Home | Abt Punjab | Culture | Gallery | Entertainment | Forum | Misc | Guestbook | Contact
ਤੁਸੀਂ ਇਸ ਵੇਲੇ: ਪੰਜਾਬੀ ਸੱਭਿਆਚਾਰ > ਪੰਜਾਬੀ ਲੋਕ-ਸਾਹਿਤ> ਮਿੱਥ-ਕਥਾਵਾਂ


ਪੰਜਾਬੀ ਲੋਕ-ਸਾਹਿਤ
ਮਿੱਥ-ਕਥਾਵਾਂ


    ਮਿੱਥ-ਕਥਾਵਾਂ ਕਥਾ ਸਾਹਿਤ ਦਾ ਮੁਢਲਾ ਰੂਪ ਤੇ ਇਸ ਦਾ ਮਹੱਤਵਪੂਰਨ ਹਿੱਸਾ ਹਨ। ਮਿੱਥ-ਕਥਾ ਅਸਲ ਵਿੱਚ ਇੱਕ ਕਹਾਣੀ ਹੀ ਹੁੰਦੀ ਹੈ। ਪ੍ਰਾਚੀਨ ਕਾਲ ਤੋਂ ਹੀ ਮਨੁੱਖ ਦੀ ਕੋਸ਼ਸ਼ ਪ੍ਰਕਿਰਤੀ ਦੇ ਰਹੱਸਾਂ ਨੂੰ ਸਮਝਣ ਦੀ ਰਹੀ ਹੈ। ਮੁਢਲੇ ਪੜਾਵਾਂ ਉੱਤੇ ਮਨੁੱਖ ਨੇ ਪ੍ਰਕਿਰਤਿਕ ਵਰਤਾਰਿਆਂ ਬਾਰੇ ਆਪਣੀ ਸਮਝ ਨੂੰ ਕਲਪਨਾਤਮਿਕ ਕਹਾਣੀਆਂ ਦੇ ਰੂਪ ਵਿੱਚ ਪੇਸ਼ ਕੀਤਾ ਜਿਨ੍ਹਾਂ ਨੂੰ ਅਸੀਂ ਮਿੱਥ-ਕਥਾਵਾਂ ਦਾ ਰੂਪ ਮੰਨਦੇ ਹਾਂ। ਮੁਢਲੇ ਮਨੁੱਖ ਨੇ ਬੇਜਾਨ ਪ੍ਰਕਿਰਤਕ ਵਸਤਾਂ, ਜੀਵ-ਜੰਤੂਆਂ ਅਤੇ ਫੁੱਲ-ਬੂਟਿਆਂ ਨੂੰ ਜਾਨਦਾਰ ਮਨੁੱਖਾਂ ਵਾਂਗ ਸਮਝਦੇ ਹੋਏ ਇਹਨਾਂ ਨੂੰ ਆਪਣੇ ਕਥਾ ਸੰਸਾਰ ਦਾ ਅੰਗ ਬਣਾਇਆ। ਮਨੁੱਖ ਨੇ ਆਪਣੀ ਕਲਪਣਾ, ਸੁਪਣਿਆਂ, ਇਛਾਵਾਂ ਤੇ ਡਰਾਂ ਨੂੰ ਵੱਖ-ਵੱਖ ਪ੍ਰਕਾਰਾਂ ਦੇ ਮਨੁੱਖੀ ਪਾਤਰਾਂ ਜਿਵੇਂ ਦੇਵੀ-ਦੇਵਤਿਆਂ, ਜਿੰਨ-ਪਰੀਆਂ, ਭੂਤ-ਪਰੇਤਾਂ ਦੇ ਰੂਪ ਵਿੱਚ ਚਿਤਰਿਆ ਹੈ। ਇਸ ਤਰ੍ਹਾਂ ਇਹ ਮਿੱਥ-ਕਥਾਵਾਂ ਘਟਨਾਵਾਂ ਦੀ ਅਸਲ ਵਾਸਤਵਿਕਤਾ ਨੂੰ ਭਾਵੇਂ ਪੇਸ਼ ਨਾ ਕਰਦਿਆਂ ਹੋਣ ਪਰ ਉਸ ਵੇਲੇ ਦੇ ਮਨੂੱਖ ਦੀ ਜੀਵਨ ਬਾਰੇ ਸੂਝ ਅਤੇ ਸਮਝ ਨੂੰ ਪੇਸ਼ ਕਰਦੀਆਂ ਹਨ।

    ਮਿੱਥ ਵਿੱਚ ਦੱਸੀ ਕਹਾਣੀ ਦੀ ਘਟਨਾ ਬੀਜ ਰੂਪ ਵਿੱਚ ਪੂਰਵ ਇਤਿਹਾਸਕ ਕਾਲ ਵਿੱਚ ਕਦੇ ਨਾ ਕਦੇ ਵਾਪਰੀ ਵੀ ਹੋ ਸਕਦੀ ਹੈ ਅਤੇ ਨਹੀ ਵੀ ਪਰ ਸਮਾਂ ਬੀਤਣ ਨਾਲ ਇਸ ਕਹਾਣੀ ਵਿੱਚ ਬਹੁਤ ਕੁਝ ਮਿਥਿਆ ਜੁੜ ਜਾਂਦਾ ਹੈ। ਆਮ ਤੋਰ ਤੇ ਮਿੱਥ-ਕਥਾ ਕਿਸੇ ਦੇਵ-ਪੁਰਖ ਨਾਲ ਜੁੜੀ ਹੁੰਦੀ ਹੈ। ਮਿੱਥ ਦੇ ਵੇਰਵਿਆਂ ਵਿੱਚ ਉਸ ਜਾਤੀ ਦੀਆਂ ਰਹੁ-ਰੀਤਾਂ,ਸੰਸਕਾਰਾਂ ਅਤੇ ਧਾਰਮਿਕ ਸੰਸਥਾਵਾਂ ਦਾ ਵਖਿਆਨ ਹੁੰਦਾ ਹੈ। ਇਸੇ ਲਈ ਮਿੱਥ-ਕਥਾਵਾਂ ਸ਼ਰਧਾ ਵੀ ਜਗਾਉਂਦੀਆਂ ਹਨ ਅਤੇ ਜਾਤੀ ਵਿਸ਼ੇਸ਼ ਦੇ ਧਾਰਮਿਕ ਵਿਸ਼ਵਾਸਾਂ ਦਾ ਅਨਿਖੜਵਾਂ ਅੰਗ ਵੀ ਬਣ ਜਾਦੀਆਂ ਹਨ।

    ਪੰਜਾਬੀ ਕਥਾ-ਸਾਹਿਤ ਮਿੱਥ-ਕਥਾਵਾਂ ਨਾਲ ਭਰਪੂਰ ਹਨ।ਇਸ ਵੈਬਸਾਈਟ ਲਈ ਇਸ ਭੰਡਾਰ ਵਿਚੋਂ ਵੰਨਗੀ ਹਿੱਤ ਦੋ ਮਿੱਥ-ਕਥਾਵਾਂ ਚੁਣੀਆਂ ਗਈਆਂ ਹਨ :'ਪ੍ਰਹਿਲਾਦ ਭਗਤ'ਅਤੇ 'ਨਲ ਦਮਿਅੰਤੀ'। 'ਪ੍ਰਹਿਲਾਦ ਭਗਤ' ਕਥਾ ਦਾ ਮੁੱਖ ਪਾਤਰ ਪ੍ਰਹਿਲਾਦ ਇੱਕ ਬਾਲਕ ਹੈ ਜੋ ਕਿ ਨੇਕੀ ਦਾ ਪ੍ਰਤੀਕ ਹੈ। ਇਸ ਵਿੱਚ ਵਿਰੋਧੀ ਅਤੇ ਬੁਰਾਈ ਜਾਂ ਬਦੀ ਦਾ ਪ੍ਰਤੀਕ ਪ੍ਰਹਿਲਾਦ ਦਾ ਪਿਤਾ ਹਰਨਾਖਸ਼ ਹੈ। ਅਨੇਕਾਂ ਕਠਨਾਈਆਂ ਅਤੇ ਵਿਰੋਧਾਂ ਦੇ ਬਾਵਜੂਦ ਅੰਤ ਵਿੱਚ ਪ੍ਰਹਿਲਾਦ ਦੀ ਜਿੱਤ ਹੁੰਦੀ ਹੈ।

    ਇਹ ਕਥਾ ਇੰਨੀ ਹਰਮਨ ਪਿਆਰੀ ਹੈ ਕਿ ਇਸ ਦਾ ਹਵਾਲਾ ਗੁਰੂ ਸਾਹਿਬਾਨਾਂ, ਭਗਤਾਂ ਅਤੇ ਕਵੀਆਂ ਨੇ ਆਪਣੀਆਂ ਰਚਨਾਵਾਂ ਵਿੱਚ ਦਿੱਤਾ ਹੈ। ਭਾਈ ਗੁਰਦਾਸ ਜੀ ਨੇ ਇਸ ਬਾਰੇ ਹੇਠ ਲਿਖੀ ਪਉੜੀ ਲਿਖੀ:

ਘਰ ਹਰਣਾਖਸ਼ ਦੈਤ ਦੇ ਕਲਰਿ ਕਵਲੁ ਭਗਤ ਪ੍ਰਹਿਲਾਦੁ ।
ਪੜ੍ਹਨ ਪਠਾਇਆ ਚਾਟਸਾਲ ਪਾਂਧੈ ਚਿਤਿ ਹੋਆ ਅਹਿਲਾਦ।
ਸਿਮਰੈ ਮਨ ਵਿੱਚ ਰਾਮ ਰਾਮ ਗਾਵੈ ਸ਼ਬਦੁ ਅਨਾਹਦ ਨਾਦ।
ਭਗਤਿ ਕਰਨਿ ਸਭ ਚਾਟੜੇ ਪਾਂਧੇ ਹੋਇ ਰਹੇ ਵਿਸਮਾਦ ।
ਰਾਜੇ ਪਾਸਿ ਰੂਆਇਆ ਦੋਖੀ ਦੈਤਿ ਵਧਾਇਆ ਵਾਦੁ ।
ਜਲ ਅਗਨੀ ਵਿਚਿ ਘਤਿਆ ਜਲੈ ਨ ਡੁਬੇ ਗੁਰ ਪਰਸਾਦਿ ।
ਕਢਿ ਖੜਗੁ ਸਦਿ ਪੁਛਿਆ ਕਉਣੁ ਸੁ ਤੇਰਾ ਉਸਤਾਦ ।
ਥੰਮੁ ਪਾੜਿ ਪਰਗਟਿਆ ਨਰਸਿੰਘ ਰੂਪ ਅਨੂਪ ਅਨਾਦਿ ।
ਬੇਮੁਖ ਪਕੜਿ ਪਛਾੜਿਅਨੁ ਸੰਤ ਸਹਾਈ ਆਦਿ ਜੁਗਾਦਿ
ਜੈ ਜੈ ਕਾਰ ਕਰਨਿ ਬ੍ਰਹਮਾਦਿ।।
ਇਸੇ ਤਰ੍ਹਾਂ ਨਲ ਅਤੇ ਦਮਿਅੰਤੀ ਦੀ ਪ੍ਰਾਚੀਨ ਮਿੱਥ-ਕਥਾ ਹੈ। ਇਸ ਦਾ ਜਿਕਰ ਮਹਾਭਾਰਤ ਵਿੱਚ ਆਉਂਦਾ ਹੈ। ਜਦੋਂ ਯੁਧਿਸ਼ਟਰ ਜੂਏ ਵਿੱਚ ਸਭ ਕੁਝ ਹਾਰ ਕੇ ਬਹੁਤ ਨਿਰਾਸ਼ ਹੁੰਦਾ ਹੈ ਤਾਂ ਬ੍ਰਿਹਦਸ਼ਵ ਨਾਂ ਦਾ ਪਾਤਰ ਉਸ ਨੂੰ ਇਹ ਕਥਾ ਸੁਣਾ ਕੇ ਉਸ ਦਾ ਧਿਰਜ ਬੰਨ੍ਹਾਉਂਦਾ ਹੈ। ਇਸ ਕਥਾ ਵਿੱਚ ਨਲ ਅਤੇ ਦਮਿਅੰਤੀ ਅਨੇਕਾਂ ਦੁੱਖ ਕੱਟਦੇ ਹਨ, ਔਖੀਆਂ ਪਰਿਸਥਿਤੀਆਂ ਵਿੱਚ ਪੈਂਦੇ ਹਨ, ਵਿਛੜਦੇ ਹਨ ਪਰ ਅੰਤ ਨੂੰ ਇਕੱਠੇ ਹੋ ਜਾਂਦੇ ਹਨ। ਉਹਨਾਂ ਦਾ ਪਰਸਪਰ ਪ੍ਰੇਮ ਤੇ ਵਿਸ਼ਵਾਸ ਅਡਿੱਗ ਰਹਿੰਦਾ ਹੈ ਅਤੇ ਸਾਹਸ ਬਣਿਆ ਰਹਿੰਦਾ ਹੈ। ਕਥਾ ਵਿੱਚ ਮਨੁੱਖੀ ਗੁਣਾਂ ਅਤੇ ਚੰਗਿਆਈ ਦੀ ਜਿੱਤ ਦਰਸਾਈ ਗਈ ਹੈ।
 1. ਪ੍ਰਹਿਲਾਦ ਭਗਤ

ਇਸ ਨਾਲ ਸੰਬੰਧਤ ਪੰਨੇ
 • ਪੰਜਾਬੀ ਸੱਭਿਆਚਾਰ - ਜਾਣ ਪਹਿਚਾਣ
 • ਪੰਜਾਬ ਦਾ ਰਹਿਣ-ਸਹਿਣ
 • ਪੰਜਾਬ ਦੇ ਲੋਕ-ਕਿੱਤੇ
 • ਪੰਜਾਬ ਦੀਆਂ ਲੋਕ-ਕਲਾਵਾਂ
 • ਪੰਜਾਬ ਦੇ ਰਸਮ-ਰਿਵਾਜ਼
 • ਪੰਜਾਬ ਦੇ ਮੇਲੇ ਤੇ ਤਿਉਹਾਰ
 • ਪੰਜਾਬ ਦੇ ਲੋਕ-ਵਿਸ਼ਵਾਸ
 • ਪੰਜਾਬ ਦੀਆਂ ਲੋਕ-ਖੇਡਾਂ
 • ਪੰਜਾਬ ਦੇ ਲੋਕ-ਗੀਤ
 • ਪੰਜਾਬ ਦੇ ਲੋਕ-ਨਾਚ
 • ਪੰਜਾਬ ਦੀਆਂ ਨਕਲਾਂ

 • ਪਿਛਲੇ ਪੰਨੇ ਤੇ ਜਾਣ ਲਈ ਇਥੇ ਦਬਾਓ


  Advertisement Zone Below

  ਸਭ ਹੱਕ ਰਾਖਵੇਂ ਹਨ © ੨੦੦੮
  ਸਰਦਾਰੀ ਕਲੱਬ (ਪੰਜਾਬ)