ ਪੈਂਦੀ ਨਦੀ ਵਿੱਚ ਹੜ੍ਹ ਆਇਆ ਹੋਇਆ ਹੈ । ਅੱਗੇ ਰਸਤਾ ਬੰਦ ਹੈ । ਪਿੱਛੇ ਮੁੜਨਾਂ ਵੀ ਮੁਸ਼ਕਲ ਸੀ, ਹਨੇਰਾ ਹੋ ਰਿਹਾ ਸੀ । ਪਿਛਲਾ ਟਿਕਾਣਾ ਬਹੁਤ ਦੂਰ ਰਹਿ ਗਿਆ ਸੀ, ਮਨ ਪ੍ਰੇਸ਼ਾਨ ਸੀ । ਮੇਰੇ ਲਈ ' ਅੱਗੇ ਸੱਪ ਤੇ ਪਿੱਛੇ ਸ਼ੀਂਹ ਵਾਲੀ ਗੱਲ ਹੋ ਗਈ ਸੀ ।
- ਅੰਦਰ ਹੋਵੇ ਸੱਚ ਤਾਂ ਕੋਠੇ ਚੜ ਕੇ ਨੱਚ
ਕੁਲਜੀਤ ਨੂੰ ਚੋਰੀ ਦੇ ਝੂਠੇ ਕੇਸ ਦੇ ਸੰਬੰਧ ਵਿੱਚ ਜਦੋਂ ਪੰਚਾਇਤ ਬੁਲਾਇਆ ਤਾਂ ਉਸ ਨੇ ਆਤਮਵਿਸ਼ਵਾਸ ਤੇ ਨਿਡਰਤਾ ਨਾਲ ਆਪਣਾ ਪੱਖ ਪੇਸ਼ ਕੀਤਾ । ਉਸ ਦੇ ਜਾਣ ਬਾਅਦ ਸਰਪੰਚ ਨੇ ਕਿਹਾ, ਕਿ ਕੁਲਜੀਤ ਸੱਚਾ ਹੈ । ਸਿਆਣਿਆਂ ਨੇ ਠੀਕ ਹੀ ਕਿਹਾ ਹੈ, 'ਪੱਲੇ ਹੋਵੇ ਸੱਚ ਤਾਂ ਕੋਠੇ ਚੜ ਕੇ ਨੱਚ ।
- ਅੰਬਾਂ ਦੀ ਭੁੱਖ ਅੰਬਾਕੜੀਆਂ ਨਾਲ ਨਹੀ ਲਹਿੰਦੀ
ਐਮ.ਏ.,ਐਮ. ਫਿਲ. ਜਰਨੈਲ ਸਿੰਘ ਨੂੰ ਕਾਲਜ ਵਿੱਚ ਕਲਰਕ ਦੀ ਨੌਕਰੀ ਹੀ ਮਿਲੀ ਤਾਂ ਉਸ ਦੇ ਮਿੱਤਰ ਨੇ ਵਧਾਈ ਦਿੰਦਿਆਂ ਕਿਹਾ, 'ਲੈ ਬਈ ਤੂੰ ਕਾਲਜ ਦੀ ਨੌਕਰੀ ਕਰਨਾ ਚਾਹੁੰਦਾ ਸੀ ਹੁਣ ਤਾਂ ਖੁਸ਼ ਹੈਂ ? ਤਾਂ ਅੱਗੋਂ ਉਸਨੇ ਕਿਹਾ, 'ਮੈਂ ਕਾਲਜ ਵਿੱਚ ਲੈਕਚਰਾਰ ਲੱਗਣਾ ਚਾਹੁੰਦਾ ਸੀ ਤੇ ਲੱਗ ਗਿਆ ਕਲਰਕ । ਤੂੰ ਹੀ ਦੇਖ ਅੰਬਾਂ ਦੀ ਭੁੱਖ ਅੰਬਾਕੜੀਆਂਨਾਲ ਨਹੀਂ ਲਹਿੰਦੀ ।
- ਆਓਗੇ ਤਾਂ ਕੀ ਲੈ ਕੇ ਆਓਗੇ, ਜਾਓਗੇ ਤਾਂ ਕੀ ਦੇ ਕੇ
ਸਾਡੇ ਸਮਾਜ ਵਿੱਚ ਪੁੱਠੀ ਸੋਚ ਸਦਕਾ ਮੁੰਡੇ ਵਾਲੇ ਕੁੜੀ ਵਾਲਿਆਂ ਤੋਂ ਹਰ ਹਾਲਤ ਵਿੱਚ ਕੁਝ ਨਾਂ ਕੁਝ ਲੈਣ ਦੀ ਹੀ ਗੱਲ ਕਰਦੇ ਹਨ । ਉਹਨਾਂ ਦਾ ਤਾਂ ਇਹ ਹਾਲ ਹੁੰਦਾ ਹੈ । ਆਓਗੇ ਤਾਂ ਕੀ ਲੈ ਕੇ ਆਓਗੇ, ਜਾਓਗੇ ਤਾਂ ਕੀ ਦੇ ਕੇ ।
- ਆਟੇ ਨਾਲ ਘੁਣ ਵੀ ਪਿਸ ਜਾਂਦਾ ਹੈ
ਮੁੱਖ ਅਧਿਆਪਕ ਜੀ ਨੇ ਬਾਰ੍ਹਵੀਂ ਦੀ ਪ੍ਰੀਖਿਆ ਆਰੰਭ ਹੋਣ ਵਾਲੇ ਦਿਨ ਤਾੜਨਾ ਕਰਦੇ ਹੋਏ ਕਿਹਾ, "ਨਕਲ ਜਿਹੀਆਂ ਬੇਨਿਯਮੀਆਂ ਕਰਕੇ ਸਾਡਾ ਸੈਂਟਰ ਰੱਦ ਹੋ ਜਾਵੇਗਾ । ਜਿਹੜੇ ਨਕਲ ਮਾਰਨਗੇ ਉਹਨਾਂ ਨੂੰ ਸਜਾ ਤਾਂ ਮਿਲੇਗੀ ਹੀ ਪਰ ਇਸ ਨਾਲ ਹੁਸ਼ਿਆਰ ਵਿਦਿਆਰਥੀਆਂ ਦਾ ਵੀ ਨੁਕਸਾਨ ਹੋਵੇਗਾ । ਆਟੇ ਨਾਲ ਘੁਣ ਵੀ ਪਿਸ ਜਾਂਦਾ ਹੈ।"
- ਆਦਰ ਤੇਰੀ ਚਾਦਰ ਨੂੰ ਬਹਿਣਾ ਤੇਰੇ ਗਹਿਣੇ ਨੂੰ
"ਕਰਮ ਚੰਦ ਜਦੋਂ ਦਾ ਪ੍ਰਧਾਨ ਬਣਿਆ ਹੈ ਉਸ ਦੀ ਬੈਠਕ ਵਿੱਚ ਬਹੁਤ ਭੀੜ ਰਹਿੰਦੀ ਹੈ ।" ਖੁਸ਼ੀ ਰਾਮ ਨੇ ਕਿਹਾ "ਲੋਕੀ ਕਰਮ ਚੰਦ ਕਰਕੇ ਥੋੜੀ ਜਾਂਦੇ ਹਨ ਉਹ ਤਾਂ ਉਸਦੀ ਪ੍ਰਧਾਨਗੀ ਕਰਕੇ ਜਾਂਦੇ ਹਨ । ਸਿਆਣਿਆਂ ਨੇ ਠੀਕ ਹੀ ਕਿਹਾ ਹੈ ਆਦਰ ਤੇਰੀ ਚਾਦਰ ਨੂੰ ਬਹਿਣਾ ਤੇਰੇ ਗਹਿਣੇ ਨੂੰ," ਰਜਿੰਦਰ ਨੇ ਉੱਤਰ ਦਿੱਤਾ ।
- ਆਪਣਾ ਘਰ ਸੌ ਕੋਹ ਤੋਂ ਦਿਸ ਪੈਂਦਾ ਹੈ
ਵੱਡੇ ਪੰਡਾਲ ਦੇ ਵਿਸ਼ਾਲ ਇੱਕਠ ਵਿੱਚ ਬੱਚੇ ਨੇ ਦੂਰ ਬੈਠੀ ਆਪਣੀ ਮਾਸੀ ਨੂੰ ਝੱਟ ਜਾ ਲੱਭਿਆ । ਮਾਸੀ ਨੇ ਹੈਰਾਨ ਹੋ ਕੇ ਪੁੱਛਿਆ, "ਤੂੰ ਮੈਨੂੰ ਕਿਵੇਂ ਲੱਭ ਲਿਆ?" ਤਾਂ ਕੋਲ ਬੈਠੀ ਤੀਂਵੀਂ ਨੇ ਕਿਹਾ, "ਭਾਈ ਆਪਣਾ ਘਰ ਤਾਂ ਸੌ ਕੋਹ ਤੋਂ ਦਿਸ ਪੈਂਦਾ ਹੈ ।"
- ਆਪਣੀਆਂ ਦੇ ਮੈਂ ਗਿੱਟੇ ਭੰਨਾਂ ਚੁੰਮਾਂ ਪੈਰ ਪਰਾਇਆਂ ਦੇ
"ਅੱਜ ਜਦੋਂ ਪਰਲੇ ਮੁਹੱਲੇ ਦੀ ਜ਼ਨਾਨੀ ਤੈਨੂੰ ਕਿਸੇ ਦੇ ਘਰ ਬਾਰੇ ਪੁੱਛਣ ਆਈ ਤਾਂ ਉਹਨੂੰ ਬਿਠਾ ਕੇ ਚਾਹ ਪਿਆ ਦਿੱਤੀ ਤੇ ਜਦੋਂ ਕੱਲ ਮਾਤਾ ਜੀ ਆਏ ਸਨ ਤਾਂ ਉਹਨਾਂ ਨੂੰ ਪਾਣੀ ਵੀ ਨਹੀਂ ਪੁੱਛਿਆ । ਤੇਰਾ ਤਾਂ ਓਹ ਹਾਲ ਹੈ- ਆਪਣਿਆਂ ਦੇ ਮੈਂ ਗਿੱਟੇ ਭੰਨਾਂ ਚੁੰਮਾਂ ਪੈਰ ਪਰਾਇਆਂ ਦੇ ।" ਦੁਖੀ ਹੋਏ ਪਤੀ ਨੇ ਆਪਣੀ ਪਤਨੀ ਨੂੰ ਕਿਹਾ ।
- ਆਪਣੀ ਅਕਲ ਤੇ ਪਰਾਇਆ ਧਨ ਬਹੁਤ ਜਾਪਦਾ ਹੈ
"ਸਤਸੰਗੀਓ, ਜੋ ਵੀ ਕੰਮ ਤੁਸੀਂ ਕਰ ਰਹੇ ਹੋ ਅਤੇ ਜੋ ਤੁਸੀਂ ਕਮਾ ਰਹੇ ਹੋ ਉਸ ਨਾਲ ਸੰਤੁਸ਼ਟ ਰਹਿਣਾ ਸਿੱਖੋਂ। ਐਵੇਂ ਦੂਸਰਿਆਂ ਦੇ ਅਹੁਦਿਆਂ ਅਤੇ ਧਨ ਕਰਕੇ ਈਰਖਾ ਨਾ ਕਰਿਆ ਕਰੋ ਇਸ ਸੰਸਾਰ ਵਿੱਚ ਇਹ ਭੁਲੇਖਾਂ ਹੀ ਹੁੰਦਾ ਹੈ ਕਿ ਹਰ ਇੱਕ ਨੂੰ ਆਪਣੀ ਅਕਲ ਤੇ ਪਰਾਇਆ ਧਨ ਬਹੁਤਾ ਜਾਪਦਾ ਹੈ", ਗਿਆਨੀ ਜੀ ਨੇ ਕਿਹਾ।
- ਆਪਣੀ ਕੁੱਕੜੀ ਚੰਗੀ ਹੋਵੇ ਤਾਂ ਬਾਹਰ ਆਂਡੇ ਕਿਉਂ ਦੇਵੇ
"ਤੇਰਾ ਪੁੱਤਰ ਤੇਰੀ ਦੁਕਾਨ ਤੇ ਤਾਂ ਬੈਠਦਾ ਨਹੀਂ ਪਰ ਦੂਸਰੇ ਬਾਜ਼ਾਰ ਵਾਲੇ ਗੁਰਨਾਮ ਸਿੰਘ ਦੇ ਕੰਮ ਭੱਜ-ਭੱਜ ਕੇ ਕਰਦਾ ਹੈ। ਤੂੰ ਗੁਰਨਾਮ ਸਿੰਘ ਨੂੰ ਕੁਝ ਕਹਿੰਦਾ ਕਿਉਂ ਨਹੀ ? ਜੁਗਿਦਰ ਸਿੰਘ ਨੇ ਹਰਭਜਨ ਸਿੰਘ ਨੂੰ ਕਿਹਾ।
"ਗੁਰਨਾਮ ਸਿੰਘ ਨੂੰ ਕੀ ਕਹਿਣਾ, ਜਦੋਂ ਆਪਣਾਂ ਹੀ ਮੁੰਡਾ ਨਹੀਂ ਸਮਝਦਾ। ਆਪਣੀ ਕੁਕੜੀ ਚੰਗੀ ਹੋਵੇ ਤਾਂ ਬਾਹਰ ਆਂਡੇ ਕਿਉਂ ਦੇਵੇ।" ਹਰਭਜਨ ਸਿੰਘ ਨੇ ਲਾਚਾਰੀ ਵਿੱਚ ਉੱਤਰ ਦਿੱਤਾ।"
- ਆਪੇ ਫਾਥੜੀਏ ਤੇਨੂੰ ਕੌਣ ਛੁਡਾਏ
ਮਨਜੀਤ ਨੇ ਆਪਣੀ ਮਰਜ਼ੀ ਨਾਲ ਮਾਪਿਆਂ ਤੋਂ ਬਾਗੀ ਹੋ ਕੇ ਅਦਾਲਤੀ ਵਿਆਹ ਕਰਾ ਲਿਆ। ਜਦੋਂ ਕਿ ਉਸਨੂੰ ਦੱਸਿਆ ਗਿਆ ਸੀ ਕਿ ਮੁੰਡਾ ਸ਼ਰਾਬੀ ਤੇ ਮਾੜੇ ਸੁਭਾਅ ਦਾ ਹੈ। ਹੁਣ ਜਦੋਂ ਉਹ ਨਿੱਤ ਦੇ ਕਲੇਸ਼ ਤੋਂ ਦੁਖੀ ਹੋ ਕੇ ਆਪਣੀ ਮਾਂ ਕੋਲ ਰੋਣ ਲੱਗੀ ਤਾਂ ਉਸ ਦੀ ਮਾਂ ਨੇ ਕਿਹਾ "ਇਸ ਵਿੱਚ ਅਸੀਂ ਕੀ ਕਰ ਸਕਦੇ ਹਾਂ। ਆਪੇ ਫਾਥੜੀਏ ਤੈਨੂੰ ਕੇਣ ਛੁਡਾਏ "
- ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ
ਸੁੰਦਰ ਸਿੰਘ ਹਰ ਵੇਲੇ ਆਪਣੀ ਜਾਇਦਾਦ, ਔਲਾਦ ਅਤੇ ਆਪਣੀਆਂ ਪਾ੍ਪਤੀਆਂ ਦੀਆ ਸਿਫਤਾਂ ਕਰਦਾ ਰਹਿੰਦਾ ਹੈ। ਉਸ ਦੇ ਬਾਰੇ ਤਾ ਅਕਸਰ ਕਿਹਾ ਜਾਂਦਾ ਹੈ- ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ।
- ਆਰੀ ਨੂੰ ਇੱਕ ਪਾਸੇ ਦੰਦੇ ਜਹਾਨ ਨੂੰ ਦੋਹੀਂ ਪਾਸੀਂ
ਅਮਰ ਸਿੰਘ ਨੂੰ ਪਹਿਲਾਂ ਤਾਂ ਲੋਕ ਕਹਿੰਦੇ ਸਨ ਕਿ ਉਹ ਕਿੰਨਾ ਕੰਜੂਸ ਹੈ, ਮਕਾਨ ਦੀ ਚੱਠ ਨਹੀ ਕਰਦਾ। ਹੁਣ ਜਦੋਂ ਉਸ ਨੇ ਔਖਿਆਂ ਹੋ ਕੇ ਚੱਠ ਕਰ ਦਿੱਤੀ ਤਾਂ ਲੋਕ ਦੂਜੇ ਪਾਸੇ ਉਸ ਦੀ ਨੁਕਤਾਚੀਨੀ ਕਰ ਰਹੇ ਹਨ ਕਿ ਇਤਨਾ ਖ਼ਰਚ ਕਰਨ ਦੀ ਕੀ ਲੋੜ ਸੀ। ਸਿਆਣਿਆਂ ਸੱਚ ਹੀ ਕਿਹਾ ਹੈ ਆਰੀ ਨੂੰ ਇੱਕ ਪਾਸੇ ਦੰਦੇ ਜਹਾਨ ਨੂੰ ਦੋਹੀਂ ਪਾਸੀਂ।
- ਇੱਕ ਰੂਪ ਆਦਮੀ, ਸੌ ਰੂਪ ਕਪੜਾ, ਹਜ਼ਾਰ ਰੂਪ ਗਹਿਣਾ ਤੇ ਲੱਖ ਰੂਪ ਨਖਰਾ
ਤੇਜਵੰਤ ਦੀ ਪ੍ਰਭਾਵਸ਼ਾਲੀ ਅਤੇ ਆਕਰਸ਼ਕ ਸ਼ਖਸ਼ੀਅਤ ਦਾ ਕਾਰਨ ਉਸ ਦਾ ਹੰਸੂ-ਹੰਸੂ ਕਰਦਾ ਚਿਹਰਾ ਅਤੇ ਮਿੱਠ ਬੋਲੜਾਂ ਸੁਭਾਅ ਹੈ। ਇਸ ਤੋਂ ਵੱਧ ਉਸ ਨੂੰ ਪਹਿਨਣ ਦਾ ਚੱਜ ਹੈ। ਉਸ ਬਾਰੇ ਇਹ ਅਖਾਉਤ ਪੂਰੀ ਢੁੱਕਦੀ ਹੈ- ਇੱਕ ਰੂਪ ਆਦਮੀ, ਸੌ ਰੂਪ ਕੱਪੜਾ, ਹਜ਼ਾਰ ਰੂਪ ਗਹਿਣਾ ਅਤੇ ਲੱਖ ਰੂਪ ਨਖਰਾਂ।
- ਸਚੁਹ ਉਰੈ ਸਭ ਕੋ ਉਪਰ ਸਚ ਆਚਾਰ
ਗਿਆਨੀ ਜੀ ਨੇ ਮਾਸਟਰ ਗੁਰਮੁਖ ਸਿੰਘ ਜੀ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਉਹ ਸਹੀ ਅਰਥਾਂ ਵਿੱਚ ਅਧਿਆਪਕ ਸਨ। ਉਹਨਾਂ ਨੇ ਜੋ ਕੁਝ ਸਿਖਾਇਆ ਉਸ ਉੱਤੇ ਆਪ ਵੀ ਅਮਲ ਕੀਤਾ। ਉਹਨਾਂ ਨੇ ਇਸ ਤੁਕ ਨੂੰ ਜਿਵੇਂ ਪੱਲੇ ਬੰਨ੍ਹਿਆਂ ਹੋਇਆ ਸੀ-ਸਚੁਰ ਉਰੈ ਸਭ ਕੋ ਉਪਰ ਸਚ ਆਚਾਰ।
- ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ
ਸਕੂਲ ਦੇ ਵਿਦਿਆਰਥੀਆਂ ਨੇ ਪਿੰਡ ਵਿੱਚ ਐਨ. ਐਸ. ਐਸ ਦਾ ਕੈਂਪ ਲਾ ਕੇ ਪਿੰਡ ਦੀ ਸਫ਼ਾਈ ਕਰ ਦਿੱਤੀ। ਨਾਲ ਹੀ ਕਈ ਅਨਪੜ੍ਹ ਲੋਕਂ ਨੂੰ ਪੜ੍ਹਨਾ ਸਿਖਾਂ ਦਿੱਤਾ ਜਿਸ ਕਾਰਨ ਉਹਨਾਂ ਦੀ ਪ੍ਰਿਸੀਪਲ ਅਤੇ ਸਾਰੇ ਪਿੰਡ ਵਾਲਿਆਂ ਵਲੋਂ ਬੜੀ ਪ੍ਰਸ਼ੰਸ਼ਾ ਹੋ ਰਹੀ ਹੈ। ਸੱਚ ਹੀ ਕਿਹਾ ਗਿਆ ਹੈ ਕਿ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ।
- ਸੱਜਣ ਛੋੜੀਏ ਰੰਗ ਸਿਉ ਬਹੁੜ ਭੀ ਆਵਹਿ ਕੰਮ
ਜਦੋਂ ਮਾਸਟਰ ਸੁੰਦਰ ਸਿੰਘ ਦੀ ਬਦਲੀ ਹੋਈ ਤਾਂ ਹੈਡਮਾਸਟਰ ਸਾਹਬ ਨੇ ਕਿਹਾ "ਮਾਸਟਰ ਜੀ, ਸਾਡੇ ਪਾਸੋ ਕੋਈ ਗੁਸਤਾਖੀ ਹੋ ਗਈ ਹੋਵੇ ਤਾਂ ਮਨ ਵਿੱਚ ਨਹੀਂ ਰੱਖਣਾ। ਸਿਆਣਿਆਂ ਨੇ ਵੀ ਕਿਹਾ ਹੈ- ਸੱਜਣ ਛੋੜੀਏ ਰੰਗ ਸਿਉ ਬਹੁੜ ਭੀ ਆਵੇ ਕੰਮ।"
- ਸਵੈ ਭਰੋਸਾ ਵੱਡਾ ਤੋਸਾ
ਜਦੋਂ ਗੁਰਪ੍ਰੀਤ ਭਾਸ਼ਣ ਪ੍ਰਤੀਯੋਗਤਾ ਵਿੱਚ ਸ਼ਾਮਲ ਹੋਣ ਲੱਗੀ ਤਾਂ ਇੰਚਾਰਜ ਪ੍ਰੋਫ਼ੈਸਰ ਨੇ ਕਿਹਾ, "ਤੇਰੀ ਤਿਆਰੀ ਤਾਂ ਬਥੇਰੀ ਹੈ ਪਰ ਉੱਥੇ ਆਪਣਾ ਆਤਮ ਵਿਸ਼ਵਾਸ਼ ਕਾਇਮ ਰੱਖੀਂ, ਕਿਉਂਕਿ ਸਵੈਂ-ਭਰੋਸਾ ਵੱਡਾ ਤੋਸਾ।"
- ਸਾਰਾ ਜਾਂਦਾ ਵੇਖੀਏ ਅੱਧਾ ਦੇਈਏ ਵੰਡ
ਸੁਰਮੁਖ ਸਿੰਘ ਜ਼ੈਲਦਾਰ ਦੀ ਕੁਝ ਜ਼ਮੀਨ ਸੀਲਿੰਗ ਵਿੱਚ ਆਉਣ ਕਰਕੇ ਉਸ ਪਾਸੋਂ ਖੁਸ ਰਹੀ ਸੀ। ਉਸ ਨੇ ਇਹ ਸੋਚਦਿਆਂ ਕੁਝ ਜ਼ਮੀਨ ਸਕੂਲ ਨੂੰ ਦੇ ਦਿੱਤੀ ਕਿ ਸਾਰਾ ਜਾਂਦਾ ਵੇਖੀਏ, ਅੱਧਾ ਦੇਈਏ ਵੰਡ।
- ਸੁੱਤਿਆਂ ਦੇ ਕੱਟੇ ਜਾਗਦਿਆਂ ਦੀਆਂ ਕੱਟੀਆਂ
ਸੁਰਮੁਖ ਅਤੇ ਗੁਰਮੁਖ ਦੋਵੇਂ ਹੀ ਸਬਜ਼ੀ ਦੀ ਰੇਹੜੀ ਲਗਾਂਦੇ ਹਨ ਪਰ ਗੁਰਮੁਖ ਮੂੰਹ ਹਨੇਰੇ ਮੰਡੀ ਜਾ ਕੇ ਤਾਜ਼ੀ ਅਤੇ ਸਸਤੀ ਸਬਜ਼ੀ ਲੈ ਆਉਂਦਾ ਹੈ। ਬਹੁਤੇ ਗਾਹਕ ਵੀ ਉਸੇ ਦੀ ਦੁਕਾਨ ਤੇ ਜਾਂਦੇ ਹਨ। ਪਰ ਸੁਰਮੁਖ ਦੇਰ ਨਾਲ ਉੱਠਦਾ ਹੈ ਤੇ ਮੰਡੀ ਵਿੱਚ ਉਸਨੂੰ ਰਹਿੰਦ- ਖੂੰਹਦ ਸਬਜ਼ੀ ਮਿਲਦੀ ਹੈ ਜੋ ਛੇਤੀ ਵਿਕਦੀ ਨਹੀਂ। ਸੱਚ ਹੀ ਕਿਹਾ ਹੈ ਕਿ ਸੁੱਤਿਆਂ ਦੇ ਕੱਟੇ ਜਾਗਦਿਆਂ ਦੀਆ ਕੱਟੀਆਂ।
- ਸੇਰ ਦੁੱਧ ਤੇ ਵੀਹ ਸੇਰ ਪਾਣੀ ਘੁੰਮਰ-ਘੁੰਮਰ ਫਿਰੇ ਮਧਾਣੀ
ਮਿਸਜ ਸ਼ਰਮਾ ਆਪਣੇ ਅਮਰੀਕਾ ਗਏ ਪੁੱਤਰ ਦੀਆਂ, ਉਸ ਦੀ ਉਚੇਰੀ ਤਨਖ਼ਾਹ ਦੀਆਂ ਸਿਫਤਾਂ ਕਰਕੇ ਚਲੀ ਗਈ ਤਾਂ ਉਸ ਦੀ ਗੁਆਂਢਣ ਦੂਜੀ ਨੂੰ ਕਹਿਣ ਲੱਗੀ, "ਲੈ ਦੇਖ ਸੇਰ ਦੁੱਧ ਤੇ ਵੀਹ ਸੇਰ ਪਾਣੀ ਘੁੰਮਰ-ਘੁੰਮਰ ਫਿਰੇ ਮਧਾਣੀ' ਜਿਵੇਂ ਕਿਸੇ ਨੂੰ ਪਤਾ ਨਹੀਂ ਕਿ ਇਹਦਾ ਮੁੰਡਾ ਉੱਥੇ ਕਿਸੇ ਹੋਟਲ ਵਿੱਚ ਸਫ਼ਾਈ ਦਾ ਕੰਮ ਕਰਦਾ ਹੈ।"
- ਹੱਥ ਨੂੰ ਹੱਥ ਧੋਂਦਾ ਹੈ
ਗਿਆਨੀ ਜੀ ਨੇ ਅਨੰਦ ਕਾਰਜ ਸਮੇਂ ਨਵੀਂ ਵਿਆਹੀ ਜੋੜੀ ਨੂੰ ਸਿੱਖਿਆਂ ਦਿੰਦਿਆ ਕਿਹਾ "ਬੱਚਿਓ । ਤੁਸੀਂ ਧਿਆਨ ਰੱਖਣਾ ਪਤੀ ਪਤਨੀ ਵਿੱਚੋਂ ਕੋਈ ਵੀ ਦੁਖੀ ਹੋਵੇ ਤਾਂ ਇੱਕਲੇ-ਇੱਕਲੇ ਖ਼ੁਸ਼ ਨਹੀਂ ਰਹਿ ਸਕੋਗੇ। ਜੇ ਤੁਸੀ ਦੋਵੇਂ ਇੱਕ ਦੂਜੇ ਨੂੰ ਖ਼ੁਸ਼ ਰੱਖਣ ਦੀ ਕੋਸ਼ਿਸ਼ ਕਰੋਗੇ ਤਾ ਹੀ ਖ਼ੁਸ਼ ਰਹੋਗੇ। ਇਹ ਜਿੰਦਗੀ ਦੀ ਅਟੱਲ ਸਚਾਈ ਹੈ ਕਿ ਹੱਥ ਨੂੰ ਹੱਥ ਧੋਂਦਾ ਹੈ।
- ਹੱਥਾਂ ਬਾਝ ਕਰਾਰਿਆਂ ਵੈਰੀ ਮਿੱਤ ਨਾ ਹੋਣ
ਸ. ਹਰੀ ਸਿੰਘ ਨਲੂਆਂ ਨੇ ਆਪਣੀ ਫ਼ੌਜ ਦੇ ਜੁਆਨਾਂ ਨੂੰ ਲਲਕਾਰ ਕੇ ਕਿਹਾ,"ਇਹ ਪਠਾਣ ਹਮਲਾਵਰ ਤੁਹਾਨੂੰ ਲੁੱਟਦੇ ਰਹੇ ਹਨ। ਹੁਣ ਇਹਨਾਂ ਨੂੰ ਤਕੜੇ ਹੋ ਕੇ ਸਬਕ ਸਿਖਾਓ, ਕਿਉਕਿ ਹੱਥਾਂ ਬਾਝ ਕਰਾਰਿਆਂ ਵੈਰੀ ਮਿੱਤ ਨਾ ਹੋਣ।"
- ਹਰ ਕੋਈ ਤਾਜ਼ਾ ਲਿੱਪਿਆ ਵੇਖਦਾ ਹੈ
"ਮੂਲ ਚੰਦ ਜੀ, ਇਹ ਪਰਵਾਰ ਦੀ ਹੁਣ ਭਾਵੇਂ ਹਾਲਤ ਚੰਗੀ ਨਹੀਂ, ਪਰ ਇਹ ਖਾਨਦਾਨੀ ਪਰਵਾਰ ਹੈ ਅਤੇ ਰਿਸ਼ਤਾਂ ਕਰਨ ਯੋਗ ਹੈ।" ਸੁੰਦਰ ਸਿੰਘ ਨੇ ਕਿਹਾ। ਅੱਗੋਂ ਮੂਲ ਚੰਦ ਬੋਲਿਆਂ, "ਹੁਣ ਕੇਣ ਪੁਰਾਣੀਆਂ ਖਾਨਦਾਨੀਆਂ ਵੇਖਦਾ ਹੈ, ਹੁਣ ਤਾਂ ਹਰ ਕੋਈ ਤਾਜ਼ਾ ਲਿੱਪਿਆਂ ਵੇਖਦਾ ਹੈ। ਮੈਂ ਤਾਂ ਕੁੜੀ ਉਸ ਘਰ ਵਿਆਹਾਂਗਾਂ ਜਿੱਥੇ ਕੁਝ ਖੁਸ਼ਹਾਲੀ ਹੋਵੇ।"
- ਹਾਥੀ ਜਿਉਂਦਾ ਲੱਖ ਦਾ ਮਰਿਆ ਸਵਾ ਲੱਖ ਦਾ
ਅਹਿਮਦ ਖ਼ਾਨ ਕੋਲ ਪੁਰਾਣੀ ਕਾਰ ਸੀ 1880 ਦਾ ਮਾਡਲ। ਉਸ ਦੇ ਦਾਦਾ ਜੀ ਅਤੇ ਬਾਪੂ ਜੀ ਨੇ ਬਥੇਰੀ ਚਲਾਈ। ਪਰ ਹੁਣ ਇਹ ਕਾਰ ਅਜਾਈਬ ਘਰ ਵਾਲਿਆਂ ਨੇ ਚੰਗੀ ਕੀਮਤ ਦੇ ਕੇ ਖ਼ਰੀਦ ਲਈ। ਇਹ ਤਾਂ ਉਹ ਗੱਲ ਹੋਈ, 'ਹਾਥੀ ਜਿਊਂਦਾ ਲੱਖ ਦਾ ਮਰਿਆ ਸਵਾ ਲੱਖ ਦਾ।'
- ਹਿੰਗ ਲਗੇ ਨਾ ਫਟਕੜੀ ਰੰਗ ਚੋਖਾ ਆਵੇ
ਸੰਤ ਜੀ ਉਪਦੇਸ਼ ਦਿੰਦਿਆ ਕਹਿਣ ਲੱਗੇ, "ਬੱਚਿਓ ਮਿੱਠਾ ਬੋਲਣਾ ਸਿੱਖੋ। ਇਸ ਨਾਲ ਤੁਹਾਡਾ ਕੁਝ ਘਟ ਨਹੀਂ ਜਾਂਦਾ ਪਰ ਤੁਹਾਨੂੰ ਹਾਸਲ ਬੜਾ ਕੁਝ ਹੋ ਜਾਂਦਾ ਹੈ। ਮਿੱਠਾ ਬੋਲਣ ਦੀ ਤਾਂ ਉਹੀ ਗੱਲ ਹੈ, "ਹਿੰਗ ਲਗੇ ਨਾ ਫਟਕੜੀ ਰੰਗ ਚੋਖਾ ਆਵੇ।"
- ਕੱਲ੍ਹ ਕਰਨਾ ਸੋ ਅੱਜ ਕਰ, ਅੱਜ ਕਰਨਾ ਸੋ ਹੁਣ। ਉਮਰ ਹੱਡਾਂ ਨੂੰ ਖਾ ਰਹੀ ਜਿਉਂ ਲੱਕੜੀ ਨੂੰ ਘੁਣ
ਜਦੋਂ ਸੁਰਿੰਦਰ ਦੂਜੇ ਦਿਨ ਵੀ ਸਕੂਲੋਂ ਮਿਲਿਆ ਘਰ ਦਾ ਕੰਮ ਨਾ ਕਰ ਕੇ ਲਿਆਇਆ ਤੇ ਕਹਿਣ ਲੱਗਾ, 'ਜੀ ਮੈਂ ਲਕ ਕਰਕੇ ਲਿਆਵਾਂਗਾ'। ਤਾਂ ਮਾਸਟਰ ਜੀ ਨੇ ਨਸੀਹਤ ਦਿੰਦਿਆ ਕਿਹਾ, "ਅੱਜ ਦਾ ਕੰਮ ਅੱਜ ਹੀ ਕਰਨ ਦੀ ਆਦਤ ਪਾਓ। ਤੁਸੀਂ ਨਹੀਂ ਸੁਣਿਆ- ਕੱਲ੍ਹ ਕਰਨਾ ਸੋ ਅੱਜ ਕਰ, ਅੱਜ ਕਰਨਾ ਸੋ ਹੁਣ। ਉਮਰ ਹੱਡਾਂ ਨੂੰ ਖਾ ਰਹੀ ਜਿਉਂ ਲੱਕੜੀ ਨੂੰ ਘੁਣ।"
- ਕੁੱਤਾ ਭੌਂਕੇ ਬੱਦਲ ਗੱਜੇ, ਨਾ ਉਹ ਵੱਢੇ ਨਾ ਉਹ ਵੱਸੇ
"ਅਧਿਕਾਰੀ ਰੌਲਾ ਤਾਂ ਬਹੁਤ ਪਾਉਂਦੇ ਹਨ ਕਿ ਉਹ ਕਾਲੇ ਧੰਦੇ ਕਰਨ ਵਾਲਿਆਂ ਦੇ ਖ਼ਿਲਾਫ ਕਾਨੂੰਨੀ ਕਾਰਵਾਈ ਕਰਨਗੇ ਪਰ ਅਮਲ ਵਿੱਚ ਕੁਝ ਵੀ ਨਹੀਂ ਹੁੰਦਾ। ਉਹਨਾਂ ਦਾ ਤਾ ਉਹ ਹਾਲ ਹੈ- ਕੁੱਤਾ ਭੌਂਕੇ ਬੱਦਲ ਗੱਜੇ,ਨਾ ਉਹ ਵੱਢੇ ਨਾ ਉਹ ਵੱਸੇ।" ਚੋਣਾ ਵੇਲੇ ਵਿਰੋਧੀ ਧਿਰ ਦੇ ਨੇਤਾ ਨੇ ਭਾਸ਼ਣ ਵਿੱਚ ਕਿਹਾ।
- ਕੁੱਤੇ ਭੌਂਕਦੇ ਰਹਿੰਦੇ ਹਨ ਹਾਥੀ ਲੰਘ ਜਾਂਦੇ ਹਨ
ਬਾਬਾ ਹਰਬੰਸ ਸਿੰਘ ਜੀ ਸਾਦਾ ਵਿਆਹ ਕਰਨ ਦੇ ਹੱਕ ਵਿੱਚ ਅਤੇ ਦਾਜ ਦਹੇਜ ਦੇ ਖ਼ਿਲਾਫ਼ ਡਟ ਕੇ ਪ੍ਰਚਾਰ ਕਰਦੇ ਰਹਿੰਦੇ। ਜਦੋਂ ਉਹਨਾਂ ਦੇ ਵਿਰੋਧੀ ਉਹਨਾਂ ਦੇ ਖ਼ਿਲਾਫ਼ ਬੋਲਦੇ ਤਾਂ ਬਾਬਾ ਜੀ ਦ੍ਰਿੜਤਾ ਨਾਲ ਕਹਿੰਦੇ, "ਕੁੱਤੇ ਭੌਂਕਦੇ ਰਹਿੰਦੇ ਹਨ ਹਾਥੀ ਲੰਘ ਜਾਂਦੇ ਹਨ।"
- ਖ਼ਰਬੂਜੇ ਨੂੰ ਵੇਖ ਕੇ ਖ਼ਰਬੂਜਾ ਰੰਗ ਫੜਦਾ ਹੈ
ਹਰਨੇਕ ਸਿੰਘ ਦੀ ਭੂਆ ਸੂਟਡ ਬੂਟਡ ਹਰਨੇਕ ਸਿੰਘ ਵੱਲ ਵੇਖ ਕੇ ਬੋਲੀ, "ਇਹ ਪਹਿਲਾਂ ਤਾਂ ਸਿੱਧਾ ਸਾਦਾ ਸੀ ਪਰ ਕਾਲਜ ਜਾ ਕੇ ਹੋਰ ਮੁੰਡਿਆਂ ਦੀ ਰੀਸੋ-ਰੀਸੀ ਬਹੁਤ ਫੈਸ਼ਨ ਕਰਨ ਲੱਗ ਪਿਆ ਹੈ।" ਕੋਲੋ ਗੁਆਂਢਣ ਨੇ ਕਿਹਾ, "ਭੈਣਾਂ, ਖ਼ਰਬੂਜੇ ਨੂੰ ਵੇਖ ਕੇ ਖ਼ਰਬੂਜਾ ਰੰਗ ਫੜਦਾ ਹੈ।"
- ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ
ਅੱਜ-ਕੱਲ੍ਹ ਬਹੁਤੇ ਲੋਕੀ ਆਪਣੀ ਕਮਾਈ ਵਿੱਚੋਂ ਪੈਸਾ ਬਚਾ ਕੇ ਬਚਤ ਯੋਜਨਾਵਾਂ ਵਿੱਚ ਲਗਵਾਉਣ ਵਿੱਚ ਯਕੀਨ ਰੱਖਦੇ ਹਨ। ਹੁਣ ਉਹ ਸਮਾਂ ਨਹੀਂ ਰਿਹਾ ਜਦੋਂ ਲੋਕ ਕਹਿੰਦੇ ਹੁੰਦੇ ਸਨ 'ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ।'
- ਖਿੱਦੋ ਫੋਲਿਆਂ ਲੀਰਾਂ ਹੀ ਨਿਕਲਣੀਆਂ ਹਨ
ਦੋਹਾਂ ਭਰਾਵਾਂ ਵਿੱਚ ਜ਼ਮੀਨ ਦੇ ਝਗੜੇ ਨੂੰ ਨਿਪਟਾਉਣ ਤੋਂ ਬਾਅਦ ਸਰਪੰਚ ਨੇ ਕਿਹਾ "ਆਪਸੀ ਸਹਿਮਤੀ ਨਾਲ ਮਸਲੇ ਸੁਲਝਾਉਣੇ ਹੀ ਠੀਕ ਹਨ। ਇੱਕ ਦੂਜੇ ਦੀਆਂ ਗਲਤੀਆਂ ਚਿਤਾਰਨ ਦੀ ਲੋੜ ਨਹੀ। ਤੁਹਾਨੂੰ ਪਤਾ ਹੀ ਹੈ 'ਖਿੱਦੋ ਫੋਲਿਆਂ ਲੀਰਾਂ ਹੀ ਨਿਕਲਣੀਆਂ ਹਨ।'
- ਖੋਤੇ ਨੂੰ ਦਿੱਤਾ ਲੂਣ ਖੋਤਾ ਕਹਿੰਦਾ ਮੇਰੀ ਅੱਖ ਭੰਨ ਦਿੱਤੀ
ਸਕੂਲ ਵਿੱਚ ਚੇਚਕ ਤੋਂ ਬਚਾਅ ਲਈ ਬੱਚਿਆ ਨੂੰ ਟੀਕੇਂ ਲਾਏ ਗਏ। ਜਦੋਂ ਜੈਲੇ ਦੀ ਮਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਸਕੂਲ ਮਾਸਟਰ ਜੀ ਦੇ ਗੱਲ ਹੀ ਪੈ ਗਈ ਕਿ ਉਸ ਦੇ ਮੁੰਡੇ ਨੂੰ ਟੀਕਾ ਕਿਉਂ ਲਾਇਆ ਗਿਆ। ਮਾਸਟਰ ਜੀ ਨੇ ਕਿਹਾ "ਇਹ ਤਾਂ ਬੱਚਿਆਂ ਦੀ ਭਲਾਈ ਲਈ ਹੈ। ਤੁਸੀਂ ਤਾਂ ਉਹ ਗੱਲ ਕਰ ਰਹੇ ਹੋ ਕਿ ਖੋਤੇ ਨੂੰ ਦਿੱਤਾ ਲੂਣ ਖੋਤਾ ਕਹਿੰਦਾ ਮੇਰੀ ਅੱਖ ਭੰਨ ਦਿੱਤੀ।"
- ਗਰਮ ਪਾਣੀ ਵੀ ਅੱਗ ਬੁਝਾ ਦਿੰਦਾ ਹੈ
ਬਲਵੰਤ ਸਿੰਘ ਨੇ ਕਿਹਾ "ਬਾਪੂ ਜੀ, ਮੇਰਾ ਭਰਾ ਤਾਂ ਮੇਰੇ ਨਾਲ ਲੜਿਆ ਹੋਇਆ ਹੈ ਉਹ ਇਸ ਔਖੇ ਸਮੇਂ ਮੇਰੀ ਮਦਦ ਨਹੀਂ ਕਰਨ ਲੱਗਾ।" ਬਾਪੂ ਜੀ ਨੇ ਕਿਹਾ "ਪੁੱਤਰ ਤੂੰ ਉਸ ਕੋਲ ਜਾ ਤਾਂ ਸਹੀ, ਉਹ ਤੇਰੀ ਮਦਦ ਜ਼ਰੂਰ ਕਰੇਗਾ। ਕਹਾਵਤ ਹੈ ਨਾ ਪਈ, ਗਰਮ ਪਾਣੀ ਵੀ ਅੱਗ ਬੁਝਾ ਦਿੰਦਾ ਹੈ।"
- ਗਰੀਬ ਦੀ ਜੁਆਨੀ ਤੇ ਪੋਹ ਦੀ ਚਾਨਣੀ ਐਵੇਂ ਲੰਘ ਜਾਂਦੀ ਹੈ
ਸੰਤੋਖ ਸਿੰਘ ਦੀ ਜੁਆਨੀ ਤਾਂ ਆਪਣੀਆਂ ਭੈਣਾਂ ਦੇ ਵਿਆਹ ਕਰਨ ਵਿੱਚ ਹੀ ਲੰਘ ਗਈ। ਹੁਣ ਉਸ ਨੂੰ ਆਪਣੇ ਲਈ ਕੋਈ ਰਿਸ਼ਤਾ ਨਹੀਂ ਆਉਂਦਾ। ਲੋਕ ਉਸ ਵੱਲ ਵੇਖ ਕੇ ਕਹਿੰਦੇ ਹਨ, "ਗਰੀਬ ਦੀ ਜੁਆਨੀ ਤੇ ਪੋਹ ਦੀ ਚਾਨਣੀ ਐਵੇਂ ਲੰਘ ਜਾਂਦੀ ਹੈ।"
- ਗਿੱਦੜ ਦੀ ਮੌਤ ਆਉਂਦੀ ਹੈ ਤਾਂ ਉਹ ਸ਼ਹਿਰ ਵੱਲ ਭੱਜਦਾ ਹੈ
ਦੁੱਲੇ ਦੀਆਂ ਸਰਕਾਰੀ ਲੁੱਟਾਂ ਖੋਹਾਂ ਨੂੰ ਸੁਨ-ਸੁਣ ਕੇ ਬਾਦਸ਼ਾਹ ਰੋਹ ਵਿੱਚ ਆ ਗਿਆ ਤੇ ਕਹਿਣ ਲੱਗਾ, "ਮੇਰੇ ਬਹਾਦਰ ਸਰਦਾਰੋ ਦੁੱਲੇ ਨੂੰ ਮੁਸ਼ਕਾਂ ਬੰਨ੍ਹ ਕੇ ਦਰਬਾਰ ਵਿੱਚ ਲਿਆਓ। ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਤਾਂ ਉਹ ਸ਼ਹਿਰ ਵੱਲ ਭੱਜਦਾ ਹੈ। ਦੁੱਲ੍ਹੇ ਦਾ ਦਿਮਾਗ ਖਰਾਬ ਹੋ ਗਿਆ ਲੱਗਦਾ ਹੈ।"
- ਘਰ ਦਾ ਸੜਿਆ ਵਣ ਗਿਆ ਵਣ ਨੂੰ ਲੱਗੀ ਅੱਗ
ਸੁੰਦਰ ਸਿੰਘ ਪਿੰਡ ਵਿੱਚ ਮਜ਼ਦੂਰੀ ਨਾਲ ਗੁਜ਼ਾਰਾ ਕਰਨ ਦੀ ਔਖਿਆਈ ਕਰਕੇ ਸ਼ਹਿਰ ਗਿਆ ਪਰ ਸ਼ਹਿਰ ਦੇ ਖਰਚਿਆਂ ਕਾਰਨ ਉਹ ਹੋਰ ਵੀ ਦੁਖੀ ਹੋ ਗਿਆ। ਉਸ ਨਾਲ ਤਾਂ ਉਹ ਹੋਈ 'ਘਰ ਦਾ ਸੜਿਆ ਵਣ ਗਿਆ ਵਣ ਨੂੰ ਲੱਗੀ ਅੱਗ।'
- ਘਰ ਵਸਦਿਆਂ ਦੇ, ਸਾਕ ਮਿਲਦਿਆਂ ਦੇ ਤੇ ਖੇਤ ਵਾਹੁੰਦਿਆਂ ਦੇ
ਚੰਡੀਗੜ੍ਹ ਰਹਿੰਦੇ ਅਜ਼ਮੇਰ ਸਿੰਘ ਨੂੰ ਉਸ ਦਾ ਫੁੱਫੜ ਮਿਲਣ ਆਇਆ। ਉਸ ਨੇ ਕਿਹਾ, "ਬਾਈ ਅਜ਼ਮੇਰ ਕਦੀ ਪਿੰਡ ਮਿਲਣ ਆ ਜਾਇਆ ਕਰ। ਸਿਆਣਿਆ ਨੇ ਕਿਹਾ ਹੈ, ਘਰ ਵਸਦਿਆਂ ਦੇ, ਸਾਕ ਮਿਲਦਿਆਂ ਦੇ ਤੇ ਖੇਤ ਵਾਹੁੰਦਿਆਂ ਦੇ।"
- ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਤਿਹਾਇਆ
ਮਨਮੋਹਨ ਨੇ ਕਿਸੇ ਸ਼ਬਦ ਦਾ ਅਰਥ ਵੇਖਣ ਲਈ ਡਿਕਸ਼ਨਰੀ ਕੱਢੀ ਤਾਂ ਸੋਹਣ ਕਹਿਣ ਲੱਗਾ, "ਜ਼ਰਾ ਮੈਨੂੰ ਦੇਈਂ ਮੈਂ ਵੀ ਇੱਕ ਸ਼ਬਦ ਦੇ ਅਰਥ ਵੇਖਣੇ ਹਨ।" ਭਲਿੰਦਰ ਨੇ ਵੀ ਡਿਕਸ਼ਨਰੀ ਲਈ ਆਵਾਜ਼ ਮਾਰ ਦਿੱਤੀ। ਮਨਮੋਹਨ ਨੇ ਕਿਹਾ ਇਹ ਤਾਂ ਉਹ ਗੱਲ ਹੋਈ, ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਤਿਹਾਇਆ।
- ਚਾਹੇ ਛੁਰੀ ਖ਼ਰਬੂਜੇ ਉੱਤੇ ਡਿੱਗੇ ਚਾਹੇ ਖ਼ਰਬੂਜਾ ਛੁਰੀ ਉੱਤੇ, ਨੁਕਸਾਨ ਖ਼ਰਬੂਜੇ ਦਾ
ਅੱਜ ਦੇ ਵਪਾਰਿਕ ਯੁੱਗ ਵਿੱਚ ਗਰੀਬ ਕਿਰਸਾਣ ਭਾਵੇਂ ਵੇਚੇ ਤੇ ਭਾਵੇਂ ਖ਼ਰੀਦੇ ਉਸਦਾ ਨਿਕਸਾਨ ਹੀ ਨੁਕਸਾਨ ਹੈ। ਜੇ ਉਹ ਅਨਾਜ ਵੇਚਦਾ ਹੈ ਤਾਂ ਸਸਤਾ ਵੇਚਣਾ ਪੈਂਦਾ ਹੈ ਜੇ ਲੋੜ ਪੈਣ ਤੇ ਖ਼ਰੀਦ ਦਾ ਹੈ ਤਾਂ ਮਹਿੰਗਾ ਖ਼ਰੀਦਣਾ ਪੈਂਦਾ ਹੈ। ਉਹਦਾ ਤਾਂ ਉਹੀ ਹਾਲ ਹੈ ਚਾਹੇ ਛੁਰੀ ਖ਼ਰਬੂਜੇ ਉੱਤੇ ਡਿੱਗੇ ਚਾਹੇ ਖ਼ਰਬੂਜਾ ਛੁਰੀ ਉੱਤੇ, ਨੁਕਸਾਨ ਖ਼ਰਬੂਜੇ ਦਾ ਹੀ ਹੁੰਦਾ ਹੈ।
- ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ
ਦੁਨੀਆਂ ਦੇ ਵੱਡੇ ਮੁਲਕ ਆਪਣੇ ਹਥਿਆਰਾਂ ਦੀ ਪਰਖ ਲਈ ਹੀ ਛੋਟੇ ਛੋਟੇ ਦੇਸ਼ਾ ਵਿੱਚ ਲੜਾਈਆਂ ਕਰਵਾਉਂਦੇ ਹਨ। ਹਥਿਆਰਾਂ ਨਾਲ ਜਿੰਨਾ ਵਧੇਰੇ ਨੁਕਸਾਨ ਹੁੰਦਾ ਹੈ ਉਨਾ ਹੀ ਹਥਿਆਰ ਵੇਚਣ ਵਾਲੇ ਖੁਸ਼ ਹੁੰਦੇ ਹਨ ਉਹਨਾਂ ਦੀ ਤਾਂ ਉਹੀ ਗੱਲ ਹੈ 'ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ।'
- ਚੋਰ ਤੇ ਲਾਠੀ ਦੋ ਜਣੇ ਮੈਂ ਤੇ ਭਾਈਆ ਕੱਲੇ
ਜਦੋਂ ਗੁਰਿੰਦਰ ਅਤੇ ਸੁਰਿੰਦਰ ਨੂੰ ਸਰਪੰਚ ਨੇ ਪੁੱਛਿਆ, "ਜਦੋਂ ਤੁਸੀਂ ਚੋਰ ਨੂੰ ਚੋਰੀ ਕਰਦਿਆ ਵੇਖ ਹੀ ਲਿਆ ਸੀ ਤਾਂ ਫੜਿਆ ਕਿਉ ਨਾ।" ਤਾਂ ਗੁਰਿੰਦਰ ਸਿੰਘ ਬੋਲਿਆ, "ਸਾਨੂੰ ਡਰ ਸੀ ਕਿ ਚੋਰ ਕੋਲ ਕੋਈ ਹਥਿਆਰ ਹੋਵੇਗਾ।" ਸਰਪੰਚ ਨੇ ਹੱਸ ਕੇ ਕਿਹਾ, "ਬੱਲੇ ਉਏ ਬਹਾਦਰੋ, ਅਖੇ, ਚੋਰ ਤੇ ਲਾਠੀ ਦੋ ਜਣੇ, ਮੈਂ ਤੇ ਭਾਈਆ ਕੱਲੇ।"
- ਛੱਜ ਤਾਂ ਬੋਲੇ ਛਾਣਨੀ ਕਿਉਂ ਬੋਲੇ
ਵਲੈਤੀ ਲਾਲ ਨੇ ਸ਼ਾਮ ਦਾਸ ਉੱਪਰ ਮਿਲਾਵਟੀ ਚੀਜ਼ਾ ਵੇਚਣ ਦਾ ਦੋਸ਼ ਲਾਇਆ ਤਾਂ ਕੋਲੋਂ ਨਰਾਇਣ ਸਿੰਘ ਨੇ ਕਿਹਾ,"ਵਲੈਤੀ ਲਾਲ ਤੂੰ ਚੁੱਪ ਕਰ, ਤੂੰ ਤਾਂ ਆਪ ਅਜੇ ਜ਼ਖੀਰੇਬਾਜ਼ ਹੋਣ ਦੇ ਦੋਸ਼ ਵਿੱਚ ਪੇਸ਼ੀਆਂ ਭੁਗਤ ਰਿਹਾ ਹੈ। ਅਖੇ, ਛੱਜ ਤਾਂ ਬੋਲੇ ਛਾਣਨੀ ਕਿਉਂ ਬੋਲੇ।"
- ਜਾਂ ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ
ਸਰਨ ਸਿੰਘ ਬਾਰੇ ਮੈਂ ਸੁਣਿਆ ਸੀ ਕਿ ਉਹ ਬੜਾ ਸਖ਼ਤ ਆਦਮੀ ਹੈ। ਪਰ ਜਦੋਂ ਮੈਂ ਉਸ ਨੂੰ ਮਿਲਿਆ ਤਾਂ ਉਹ ਬੜਾ ਮਿਲਣਸਾਰ ਤੇ ਕੰਮ ਆਉਣ ਵਾਲਾ ਬੰਦਾ ਨਿਕਲਿਆ। ਸੱਚ ਹੀ ਕਿਹਾ ਹੈ, ਜਾਂ ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ।
- ਜਾਂਦੇ ਚੋਰ ਦੀ ਲੰਗੋਟੀ ਹੀ ਸਹੀ
ਜਦੋਂ ਕਿਰਾਏਦਾਰ ਦੋ ਮਹੀਨੇ ਦਾ ਕਿਰਾਇਆ ਮਾਰ ਕੇ ਚੋਰੀਂ ਮਕਾਨ ਖਾਲੀ ਕਰ ਗਿਆ ਤਾਂ ਕਮਰੇ ਵਿੱਚ ਉਸ ਦੇ ਦੋ ਮੰਜੇ ਰਹਿ ਗਏ ਦੇਖ ਕੇ ਮਕਾਨ ਮਾਲਕ ਨੇ ਕਿਹਾ, "ਚਲੋ ਇਹਨਾ ਨੂੰ ਤਾਂ ਕਾਬੂ ਕਰੋ। ਅਖੇ ਜਾਂਦੇ ਚੋਰ ਦੀ ਲੰਗੋਟੀ ਹੀ ਸਹੀ।"
- ਜਿਉਂ ਜਿਉਂ ਨੇੜੇ ਤਿਉਂ ਤਿਉਂ ਪੀੜ (ਜਾਂ ਜਿੰਨਾ ਜਿੰਨਾ ਸਾਕ ਓਨਾ ਓਨਾ ਸੇਕ)
ਪਿਛਲੇ ਦਿਨੀਂ ਪੰਜਾਬ ਵਿੱਚ ਹੜ੍ਹ ਆਏ ਤਾਂ ਪੰਜਾਬੋਂ ਬਾਹਰ ਬੈਠੇ ਲੋਕ ਆਪਣੇ ਪੰਜਾਬ ਦੇ ਪਿੰਡਾਂ ਦਾ ਹਾਲ ਚਾਲ ਜਾਨਣ ਲਈ ਕਾਹਲੇ ਸਨ। ਕੋਈ ਕਿਸੇ ਪਿੰਡ ਬਾਰੇ ਪੁੱਛਦਾ ਕੋਈ ਕਿਸੇ ਪਿੰਡ ਬਾਰੇ ਠੀਕ ਹੀ ਹੈ ਜਿਉਂ ਜਿਉਂ ਨੇੜ ਤਿਉਂ ਤਿਉਂ ਪੀੜ। ਜਾਂ ਆਮ ਮਨੁੱਖਾਂ ਅਤੇ ਮਹਾਂਪੁਰਖਾਂ ਵਿੱਚ ਇਹੀ ਫ਼ਰਕ ਹੁੰਦਾ ਹੈ- ਆਮ ਮਨੁੱਖ ਤਾਂ 'ਜਿੰਨਾ ਜਿੰਨਾ ਸਾਕ ਉੱਨਾ ਉੱਨਾ ਸੇਕ ਵਾਲੇ ਹਿਸਾਬ ਨਾਲ ਆਪਣਿਆ ਦੀ ਚਿੰਤਾ ਕਰਦੇ ਹਨ ਪਰ ਮਹਾਂਪੁਰਖ ਸਾਰੀ ਲੁਕਾਈ ਦਾ ਭਲਾ ਲੋੜਦੇ ਹਨ।
- ਜਿਸ ਦੀ ਕੋਠੀ ਦਾਣੇ ਉਸ ਦੇ ਕਮਲੇ ਵੀ ਸਿਆਣੇ
ਦਿਆਲ ਸਿੰਘ ਕੋਰਾ ਅਨਪੜ੍ਹ ਹੈ। ਪਰ ਵੱਡਾ ਧਨੀ ਹੋਣ ਕਰਕੇ ਸਕੂਲ ਦੀ ਕਮੇਟੀਂ ਦਾ ਪ੍ਧਾਨ ਬਣ ਗਿਆ ਤੇ ਅਧਿਆਪਕਾਂ ਨੂੰ ਸੌ ਸੌ ਮੱਤਾ ਦੇਣ ਲੱਗਾ। ਇਹ ਵੇਖ ਕੇ ਇੱਕ ਬਜੁਰਗ ਨੇ ਕਿਹਾ, "ਜਿਸ ਦੀ ਕੋਠੀ ਦਾਣੇ ਉਸ ਦੇ ਕਮਲੇ ਵੀ ਸਿਆਣੇ।"
- ਜਿਹੜਾ ਛੱਡੀਏ ਗਿਰਾਂ ਉਹਦਾ ਲਈਏ ਨਾ ਨਾਂ
ਦੇਸ ਵੰਡ ਸਮੇਂ ਜਿਹੜੇਂ ਲੋਕ ਪਾਕਿਸਤਾਨ ਵਿੱਚੋਂ ਆਏ ਸਨ ਉਹ ਅਜੇ ਵੀ ਕਈ ਵਾਰ ਆਪਣੇ ਪੁਰਾਣੇ ਪਿੰਡਾਂ ਬਾਰੇ ਸੋਚ ਕੇ ਉਦਾਸ ਹੋ ਜਾਂਦੇ ਹਨ। ਫਿਰ ਕੋਈ ਧਰਵਾਸ ਦਿੰਦਾ ਕਹਿੰਦਾ ਹੈ, "ਚਲੋ ਜਿਹੜਾ ਛੱਡੀਏ ਗਿਰਾਂ ਉਹਦਾ ਲਈਏ ਨਾ ਨਾਂ।"
- ਜੇ ਗੁੜ ਖਵਾਏ ਮਰੇ ਤਾਂ ਵਿਹੁ ਦੇਣ ਦੀ ਕੀ ਲੋੜ ਏ
ਬਲਵੰਤ ਰਾਏ ਦਾਜ-ਦਹੇਜ ਦੀ ਬੁਰਾਈ ਤੋਂ ਦੁਖੀ ਹੋਇਆ ਕਹਿਣ ਲੱਗਿਆ, "ਇਸ ਬੁਰਾਈ ਨੂੰ ਜੜੋਂ ਪੁੱਟਣ ਲਈ ਕਰੜੇ ਕਾਨੂੰਨ ਬਣਨੇ ਚਾਹੀਦੇ ਹਨ।" ਤਦ ਮੁੱਖ ਅਧਿਆਪਕ ਜੀ ਨੇ ਕਿਹਾ ਕਿ "ਇਸ ਕੁਰੀਤੀ ਨੂੰ ਦੂਰ ਕਰਨ ਲਈ ਵਿੱਦਿਆ ਦਾ ਪਸਾਰ ਹੀ ਕਾਫ਼ੀ ਹੈ।" ਕੋਲੋਂ ਸਤਵੰਤ ਬੋਲਿਆ, "ਆਹੋ ਜੇ ਗੁੜ ਖਵਾਏ ਮਰੇ ਤਾਂ ਵਿਹੁ ਦੇਣ ਦੀ ਕੀ ਲੋੜ ਹੈ?"
- ਜੋ ਰਾਤੀ ਜਾਗਣ ਕਾਲੀਆਂ ਸੋਈ ਖਾਣ ਸੁਖਾਲੀਆਂ
ਅਧਿਆਪਕ ਨੇ ਬੱਚਿਆ ਨੂੰ ਸਖ਼ਤ ਮਿਹਨਤ ਤੇ ਲਗਨ ਦੀ ਆਦਤ ਪਾਉਣ ਲਈ ਸਿੱਖਿਆ ਦਿੰਦਿਆਂ ਕਿਹਾ, "ਜਿਹੜੇ ਵਿਦਿਆਰਥੀ ਹੁਣੇ ਤੋਂ ਹੀ ਸਖ਼ਤ ਮਿਹਨਤ ਕਰਨ ਦੀ ਜਾਂਚ ਸਿੱਖ ਲੈਂਦੇ ਹਨ ਉਹ ਜਿੰਦਗੀ ਵਿੱਚ ਹਮੇਸ਼ਾ ਕਾਮਯਾਬ ਰਹਿੰਦੇ ਹਨ। ਸਿਆਣਿਆਂ ਦਾ ਕਥਨ ਹੈ- ਜੋ ਰਾਤੀ ਜਾਗਣ ਕਾਲੀਆਂ ਸੋਈ ਖਾਣ ਸੁਖ਼ਾਲੀਆਂ।"
- ਟੁੱਟੀਆਂ ਬਾਹਾਂ ਗਲ ਨੂੰ ਆਉਂਦੀਆਂ ਹਨ
ਸਵਰਨ ਸਿੰਘ ਅਤੇ ਭਜਨ ਸਿੰਘ ਦੋਹਾਂ ਭਰਾਵਾਂ ਵਿੱਚ ਆਪਸੀ ਬੋਲ-ਚਾਲ ਬੰਦ ਸੀ। ਭਜਨ ਸਿੰਘ ਦਾ ਐਕਸੀਡੈਂਟ ਹੋਈਆ ਤਾਂ ਉਹਦਾ ਗੁਜ਼ਾਰਾ ਚਲਣਾ ਮੁਸ਼ਕਲ ਹੋ ਗਿਆ। ਉਹਦੀ ਹਾਲਤ ਬਾਰੇ ਜਾਣ ਕੇ ਸਵਰਨ ਸਿੰਘ ਉਸ ਕੋਲ ਮਦਦ ਲੈ ਕੇ ਹਾਜ਼ਰ ਹੋਇਆ। ਤਦ ਸੰਤ ਸਿੰਘ ਨੇ ਕਿਹਾ,"ਭਜਨ ਸਿੰਹਾਂ, ਤੂੰ ਸਤਵੰਤ ਸਿੰਘ ਨੂੰ ਸੁਨੇਹਾ ਵੀ ਨਹੀਂ ਭੇਜਿਆ, ਉਹ ਫਿਰ ਤੇਰੇ ਦੁੱਖ ਵਿੱਚ ਕੰਮ ਆਇਆ ਹੈ। ਸਿਆਣਿਆਂ ਸੱਚ ਕਿਹਾ ਹੈ ਅਖੇ ਟੁੱਟੀਆ ਬਾਹਾਂ ਗਲ ਨੂੰ ਹੀ ਆਉਂਦੀਆਂ ਹਨ।"
- ਠੂਠਾ ਫੁੱਟ ਕੇ ਛੰਨਾ ਮਿਲਿਆ
ਯੂਸਫ ਅਲੀ ਬੜੀ ਦੇਰ ਨੌਕਰੀ ਦੀ ਭਾਲ ਵਿੱਚ ਰਿਹਾ। ਫਿਰ ਜਦੋਂ ਨੌਕਰੀ ਮਿਲੀ ਵੀ ਤਾਂ ਉਹ ਵੀ ਕੱਚੀ ਕੇਵਲ ਇੱਕ ਸਾਲ ਲਈ। ਇਸ ਨੌਕਰੀ ਦੇ ਹੱਟਣ ਤੇ ਉਸ ਨੇ ਹੋਰ ਕੋਈ ਚਾਰਾ ਨਾ ਵੇਖ ਕੇ ਫਲਾਂ ਦੀ ਇੱਕ ਛੋਟੀ ਜਿਹੀ ਦੁਕਾਨ ਪਾ ਲਈ। ਦੁਕਾਨ ਚੱਲ ਪਈ ਤੇ ਹੁਣ ਉਸ ਦਾ ਫਲਾਂ ਦਾ ਚੰਗਾ ਕਾਰੋਬਾਰ ਹੈ। ਆਪਣੀ ਜ਼ਿੰਦਗੀ ਵਿੱਚ ਆਈ ਇਸ ਚੰਗੀ ਤਬਦੀਲੀ ਬਾਰੇ ਤਾਂ ਉਹ ਆਮ ਕਹਿੰਦਾ ਹੈ ਕਿ ਮੈਨੂੰ ਠੂਠਾ ਫੁੱਟ ਕੇ ਛੰਨਾ ਮਿਲਿਆ ਹੈ।
- ਡਾਢੇ ਨਾਲ ਭਿਆਲੀ ਉਹ ਮੰਗੇ ਹਿੱਸਾ ਉਹ ਕੱਢੇ ਗਾਲੀ
ਚਾਚਾ ਜੀ ਨੇ ਸਮਝਾਉਂਦਿਆਂ ਕਿਹਾ, "ਸੰਤੋਖ ਸਿੰਹਾਂ, ਆਪਣੇ ਤੋਂ ਤਾਕਤਵਰ ਬੰਦੇ ਨਾਲ ਸਾਝਾਂ ਕੰਮ ਸੋਚ ਸਮਝ ਕੇ ਹੀ ਸ਼ੁਰੂ ਕਰਨਾ ਚਾਹੀਦਾ ਹੈ। ਕਈ ਬਾਰ ਬਹੁਤ ਤੰਗ ਹੋਣਾ ਪੈਂਦਾ ਹੈ। ਸਿਆਣਿਆਂ ਨੇ ਵੀ ਕਿਹਾ ਹੈ ਡਾਢੇ ਨਾਲ ਭਿਆਲੀ ਉਹ ਮੰਗੇ ਹਿੱਸਾ ਉਹ ਕੱਢੇ ਗਾਲੀ।"
- ਤੀਲੀਆਂ ਵਾਲਿਆਂ ਨੂੰ ਛੱਜਾਂ ਵਾਲੇ ਮਿਲ ਪੈਂਦੇ ਹਨ
ਵੀਰ ਚੰਦ ਨੇ ਦਿੱਲੀ ਤੋਂ ਆ ਕੇ ਹੁਣੇ ਮਠਿਆਈ ਦੀ ਦੁਕਾਨ ਸ਼ੁਰੂ ਕੀਤੀ ਹੈ ਪਰ ਦਿਨਾਂ ਵਿੱਚ ਹੀ ਉਸ ਦੀ ਕਈ ਦੋਧੀਆਂ ਨਾਲ ਚੰਗੀ ਜਾਣ ਪਛਾਣ ਹੋ ਗਈ। ਹੁਣ ਉਹ ਆਪ ਹੀ ਕਹਿੰਦਾ ਹੈ- ਤੀਲੀਆਂ ਵਾਲਿਆਂ ਨੂੰ ਛੱਜਾਂ ਵਾਲੇ ਮਿਲ ਹੀ ਪੈਂਦੇ ਹਨ।
- ਤੇਲੀ ਦੇ ਬਲਦ ਨੂੰ ਘਰੇ ਹੀ ਪੰਜਾਹ ਕੋਹ ਪੈਂਡਾ
ਸਤਵੰਤ ਕੌਰ ਨੇ ਆਪਣੀ ਅਧਿਆਪਕਾ ਭੈਣਾਂ ਨੂੰ ਆਪਣੇ ਰੁਝੇਵੇਂ ਬਾਰੇ ਦੱਸਦਿਆ ਕਿਹਾ. "ਭੈਣਾਂ, ਸਾਨੂੰ ਤਾਂ ਦਫਤਰ ਨਾਲੋ ਘਰ ਦੇ ਕੰਮ ਹੀ ਵਧੇਰੇ ਥਕਾ ਦਿੰਦੇ ਹਨ। ਸਾਡਾ ਤਾਂ ਉਹ ਹਾਲ ਹੈ ਅਖੇ, ਤੇਲੀ ਦੇ ਬਲਦ ਨੂੰ ਘਰੇ ਹੀ ਪੰਜਾਹ ਕੋਹ ਪੈਂਡਾ।"
- ਤੌੜੀ ਉਬਲੇਗੀ ਤਾਂ ਆਪਣੇ ਹੀ ਕੰਡੇ ਸਾੜੇਗੀ
"ਆਦਮੀ ਨੂੰ ਹਰ ਨਿੱਕੀ-ਨਿੱਕੀ ਗੱਲ ਉੱਤੇ ਗੁੱਸਾ ਨਹੀ ਕਰਨਾ ਚਾਹੀਦਾ। ਇਸ ਨਾਲ ਆਪਣਾ ਹੀ ਨੁਕਸਾਨ ਹੁੰਦਾ ਹੈ। ਸੁਣਿਆਂ ਹੋਇਐ ਨਾ? ਤੌੜੀ ਉਬਲੇਗੀ ਤਾਂ ਆਪਣੇ ਹੀ ਕੰਡੇ ਸਾੜੇਗੀ।" ਸੰਤ ਸਿੰਘ ਨੇ ਸੁਮੀਤ ਨੂੰ ਸਮਝਾਉਂਦਿਆ ਕਿਹਾ।
- ਨਵਾਂ ਨੌ ਦਿਨ ਪੁਰਾਣਾ ਸੌ ਦਿਨ
ਨਵਾਂ ਸਾਇਕਲ ਲੈਣ ਦੀ ਜ਼ਿਦ ਕਰਦਿਆਂ ਵੇਖ ਕੇ ਅਵਤਾਰ ਦੇ ਪਿਤਾ ਨੇ ਕਿਹਾ,"ਨਵੇਂ ਨੇ ਵੀ ਪੁਰਾਣਾ ਹੋ ਜਾਣਾ ਹੈ। ਏਹ ਆਪਣਾ ਸਾਇਕਲ ਅਜੇ ਠੀਕ-ਠਾਕ ਹੈ। ਤੈਨੂੰ ਪਤਾ ਹੋਣਾ ਚਾਹੀਦਾ ਹੈ-ਨਵਾਂ ਨੌ ਦਿਨ ਪੁਰਾਣਾ ਸੌ ਦਿਨ।"
- ਨਾ ਸੁੱਤੀ ਨਾ ਕੱਤਿਆ
ਇਮਤਿਹਾਨ ਸਿਰ ਤੇ ਸੀ ਪਰ ਸਾਰੀ ਟੋਲੀ ਦਿਨ ਭਰ ਗੱਪਾਂ ਮਾਰਦੀ ਰਹੀ। ਅਖੀਰ ਤੇਜਵੰਤ ਨੇ ਕਿਹਾ,"ਸਾਡਾ ਤਾਂ ਉਹ ਹਾਲ ਹੈ, 'ਨਾ ਸੁੱਤੀ ਨਾ ਕੱਤਿਆ।' ਜੇ ਪੜ੍ਹਨਾ ਨਹੀਂ ਸੀ ਤਾ ਇਸ ਨਾਲੋਂ ਆਰਾਮ ਹੀ ਕਰ ਲੈਂਦੇ।"
- ਨੌ ਕੋਹ ਦਰਿਆ ਤੰਬਾ ਮੋਢੇ ਤੇ
ਨਰਿੰਦਰ ਅਜੇ ਪੰਜਵੀ ਵਿੱਚ ਪੜ੍ਹਦੀ ਹੈ ਪਰ ਉਸ ਦੀ ਮਾਂ ਉਸ ਦੇ ਦਾਜ਼ ਦਾ ਫਿਕਰ ਹੁਣੇ ਤੋਂ ਹੀ ਕਰਨ ਲੱਗ ਪਈ ਹੈ। ਇਸ ਤੇ ਨਰਿੰਦਰ ਦੀ ਨਾਨੀ ਨੇ ਕਿਹਾ,"ਤੇਰਾ ਤਾਂ ਉਹ ਹਾਲ ਹੈ, ਨੌ ਕੋਹ ਦਰਿਆ ਤੰਬਾ ਮੋਢੇ ਤੇ, ਅਜੇ ਕੁੜੀ ਨੂੰ ਪੜ੍ਹਨ ਦੇ।"
- ਨਾਤ੍ਹੀ ਧੋਤੀ ਰਹਿ ਗਈ, ਮੂੰਹ ਤੇ ਮੱਖੀ ਬਹਿ ਗਈ
ਅਸੀਂ ਸ਼ਿਮਲੇ ਜਾਣ ਲਈ ਤਿਆਰ ਹੋਏ ਬੈਠੇ ਸਾਂ ਕਿ ਮੇਰੇ ਦਫ਼ਤਰ ਤੋਂ ਮੇਰੀ ਛੁੱਟੀ ਰੱਦ ਹੋਣ ਦਾ ਸੁਨੇਹਾ ਆ ਗਿਆ। ਸਾਡੇ ਨਾਲ ਤਾਂ ਉਹੋ ਹੋਈ ਅਖੇ, "ਨਾਤ੍ਹੀ ਧੋਤੀ ਰਹਿ ਗਈ, ਮੂੰਹ ਤੇ ਮੱਖੀ ਬਹਿ ਗਈ।"
- ਪਹਿਲੇ ਦਿਨ ਪੁਰਾਹਣਾ, ਦੂਜੇ ਦਿਨ ਧਰਾਉਣਾ ਤੀਜੇ ਦਿਨ ਦਾਦੇ ਮਘਾਉਣਾ
ਹਰਨਾਮ ਸਿੰਘ ਨੇ ਆਪਣੇ ਮਿੱਤਰ ਨੂੰ ਹੱਸਦਿਆ ਹੋਇਆਂ ਆਖਿਆ, "ਗੁਰਨਾਮ ਸਿੰਘ ਮੈਨੂੰ ਛੇਤੀ-ਛੇਤੀ ਮਕਾਨ ਕਿਰਾਏ ਤੇ ਲੈ ਦੇ। ਮੈਂ ਬਹੁਤੇ ਦਿਨ ਤੇਰੇ ਕੋਲ ਨਹੀਂ ਰਹਿ ਸਕਾਗਾਂ। ਤੈਨੂੰ ਪਤਾ ਹੀ ਹੈ 'ਪਹਿਲੇ ਦਿਨ ਪੁਰਾਹਣਾ, ਦੂਜੇ ਦਿਨ ਧਰਾਉਣਾ ਤੀਜੇ ਦਿਨ ਦਾਦੇ ਮਘਾਉਣਾ।"
- ਪਰਾਇਆ ਗਹਿਣਾ ਪਾਇਆ ਆਪਣਾ ਰੂਪ ਗਵਾਇਆ
ਰਚਨਾ ਨੇ ਵਿਆਹ ਵਿੱਚ ਜਾਣਾ ਸੀ ਉਹ ਸ਼ਾਨ ਵਿਖਾਉਣ ਲਈ ਆਪਣੀ ਸਹੇਲੀ ਦਾ ਸੂਟ ਪਾ ਕੇ ਚਲੀ ਗਈ ਜੋ ਨਾ ਉਸ ਦੇ ਮੇਚ ਸੀ ਤੇ ਨਾ ਹੀ ਜਚਦਾ ਸੀ। ਨਾਲ ਹੀ ਉਸਨੂੰ ਹਰ ਵੇਲੇ ਉਸ ਦੇ ਖਰਾਬ ਹੋ ਜਾਣ ਦਾ ਖਿਆਲ ਆਉਂਦਾ। ਉਹ ਬਾਰ-ਬਾਰ ਆਪਣੇ ਆਪ ਨੂੰ ਕੋਸਦੀ ਤੇ ਕਹਿੰਦੀ-ਪਰਾਇਆ ਗਹਿਣਾ ਪਾਇਆ ਆਪਣਾ ਰੂਪ ਗਵਾਇਆ।
- ਪੜ੍ਹੇ ਫ਼ਾਰਸੀ ਵੇਚੇ ਤੇਲ ਵੇਖੋ ਕਰਮਾਂ ਦੇ ਖੇਲ
ਜਵਾਹਰ ਸਿੰਘ ਨੇ ਬੜੀ ਮਿਹਨਤ ਨਾਲ ਐਮ.ਏ ਪਾਸ ਕੀਤੀ ਪਰ ਜਦੋਂ ਕੋਸ਼ਸ਼ਾਂ ਦੇ ਬਾਵਜੂਦ ਉਸ ਨੂੰ ਨੌਕਰੀ ਨਾ ਮਿਲੀ ਤਾਂ ਉਹਨੇ ਚਾਹ ਦੀ ਦੁਕਾਨ ਕਰ ਲਈ। ਹੁਣ ਜਣਾ ਖਣਾ ਉਸ ਵੱਲ ਵੇਖ ਕੇ ਕਹਿੰਦਾ,"ਇਸ ਨਾਲ ਤਾਂ ਉਹ ਹੋਈ ਅਖੇ, ਪੜ੍ਹੇ ਫ਼ਾਰਸੀ ਵੇਚੇ ਤੇਲ ਵੇਖੋ ਕਰਮਾਂ ਦੇ ਖੇਲ।"
- ਪਾਟਾ ਸੀਵੀਏ ਨਾ, ਰੁੱਸਾ ਮਨਾਈਏ ਨਾ, ਤਾਂ ਘਰ ਨਹੀਂ ਵਸਦੇ
ਮਾਤਾ ਜੀ ਨੇ ਕਿਹਾ, "ਪੁੱਤਰ ਜੇ ਤੇਰੀ ਦਰਾਣੀ ਤੈਨੂੰ ਨਹੀਂ ਬੁਲਾਉਂਦੀ ਤਾਂ ਤੂੰ ਉਸ ਨੂੰ ਬੁਲਾ ਲਿਆ ਕਰ। ਇਸੇ ਵਿੱਚ ਘਰ ਦੀ ਅਤੇ ਤੇਰੀ ਭਲਾਈ ਹੈ। ਸਿਆਣਿਆ ਨੇ ਕਿਹਾ ਹੈ-ਜੇ ਪਾਟਾ ਸੀਵੀਏ ਨਾ, ਰੁੱਸਾ ਮਨਾਈਏ ਨਾ ਤਾਂ ਘਰ ਨਹੀਂ ਵਸਦੇ।"
- ਪਾਣੀ ਵਿੱਚ ਸੋਟਾ ਮਾਰਿਆਂ ਪਾਣੀ ਦੋ ਨਹੀਂ ਹੋ ਜਾਂਦੇ
ਸੁਰਜੀਤ ਸਿੰਘ ਨੇ ਦੋਹਾਂ ਭਰਾਵਾਂ ਨੂੰ ਸਮਝਾਉਂਦਿਆ ਕਿਹਾ,"ਭਰਾਵੋਂ ਛੋਟੀ ਮੋਟੀ ਗੱਲ ਤੋਂ ਇੱਕ ਦੂਜੇ ਨਾਲੋਂ ਟੁੱਟ ਕੇ ਨਹੀਂ ਬੈਠੀਦਾ। ਫਿਰ ਵੀ ਤੁਸੀ ਮਾਂ ਜਾਏ ਹੋ। ਸਿਆਣਿਆ ਨੇ ਕਿਹਾ ਹੈ 'ਪਾਣੀ ਵਿੱਚ ਸੋਟਾ ਮਾਰਿਆਂ ਪਾਣੀ ਦੋ ਨਹੀਂ ਹੋ ਜਾਂਦੇ।'"
- ਪਾਲਾ ਪੋਹ ਨਾ ਮਾਘ ਪਾਲਾ ਵਾਉ ਦਾ
ਸੁਰਜੀਤ ਸਿੰਘ ਨੇ ਕਿਹਾ, "ਯਾਰ ਕੱਲ੍ਹ ਇਤਨੀ ਸਰਦੀ ਨਹੀਂ ਸੀ। ਅੱਜ ਪਤਾ ਨਹੀਂ ਕਿਉਂ ਜਿਆਦਾ ਲੱਗ ਰਹੀ ਹੈ ?" ਗੁਰਮੀਤ ਸਿੰਘ ਨੇ ਕਿਹਾ, "ਅੱਜ ਹਵਾ ਚੱਲ ਰਹੀ ਹੈ, ਤੂੰ ਨਹੀਂ ਸੁਣਿਆ ਹੋਇਆ-ਪਾਲਾ ਪੋਹ ਨਾ ਮਾਘ ਪਾਲਾ ਵਾਉ ਦਾ।"
- ਬਹਿ ਕੇ ਖਾਧਿਆਂ ਤਾਂ ਖੂਹ ਵੀ ਨਿਖੁੱਟ ਜਾਂਦੇ ਹਨ
ਜੀਤਾ ਪੂਰਾ ਨਿਖੱਟੂ ਹੈ। ਉਹ ਪਿਉ ਦਾਦੇ ਦੀ ਜ਼ਮੀਨ ਵੇਚਣ ਤੇ ਹੀ ਲੱਗਾ ਹੋਇਆ ਹੈ। ਆਪ ਹੱਥ ਨਹੀ ਹਿਲਾਉਂਦਾ। ਉਸ ਦੇ ਮਾਮੇ ਨੇ ਵੀ ਕਿਹਾ, "ਭਾਈ ਇਸ ਤਰਾਂ ਕਦੋਂ ਤੱਕ ਚੱਲੇਗਾ। ਬਹਿ ਕੇ ਖਾਧਿਆਂ ਤਾਂ ਖੂਹ ਵੀ ਨਿਖੱਟੂ ਜਾਂਦੇ ਹਨ।"
- ਬਹੁਤੇ ਘਰਾਂ ਦਾ ਪ੍ਰਾਹੁਣਾ ਭੁੱਖਾ
"ਪੁੱਤਰ ,ਠੀਕ ਹੈ,ਤੇਰਾ ਮਾਮਾ ਵੀ ਉੱਥੇ ਹੈ ਤੇ ਤੇਰਾ ਚਾਚਾ ਵੀ,ਪਰ ਤੂੰ ਰੋਟੀ ਇੱਥੇ ਹੀ ਖਾ ਕੇ ਜਾਹ। ਕਿਤੇ ਇਹ ਨਾ ਹੋਵੇ ਕਿ ਬਹੁਤੇ ਘਰਾਂ ਦਾ ਪਾ੍ਹੁਣਾ ਭੁੱਖਾ।"
ਮਾਸੀ ਜੀ ਨੇ ਕਿਹਾ।
- ਬੰਦਿਆ ਤੇਰੀਆਂ ਦਸ ਦੇਸੀਆ ਇੱਕੇ ਗਈ ਵਿਹਾ
ਨਸੀਬ ਸਿੰਘ ਜਦੋਂ ਕਲਰਕ ਦੇ ਉਹਦੇ ਤੋਂ ਸੇਵਾ ਮੁਕਤ ਹੋਇਆ ਤਾਂ ਉਸ ਦਾ ਦੋਸਤ ਕਹਿਣ ਲੱਗਾ, "ਤੇਰੀ ਅਸਿਟੈਂਟ ਬਣਨ ਦੀ ਵਾਰੀ ਨਹੀ ਆਈ?" ਤਾਂ ਨਸੀਬ ਸਿੰਘ ਬੋਲਿਆ 'ਯਾਰ ਸਾਢੇ ਨਾਲ ਤਾਂ ਉਹ ਹੋਈ' ਬੰਦਿਆ ਤੇਰੀਆਂ ਦਸ ਦੇਸੀਆ ਇੱਕੇ ਗਈ ਵਿਹਾ।"
- ਬੰਦੇ ਨੂੰ ਬੰਦਾ ਮਿਲ ਜਾਂਦਾ ਹੈ ਖੂਹਾਂ ਨੂੰ ਖੂਹ ਨਹੀਂ ਮਿਲਦੇ
ਪੋ੍ਫੈਸਰ ਕਰਨੈਲ ਸਿੰਘ ਦਾ ਕਨੇਡਾ ਤੋਂ ਮੁੜਿਆ ਵਿਦਿਆਰਥੀ ਹਰਿੰਦਰ ਸਿੰਘ ਜਦੋਂ ਅਚਾਨਕ ਚੰਡੀਗੜ ਮਿਲ ਪਿਆ ਤਾਂ ਬੋਲਿਆ,"ਸਰ, ਮੈਨੂੰ ਆਸ ਹੀ ਨਹੀ ਸੀ ਕਦੇ ਤੁਹਾਡੇ ਦਰਸ਼ਨ ਹੋਣਗੇ।" ਪੋ੍ਫੈਸਰ ਕਰਨੈਲ ਸਿੰਘ ਨੇ ਕਿਹਾ , "ਨਹੀ ਭਾਈ,ਇੰਞ ਮੇਲ-ਗੇਲ ਹੋ ਹੀ ਜਾਂਦੈ।ਕਿਹਾ ਹੈ ਨਾ,ਬੰਦੇ ਨੂੰ ਬੰਦਾ ਮਿਲ ਜਾਂਦਾ ਹੈ ਖੂਹਾਂ ਨੂੰ ਖੂਹ ਨਹੀ ਮਿਲਦੇ।"
- ਬਾਰ੍ਹੀ ਵਰੀਂ ਰੂੜੀ ਦੀ ਸੁਣੀ ਜਾਂਦੀ ਹੈ
"ਸ਼ੀ੍ ਮਾਨ ਜੀ ਮੈਨੂੰ ਪੰਦਰਾ ਸਾਲ ਹੋ ਗਏ ਨੇ ਕੰਡਕਟਰੀ ਕਰਦਿਆਂ। ਮੇਰੇ ਨਾਲ ਦੇ ਤਰੱਕੀ ਕਰਕੇ ਚੈੱਕਰ ਲੱਗੇ ਹੋਏ ਹਨ। ਕਿਰਪਾ ਕਰਕੇ ਮੇਰੀ ਵੀ ਤਰੱਕੀ ਕਰੋ, ਬਾਰੀ ਵਰੀਂ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ।" ਜਗਤਾਰ ਸਿੰਘ ਨੇ ਆਪਣੀ ਤਰੱਕੀ ਦੇ ਕੇਸ ਬਾਰੇ ਗੱਲ ਕਰਦਿਆਂ ਆਪਣੇ ਅਫਸਰ ਨੂੰ ਕਿਹਾ।
- ਬਿਗਾਨਾ ਮਹਿਲ ਵੇਖ ਕੇ ਆਪਣੀ ਕੁੱਲੀ ਨਹੀ ਢਾਹੀਦੀ
"ਬਾਪੂ ਜੀ, ਮੈਂ ਤਾਂ ਸਾਈਕਲ ਵੇਚ ਕੇ ਜੀਤੇ ਵਰਗਾ ਸਕੂਟਰ ਲੈਣੈ। " ਪੀ੍ਤਮ ਸਿੰਘ ਨੇ ਕਿਹਾ,"ਨਾ ਪੁੱਤ।ਬਿਗਾਨਾ ਮਹਿਲ ਵੇਖ ਕੇ ਆਪਣੀ ਕੁੱਲੀ ਨਹੀ ਢਾਹੀਦੀ। ਅਜੇ ਆਪਾਂ ਨੂੰ ਹੋਰ ਜ਼ਰੂਰੀ ਕਈ ਖਰਚੇ ਹਨ। ਫਿਲਹਾਲ ਸਾਈਕਲ ਹੀ ਠੀਕ ਹੈ।" ਬਾਪੂ ਜੀ ਨੇ ਸਮਙਾਉਂਦਿਆਂ ਕਿਹਾ।
- ਬਿਨਾਂ ਰੋਇਆਂ ਮਾਂ ਵੀ ਦੁੱਧ ਨਹੀ ਦਿੰਦੀ
ਮੁਖਤਿਆਰ ਸਿੰਘ ਨੇ ਮੁੱਖ-ਅਧਿਆਪਕ ਕੋਲ ਜਾ ਕੇ ਆਪਣੀ ਮੰਦੀ ਆਰਥਿਕ ਹਾਲਤ ਦਾ ਰੋਣਾ ਰੋਦਿਆਂ ਕਿਹਾ ਕਿ ਉਸ ਦੀ ਕਦੇ ਫੀਸ ਮੁਆਫ ਨਹੀ ਹੋਈ। ਮੁੱਖ-ਅਧਿਆਪਕ ਜੀ ਨੇ ਕਿਹਾ,"ਕਾਕਾ, ਤੂੰ ਕਦੇ ਇਸ ਬਾਰੇ ਅਰਜ਼ੀ ਵੀ ਦਿੱਤੀ ਹੈ? ਮੁਖਤਿਆਰ ਸਿੰਘ ਨੇ ਕਿਹਾ,"ਜੀ ਨਹੀਂ।" ਤਦ ਮੁਖ ਅਧਿਆਪਕ ਨੇ ਕਿਹਾ, "ਬਿਨਾ ਰੋਇਆ ਤਾਂ ਮਾਂ ਵੀ ਦੁੱਧ ਨਹੀਂ ਦਿੰਦੀ। ਸਾਨੂੰ ਤੇਰੇ ਦੱਸੇ ਬਗੈਰ ਤੇਰੇ ਬਾਰੇ ਕਿਵੇਂ ਪਤਾ ਲੱਗ ਸਕਦਾ ਹੈ।"
- ਬਿੱਲੀ ਸਿਰਹਾਣੇ ਦੁੱਧ ਨਹੀਂ ਜੰਮਦਾ
ਪਰਮਜੀਤ ਦੀ ਮਾਂ ਨੇ ਰਾਤੀਂ ਖੀਰ ਬਣਾ ਕੇ ਰੱਖਦਿਆ ਕਿਹਾ,"ਬੱਚਿਓ ਸਵੇਰੇ ਉੱਠ ਕੇ ਖਾਵਾਂਗੇ। ਉਦੋਂ ਤੱਕ ਇਹ ਠੰਢੀ ਹੋ ਜਾਵੇਗੀ।' ਸਵੇਰੇ ਉੱਠ ਕੇ ਵੇਖਿਆ ਤਾ ਥੋੜੀ ਜਿਹੀ ਖੀਰ ਬਚੀ ਸੀ। ਉਹਨਾ ਇਹ ਸਮਝ ਕੇ ਕੋਈ ਬੱਚਾ ਉੱਠ ਕੇ ਖਾ ਗਿਆ ਹੋਣਾ ਹੈ, ਬੋਲੇ, "ਆਹੋ ਭਾਈ ਬਿੱਲੀ ਸਿਰਹਾਣੇ ਦੁੱਧ ਨਹੀਂ ਜੰਮਦਾ।"
- ਭਜਦਿਆ ਨੂੰ ਵਾਹਣ ਇੱਕੋ ਜਿਹੇ
ਜਦੋਂ ਮੁੰਡੇ ਵਾਲਿਆ ਨੇ ਕੁੜੀ ਨੂੰ ਤੰਗ ਕਰਨਾ ਸ਼ੁਰੂ ਕੀਤਾ ਤਾਂ ਕੁੜੀ ਦੇ ਭਰਾਵਾਂ ਨੇ ਮੁੰਡੇ ਦੇ ਬਾਪ ਨੂੰ ਕਿਹਾ, "ਦੇਖੋ ਬਜ਼ੁਰਗੋ ਸਾਡੀ ਭੈਣ ਨੂੰ ਤੰਗ ਨਾ ਕਰੋ। ਨਹੀਂ ਤਾਂ ਭੱਜਦਿਆ ਨੂੰ ਵਾਹਣ ਇੱਕੋ ਜਿਹੇ ਨੇ। ਨਹੀਂ ਤੇ ਅਸੀਂ ਤਾਂ ਤੰਗ ਹੋਵਾਗੇ ਹੀ ਤੁਸੀ ਵੀ ਤੰਗ ਹੋਵੋਗੇ।"
- ਭੰਡਾ ਭੰਡਾਰੀਆ ਕਿੰਨਾ ਕੁ ਭਾਰ ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ
ਅੱਜ-ਕੱਲ੍ਹ ਨੌਂਕਰੀ ਕਰਦੀਆਂ ਇਸਤਰੀਆ ਪ੍ਰਭਾਤ ਤੋਂ ਲੈ ਕੇ ਦੇਰ ਰਾਤ ਤੱਕ ਇੱਕ ਤੋਂ ਪਿੱਛੋ ਦੂਜੇ ਕੰਮ ਵਿੱਚ ਰੁੱਝੀਆ ਰਹਿੰਦੀਆ ਹਨ। ਉਹਨਾਂ ਦੀ ਤਾਂ ਉਹ ਗੱਲ ਹੈ,"ਭੰਡਾ ਭੰਡਾਰੀਆ ਕਿੰਨਾ ਕੁ ਭਾਰ ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ।"
- ਭਲਾ ਹੋਈਆ ਮੇਰਾ ਚਰਖਾ ਟੁੱਟਾ ਜਿੰਦ ਅਜਾਬੋਂ ਛੁੱਟੀ
ਤਰਲੋਚਨ ਸਿੰਘ ਦਾ ਮਕਾਨ ਬਾਰੇ ਬੜੇ ਸਾਲਾ ਤੋਂ ਝਗੜਾ ਚਲਦਾ ਸੀ। ਕਿਰਾਏਦਾਰ ਨਹੀਂ ਸੀ ਨਿੱਕਲ ਰਿਹਾ। ਤੰਗ ਆ ਕੇ ਉਸ ਨੇ ਮਕਾਨ ਵੇਚ ਦਿੱਤਾ ਤੇ ਕਿਹਾ, "ਭਲਾ ਹੋਈਆ ਮੇਰਾ ਚਰਖਾ ਟੁੱਟਾ ਜਿੰਦ ਅਜ਼ਾਬੋਂ ਛੁੱਟੀ।"
- ਮੱਖਣ ਖਾਂਦਿਆ ਦੰਦ ਘਸਦੇ ਨੇ ਤਾਂ ਘਸਣ ਦਿਓ
ਸੁਲੱਖਣ ਨੂੰ ਘਰ ਦੇ ਨੇੜੇ ਹੀ ਫੈ਼ਕਟਰੀ ਵਿੱਚ ਨੌਕਰੀ ਮਿਲ ਗਈ। ਹੁਣ ਉਹ ਇਸ ਗੱਲ ਤੋਂ ਔਖਾ ਸੀ ਕਿ ਡਿਊਟੀ ਉੱਤੇ ਜਾਣ ਲਈ ਸਵੇਰੇ ਛੇਤੀ ਜਾਗਣਾ ਪੈਂਦਾ ਸੀ ਤਾਂ ਉਸ ਦੀ ਚਿੜਚਿੜ ਸੁਣ ਕੇ ਬਾਪੂ ਜੀ ਨੇ ਕਿਹਾ, "ਮੱਖਣ ਖਾਂਦਿਆ ਦੰਦ ਘਸਦੇ ਨੇ ਤਾਂ ਘਸਣ ਦਿਓ।"
- ਮਨ ਜੀਤੇ ਜਗ ਜੀਤ
"ਕਾਕਾ ਕੋਈ ਵਈ ਅਉਗਣ ਐਸਾ ਨਹੀਂ ਜਿਸ ਤੋਂ ਬਚਿਆ ਨਾ ਜਾ ਸਕੇ। ਬਸ ਮਨ ਉੱਤੇ ਕਾਬੂ ਪਾਉਣ ਦੀ ਲੋੜ ਹੈ। ਗੁਰਬਾਣੀ ਦਾ ਕਥਨ ਹੈ - ਮਨ ਜੀਤੇ ਜਗ ਜੀਤ", ਸੰਤਾ ਨੇ ਉਪਦੇਸ਼ ਦਿੰਦਿਆ ਕਿਹਾ।
- ਵਿਦਿਆ ਵਿਚਾਰੀ ਤਾਂ ਪਰ ਉਪਕਾਰੀ
ਦੋ ਦਹਾਕੇ ਪਹਿਲਾਂ ਇਸ ਪਿੰਡ ਵਿੱਚ ਪ੍ਰਾਇਮਰੀ ਸਕੂਲ ਖੁੱਲ੍ਹਿਆ ਸੀ ਜਿਸ ਵਿੱਚ ਸ. ਸੱਜਣ ਸਿੰਘ ਵਰਗੇ ਅਧਿਆਪਕ ਆਏ। ਉਹਨਾਂ ਨੇ ਵਿਦਿਆ ਦੀ ਐਸੀ ਜੋਤ ਜਗਾਈ ਕਿ ਅੱਜ ਸਾਡੇ ਪਿੰਡ ਨੂੰ ਪੜ੍ਹਿਆਂ-ਲਿਖਿਆਂ ਦਾ ਪਿੰਡ ਹੋਣ ਦਾ ਮਾਣ ਹੈ ਤੇ ਪਿੰਡ ਦੀ ਉੱਨਤੀ ਵੀ ਹੋਈ ਹੈ। ਉਹਨਾਂ ਨੇ ਤਾਂ 'ਵਿਦਿਆ ਵਿਚਾਰੀ ਤਾਂ ਪਰਉਪਕਾਰੀ' ਦਾ ਵਾਕ ਸੱਚ ਕਰ ਵਿਖਾਇਆ।
- ਵੇਲੇ ਦੀ ਨਮਾਜ਼ ਕੁਵੇਲੇ ਦੀਆਂ ਟੱਕਰਾਂ
ਜਦੋਂ ਕਣਕ ਵੱਢਣ ਦਾ ਵੇਲਾ ਸੀ ਉਦੋਂ ਬੰਤਾ ਸਿੰਘ ਮੇਲੇ ਵੇਖਦਾ ਰਿਹਾ ਤੇ ਹੁਣ ਜਦੋਂ ਘਟਾਵਾਂ ਚੜ੍ਹ-ਚੜ੍ਹ ਆਉਂਦੀਆਂ ਹਨ ਤਾਂ ਕਣਕ ਸਾਂਭਣ ਲਈ ਘਾਬਰਿਆ ਫਿਰਦਾ ਹੈ। ਉਹਨੂੰ ਵੇਖ ਕੇ ਹਰ ਕੋਈ ਕਹਿੰਦਾ ਹੈ - ਵੇਲੇ ਦੀ ਨਮਾਜ਼ ਕੁਵੇਲੇ ਦੀਆਂ ਟੱਕਰਾਂ।
- ਮਾਇਆ ਤੇਰੇ ਤਿੰਨ ਨਾਮ ਪਰਸੂ, ਪਰਸਾ ਤੇ ਪਰਸ ਰਾਮ
ਜਦੋਂ ਉਹ ਇੱਕ ਰਾਜਨੀਤਕ ਪਾਰਟੀ ਦੇ ਟਿਕਟ ਤੇ ਜਿੱਤ ਕੇ ਐਮ.ਐਲ. ਏ. ਬਣ ਗਿਆ। ਤਾਂ ਉਸ ਦਾ ਕਾਰੋਬਾਰ ਵੀ ਵਧ ਗਿਆ। ਹੁਣ ਉਸ ਨੂੰ ਲੋਕ ਲਾਭੂ ਤੋਂ ਸਰਦਾਰ ਲਾਭ ਸਿੰਘ ਕਹਿ ਕੇ ਬਲਾਉਣ ਲੱਗ ਪਏ। ਸੱਚ ਹੀ ਕਿਹਾ, "ਮਾਇਆ ਤੇਰੇ ਤਿੰਨ ਨਾਮ ਪਰਸੂ,ਪਰਸਾ ਤੇ ਪਰਸ ਰਾਮ।"
- ਮਾਹਾਂ ਮੋਠਾਂ ਵਿੱਚ ਕੋਈ ਵੱਡਾ ਛੋਟਾ ਨਹੀ ਹੁੰਦਾ
ਦਾਦੀ ਜੀ ਜਦੋਂ ਭਾਈਚਾਰਕ ਸਾਂਝ ਦੀ ਗੱਲ ਕਰਦੇ ਹਨ ਤਾਂ ਕਹਿੰਦੇ ਹਨ ਭਾਈਚਾਰੇ ਵਿੱਚ ਸਾਰੇ ਬਰਾਬਰ ਹੀ ਹੁੰਦੇ ਹਨ, ਮਾਹਾਂ ਮੋਠਾਂ ਵਿੱਚ ਕੋਈ ਵੱਡਾ ਛੋਟਾ ਨਹੀਂ ਹੁੰਦਾ। ਹੋਰ ਪੈਸਿਆ ਦਾ ਕੀ ਹੈ ਕਦੇ ਕਿਸੇ ਕੋਲ ਚਾਰ ਵੱਧ ਹੁੰਦੇ ਹਨ ਤੇ ਕਦੇ ਕਿਸੇ ਕੋਲ।
- ਮੇਲਾ ਮੇਲੀਆਂ ਦਾ ਪੈਸਾ ਧੇਲੀਆਂ ਦਾ
ਜਦੋਂ ਵਿਸਾਖੀ ਦੇ ਮੇਲੇ ਤੇ ਰੋਸ਼ਨ ਸਿੰਘ ਨੂੰ ਉਹਦੇ ਪੁਰਾਣੇ ਦੋਸਤ ਮਨੋਹਰ ਸਿੰਘ ਅਤੇ ਅਮੋਲਕ ਸਿੰਘ ਮਿਲ ਪਏ ਤਾਂ ਰੋਸ਼ਨ ਸਿੰਘ ਖੁਸ਼ ਹੁੰਦਾ ਬੋਲਿਆ , "ਹੁਣ ਤਾਂ ਬਣ ਗਿਆ ਨਾ ਅਸਲ ਮੇਲਾ,ਅਖੇ ਮੇਲਾ ਮੇਲੀਆਂ ਦਾ ਪੈਸਾ ਧੇਲੀਆਂ ਦਾ।"
- ਰਾਣੀ ਆਪਣੇ ਪੈਰ ਧੋਦੀਂ ਗੋਲੀ ਨਹੀਂ ਕਹਾਉਂਦੀ
ਇਬਰਾਹਮ ਲਿੰਕਨ ਅਮਰੀਕਾ ਦਾ ਪ੍ਧਾਨ ਬਣ ਕੇ ਵੀ ਆਪਣੇ ਬੂਟ ਆਪ ਪਾਲਸ਼ ਕਰਦਾ ਸੀ। ਉਹ ਇਸ ਗੱਲ ਵਿੱਚ ਯਕੀਨ ਰੱਖਦਾ ਸੀ ਕਿ ਰਾਣੀ ਆਪਣੇ ਪੈਰ ਧੋਦੀਂ ਗੋਲੀ ਨਹੀ ਕਹਾਉਂਦੀ।
- ਰਿਜ਼ਕ ਵਿਹੁਣੇ ਆਦਮੀ ਜਾਣ ਮੁਹੱਬਤਾਂ ਤੋੜ
"ਯਾਰ, ਮੈਂ ਕੋਈ ਖ਼ੁਸ਼ੀ ਨਾਲ ਵਿਦੇਸ਼ ਨਹੀ ਜਾ ਰਿਹਾ। ਜੇ ਇੱਥੇ ਰੋਟੀ ਮਿਲਦੀ ਤਾਂ ਮੈਂ ਇਥੇ ਹੀ ਰਹਿੰਦਾ।" ਵਿਦੇਸ਼ ਜਾ ਰਹੇ ਮਿੱਤਰ ਨੇ ਕਿਹਾ। "ਹਾਂ ਭਾਈ ਰਿਜ਼ਕ ਵਿਹੁਣੇ ਆਦਮੀ ਜਾਣ ਮੁਹੱਬਤਾਂ ਤੋੜ।" ਮੈਂ ਵੀ ਉਦਾਸੀ ਵਿੱਚ ਕਿਹਾ।
- ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ
ਗੰਗਾ ਬਚਪਨ ਤੋਂ ਲੇਟ ਉਠਣ ਦਾ ਆਦੀ ਸੀ। ਜਦੋਂ ਉਹਦੀ ਨੋਕਰੀ ਲੱਗੀ ਤਾਂ ਪਹਿਲੇ ਦਿਨ ਹੀ ਲੇਟ ਪਹੁੱਚਿਆ ਤਾਂ ਉਸ ਦਾ ਪੁਰਾਣਾ ਜਾਣੂ ਬੋਲਿਆ, "ਜਾਪਦਾ ਹੈ ਤੂੰ ਅਜੇ ਆਪਣੇ ਆਪ ਵਿੱਚ ਕੋਈ ਸੁਧਾਰ ਨਹੀ ਕੀਤਾ। ਤੇਰੀ ਤਾਂ ਊਹ ਗੱਲ ਜਾਪਦੀ ਹੈ,ਵਾਦੜੀਆਂ ਸੁਜਾਦੜੀਆਂ ਨਿਭਣ ਸਿਰਾਂ ਦੇ ਨਾਲ।"
- ਵਾਰਸ ਸ਼ਾਹ ਛੁਪਾਈਏ ਜਗ ਕੋਲੋਂ ਭਾਵੇਂ ਆਪਣਾ ਹੀ ਗੁੜ ਖਾਈਏ ਜੀ
ਰਾਮ ਅਵਤਾਰ ਮੱਕੀ ਦੀ ਰੋਟੀ ਉਤੇ ਸਾਗ ਰੱਖ ਕੇ ਬਾਹਰ ਗਲੀ ਵਿੱਚ ਬੈਠ ਕੇ ਖਾਣ ਲੱਗਾ ਤਾਂ ਉਸ ਦੀ ਮਾਂ ਨੇ ਵਿਹੜੇ ਵਿੱਚ ਬੈਠੇ ਉਸ ਦੇ ਬਾਪੂ ਨੂੰ ਕਿਹਾ ਇਹਨੂੰ ਬਾਹਰ ਬੈਠ ਕੇ ਇੰਜ ਰੋਟੀ ਖਾਣ ਤੋਂ ਰੋਕੋ।" ਬਾਪੂ ਨੇ ਕਿਹਾ, "ਇਹਨੂੰ ਅਜੇ ਸਮਝ ਨਹੀਂ। ਤੇਰੀ ਗੱਲ ਸੱਚੀ ਹੈ, ਵਾਰਸ ਸ਼ਾਹ ਛੁਪਾਈਏ ਜਗ ਕੋਲੋਂ ਭਾਵੇਂ ਆਪਣਾ ਹੀ ਗੁੜ ਖਾਈਏ ਜੀ।"
ਪਿਛਲੇ ਪੰਨੇ ਤੇ ਜਾਣ ਲਈ ਇਥੇ ਦਬਾਓ
Advertisement Zone Below
ਸਭ ਹੱਕ ਰਾਖਵੇਂ ਹਨ © ੨੦੦੮ ਸਰਦਾਰੀ ਕਲੱਬ (ਪੰਜਾਬ)
|