
ਪੰਜਾਬੀ ਲੋਕ-ਸਾਹਿਤ
ਬੋਲੀਆਂ (ਲੰਮੀਆਂ)
ਲੰਮੀਆਂ ਬੋਲੀਆਂ ਸਮੂਹਕ ਰੂਪ ਵਿੱਚ ਗਾਇਆ ਜਾਣ ਵਾਲ਼ਾ ਲੋਕ-ਕਾਵਿ ਹੈ। ਇਸ ਵਿੱਚ ਪਹਿਲੀਆਂ ਤੁਕਾਂ ਦਾ ਤੋਲ ਅਤੇ ਤੁਕਾਂਤ ਲਗ-ਪਗ ਬਰਾਬਰ ਹੁੰਦਾ ਹੈ। ਆਖਰੀ ਤੁਕ ਜਿਸ ਨੂੰ ਤੋੜਾ ਕਿਹਾ ਜਾਂਦਾ ਹੈ ਲਗ-ਪਗ ਅੱਧੀ ਹੁੰਦੀ ਹੈ। ਬੋਲੀ ਨੂੰ ਮਰਦ ਵੀ
ਗਾਉਂਦੇ ਹਨ ਅਤੇ ਔਰਤਾਂ ਵੀ। ਮਰਦ ਇਸ ਨੂੰ ਭੰਗੜੇ ਵਿੱਚ ਗਾਉਂਦੇ ਹਨ ਅਤੇ ਔਰਤਾਂ ਗਿੱਧੇ ਵਿੱਚ ਗਾਉਂਦੀਆਂ ਹਨ। ਮਰਦਾਂ ਦੀਆਂ ਬੋਲੀਆਂ ਵਿੱਚ ਮਰਦਾਂ ਦੀ ਦਿ੍ਸ਼ਟੀ ਤੋਂ ਸੰਸਾਰ ਨੂੰ ਵੇਖਿਆ ਗਿਆ ਹੈ। ਇਹਨਾਂ ਵਿੱਚ ਇਸਤਰੀ-ਰੂਪ ਦੀ ਵਡਿਆਈ,
ਕਿਸਾਨੀ ਜੀਵਨ ਦੇ ਅਨੁਭਵ ਵਿੱਚ ਆਉਂਦੀ ਪ੍ਰਕਿਰਤੀ,ਫ਼ਸਲੀ-ਚਕਰ,ਮੇਲੇ ਤਿਉਹਾਰ,ਆਰਥਿਕ ਤੇ ਸਮਾਜਿਕ ਪਹਿਲੂ ਝਲਕਦੇ ਹਨ। ਪੰਜਾਬੀਆਂ ਦਾ ਜੀਵਨ-ਅਨੁਰਾਗ ਅਤੇ ਬ੍ਰਹਿਮੰਡ ਨਾਲ਼ ਇਕਸੁਰਤਾ ਦੀ ਚੇਸ਼ਟਾ ਵੀ ਇਹਨਾਂ ਬੋਲੀਆਂ ਵਿੱਚ ਪ੍ਰਗਟ
ਹੋਈ ਹੈ। ਔਰਤਾਂ ਦੀਆਂ ਬੋਲੀਆਂ ਵਿੱਚ ਉਹਨਾਂ ਦੀ ਹਰ ਜੀਵਨ-ਅਵਸਥਾ ਦੇ ਅਨੁਭਵ ਤੇ ਮਾਨਸਿਕਤਾ ਅਤੇ ਜਜ਼ਬਾਤੀ ਘੁਟਣ ਨੂੰ ਪ੍ਰਗਟਾਵਾ ਮਿਲਿਆ ਹੈ। ਦੋਹਾਂ ਤਰ੍ਹਾਂ ਦੀਆਂ ਬੋਲੀਆਂ ਵਿੱਚ ਕਈਂ ਥਾਂਈ ਅਨੁਭਵ ਦੀ ਸਾਂਝ ਵੀ ਮਿਲਦੀ ਹੈ।
ਲੰਮੀ ਬੋਲੀ ਗਾਉਣ ਸਮੇਂ ਪਹਿਲਾਂ ਇੱਕ ਜਣਾ ਬੋਲੀ ਸ਼ੁਰੂ ਕਰਦਾ ਹੈ। ਗਾਉਣ ਸਮੇਂ ਟੋਲੀ ਦੇ ਬਾਕੀ ਮੈਂਬਰ ਨਾਲ਼ੋ-ਨਾਲ਼ ਹੁੰਗਾਰਾ ਭਰਦੇ ਹਨ ਜੋ ਕਈ ਵਾਰੀ ਪ੍ਰਸ਼ਨ ਰੂਪ ਵਿੱਚ ਜਾਂ ਵਿਸਮਿਕ ਬੋਲੀ ਦੇ ਰੂਪ ਵਿੱਚ ਹੁੰਦਾ ਹੈ। ਜਿਵੇਂ ਜਦੋਂ ਬੋਲੀ ਗਾਉਣ ਵਾਲ਼ਾ ਗਾਉਂਦਾ
ਹੈ- 'ਬਾਰ੍ਹੀਂ ਬਰਸੀਂ ਖੱਟਣ ਗਿਆ', ਬਾਕੀ ਟੋਲੀ ਪੁੱਛਦੀ ਹੈ, 'ਕੀ ਖੱਟ ਕੇ ਲਿਆਂਦਾ?' ਜਾਂ ਫਿਰ ਉਹ 'ਬੱਲੇ ਬੱਲੇ' 'ਵਾਹ ਬਈ ਵਾਹ' ਆਦਿ ਬੋਲ ਕੇ ਇਸ ਗਾਇਨ ਨੂੰ ਸਮੂਹਿਕ ਬਣਾਉਂਦੇ ਹਨ। ਜਦੋਂ ਬੋਲੀ ਮੁਕੰਮਲ ਹੋਣ 'ਤੇ
ਆਉਂਦੀ ਹੈ ਤਾਂ ਤੋੜੇ ਦੀ ਤੁਕ ਨੂੰ ਭੰਗੜੇ ਜਾਂ ਗਿੱਧੇ ਦੀ ਤਿੱਖੀ ਲੈਅ ਵਿੱਚ ਸਾਰੇ ਰਲ਼ ਕੇ ਗਾਉਂਦੇ ਹਨ। ਇਸ ਨੂੰ ਬੋਲੀ ਗਾਉਣ ਦੀ ਸਿਖਰ ਕਿਹਾ ਜਾਂਦਾ ਹੈ।
ਇਸ ਲੇਖ ਲਈ ਵੰਨਗੀ ਵਜੋਂ ਅੱਠ ਲੰਮੀਆਂ ਬੋਲੀਆਂ ਦੀ ਚੋਣ ਕੀਤੀ ਗਈ ਹੈ:
- ਧਰਤੀ ਜੇਡ ਗ਼ਰੀਬ ਨਾ ਕੋਈ
- ਪਿੰਡ ਤਾਂ ਸਾਡੇ
- ਪਿੰਡਾਂ ਵਿੱਚੋਂ ਪਿੰਡ ਸੁਣੀਂਦਾ
- ਕਾਲ਼ਿਆ ਹਰਨਾ
- ਸੁਣ ਨੀ ਕੁੜੀਏ
- ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ
- ਦੇਸ ਮੇਰੇ ਦੇ ਬਾਂਕੇ ਗੱਭਰੂ
- ਤਾਰਾਂ-ਤਾਰ਼ਾਂ-ਤਾਰਾਂ
ਪਿਛਲੇ ਪੰਨੇ ਤੇ ਜਾਣ ਲਈ ਇਥੇ ਦਬਾਓ