ਮਨੁੱਖ ਦੀ ਹੋਂਦ ਤੋਂ ਸ਼ੁਰੂ ਹੋ ਕੇ ਅੱਜ ਤੱਕ ਬਹੁਤ ਕੁਝ ਬਦਲਿਆ ਹੈ। ਬਹੁਤ ਕੁਝ ਸਿਰਜਿਆ ਗਿਆ ਹੈ ਅਤੇ ਬਹੁਤ ਕੁਝ ਢਾਹਿਆ ਗਿਆ ਹੈ। ਇੱਕ ਜੋੜੇ ਤੋਂ ਵਧ ਕੇ ਪਰਿਵਾਰ ਤੇ ਫੇਰ ਕਬੀਲੇ ਤੱਕ ਦਾ ਮਨੁੱਖੀ ਸਫਰ ਵੀ ਕੋਈ ਬਹੁਤਾ ਸਾਦਾ ਅਤੇ ਸਿਰਫ ਪਰਿਵਾਰ ਦਾ ਵਾਧਾ ਨਹੀਂ ਰਿਹਾ ਸਗੋਂ ਇਹ ਬਹੁਤ ਹੀ ਮੁਸ਼ੱਕਤ ਵਾਲਾ ਅਤੇ ਪੇਚੀਦਾ ਰਿਹਾ ਹੈ। ਇਸ ਸਫਰ ਤੇ ਵਧਦਿਆਂ ਮਨੁੱਖ ਨੇ ਬਹੁਤ ਕੁਝ ਸਿਰਜਿਆ ਹੈ ਅਤੇ ਆਪਣੇ ਇਸ ਸ਼ੁਰੂਆਤੀ ਦੌਰ ਵਿੱਚ ਹੀ ਬਹੁਤ ਕੁਝ ਨਸ਼ਟ ਵੀ ਕੀਤਾ ਹੈ। ਇਸ ਛੋਟੇ ਜਿਹੇ ਸਫਰ ਦੌਰਾਨ ਮਨੁੱਖ ਨੇ ਸਾਂਝਾਂ ਪਾਲਣਾਂ ਸਿੱਖੀਆਂ, ਰਿਸ਼ਤੇ ਬਨਾਉਣੇ ਸਿੱਖੇ, ਸੋਚ ਦੇ ਖੰਭਾਂ ਤੇ ਚੜ੍ਹ ਕੇ ਉਡਾਰੀਆਂ ਲਾਉਣੀਆਂ ਸਿੱਖੀਆਂ, ਖੋਜ ਦੀ ਭਾਵਨਾ ਵਿਕਸਤ ਕੀਤੀ ਅਤੇ ਆਪਣਾ ਰਹਿਣ-ਸਹਿਣ ਵਿਕਸਤ ਕੀਤਾ। ਇਹ ਸਫਰ ਹੀ ਸਾਡੇ ਅੱਜ ਦੀ ਬੁਨਿਆਦ ਹੈ। ਬਸ ਇਸੇ ਸਫਰ ਵਿੱਚੋਂ ਵਿਕਸਤ ਹੋਈ ਰਹਿਣੀ-ਬਹਿਣੀ ਨੂੰ ਸੱਭਿਆਚਾਰ ਕਹਿੰਦੇ ਹਨ।
ਅੱਜ ਤਾਂ ਅਸੀਂ ਬਹੁਤ ਲੰਮਾ ਸਫਰ ਤੈਅ ਕਰ ਚੁੱਕੇ ਹਾਂ। ਹੁਣ ਤੇ ਯਾਦ ਵੀ ਨਹੀਂ ਰਿਹਾ ਕੇ ਉਹ ਸ਼ੁਰੂਆਤੀ ਦਿਨ ਕਿਹੋ ਜਿਹੇ ਸਨ। ਹੁਣ ਤਾਂ ਅਸੀਂ ਰਿਸ਼ਤਿਆਂ, ਸਾਕ-ਸਕੀਰੀਆਂ, ਰਸਮੋ-ਰਿਵਾਜਾਂ, ਰਹਿਣੀ-ਬਹਿਣੀ, ਮੰਨਤਾਂ-ਮਨੌਤਾਂ, ਖਾਣ-ਪੀਣ, ਉੱਠਣ-ਬੈਠਣ, ਪਹਿਨਣ, ਵਰਤ-ਵਰਤਾਰੇ, ਰਹਿਣ –ਸਹਿਣ ਦੀ ਬਹੁਤ ਹੀ ਹੁਸੀਨ ਤੇ ਭਰੀ-ਪੂਰੀ ਜਿੰਦਗੀ ਦੀ ਰਚਨਾ ਕਰ ਲਈ ਹੈ। ਹੁਣ ਤੇ ਇਕਲਾਪਾ ਖਤਮ ਹੀ ਹੋ ਗਿਆ ਹੈ। ਗਰਭ ਧਾਰਨ ਕਰਨ ਤੋਂ ਲੈ ਕੇ ਮਰਨ ਤੱਕ ਹਰ ਮੌਕੇ ਸਾਕ-ਸਬੰਧੀਆ ਦਾ ਮੇਲਾ ਹੀ ਲੱਗਿਆ ਰਹਿੰਦਾ ਹੈ।
ਪਰ ਇਹ ਸਫਰ ਇੰਨਾਂ ਖੁਸ਼ਗਵਾਰ ਵੀ ਨਹੀਂ ਰਿਹਾ। ਇਸ ਨੇ ਬਹੁਤ ਬੁਰਾਈਆਂ ਵੀ ਪੈਦਾ ਕੀਤੀਆ ਹਨ। ਅਕਸਰ ਹਰ ਚੰਗੇ ਕਾਰਜ ਦੇ ਨਾਲ ਕੁਝ ਨਾ ਕੁਝ ਬੁਰਾ ਵੀ ਪੈਦਾ ਹੁੰਦਾ ਹੀ ਰਹਿੰਦਾ ਹੈ। ਪਰ ਸਿਆਣੇ ਲੋਕ, ਸਿਆਣੀਆ ਕੌਮਾਂ ਆਪਣੇ ਪਿਛੋਕੜ ਅਤੇ ਆਪਣੀ ਸੁਚੱਜੀ ਮੱਤ ਤੋਂ ਸੇਧ ਲੈ ਕੇ ਇਨਾਂ ਬੁਰਾਈਆਂ ਦਾ ਟਾਕਰਾ ਵੀ ਕਰਦੇ ਰਹੇ ਹਨ।
ਸੱਭਿਆਚਾਰ ਦੀ ਸਿਰਜਨਾ ਦੇ ਇਸ ਸਫਰ ਨੇ ਅਸਾਡੇ ਪਰਿਵਾਰਾਂ ਨੁੰ ਜਨਮ ਦਿੱਤਾ, ਅਸਾਡੇ ਸਮਾਜ, ਧਰਮ ਅਤੇ ਰਾਜਨੀਤੀ ਨੂੰ ਵਿਕਸਤ ਕੀਤਾ ਹੈ। ਪਿਛਲੀ ਸਦੀ ਵਿੱਚ ਅਸੀਂ ਕੁਝ ਜਿਆਦਾ ਹੀ ਤੇਜ-ਰਫਤਾਰ ਹੋ ਗਏ ਹਾਂ ਅਤੇ ਆਪਣੇ ਘਰ-ਪਰਿਵਾਰਾਂ, ਪਿੰਡਾਂ, ਸ਼ਹਿਰਾਂ ਨੁੰ ਪਿੱਛੇ ਛੱਡ ਕੇ ਆਪੋ ਆਪਣੇ ਕਮਰਿਆਂ ਅਤੇ ਹਾਣੀਆਂ ਵਿੱਚ ਉਲਝ ਕੇ ਰਹਿ ਗਏ ਹਾਂ। ਘਰਾਂ-ਪਰਿਵਾਰਾਂ, ਰਸਮੋ-ਰਿਵਾਜਾਂ, ਬਜੁਰਗਾਂ ਤੋਂ ਸਾਡੀ ਦੂਰੀ ਨੇ ਸਾਨੂੰ ਸਦੀਆਂ ਦੇ ਲੰਮੇ ਸਫਰ ਬਾਅਦ ਵਿਕਸਤ ਹੋਏ ਸਾਡੇ ਸੱਭਿਆਚਾਰ ਤੋਂ ਦੂਰ ਕਰ ਦਿੱਤਾ ਹੈ। ਹੁਣ ਤਾਂ ਜਿੰਦਗੀ ਦੇ ਕਿਸੇ ਖੁਸ਼ੀ-ਗਮੀ ਦੇ ਮੌਕੇ ਚਿੱਟੇ ਸਿਰ ਵਾਲੀਆ ਬੁੜੀਆ ਵੀ ਇੱਕ ਦੂਜੀ ਨੂੰ ਪੁਛਦੀਆਂ ਹਨ, “ਭੈਣੇ ਤੈਨੂੰ ਪਤਾ ਆਹ ਸ਼ਗਨ ਕਿਵੇਂ ਕਰੀਦਾ? ਮੈਨੂੰ ਤਾਂ ਪਤਾ ਹੀ ਨਈਂ, ਦੱਸਕੇ ਕਰਵਾ ਦੇਈਂ ਮੇਰੀ ਭੈਣ!” ਲੋਹੜਾ ਆ ਗਿਆ! ਇੰਨੀਆਂ ਸਦੀਆ ਦਾ ਮਨੁੱਖੀ ਵਿਕਾਸ ਇੱਕੋ ਸੱਦੀ ਵਿੱਚ ਅਸੀਂ ਖੂਹ ਵਿੱਚ ਪਾ ਦਿਤਾ?? ਕਿਸੇ ਗੀਤਕਾਰ ਦੀ ਕਲਮ ਵਿਚੋਂ ਨਿਕਲੇ ਇਹ ਸ਼ਬਦ ਅੱਜ ਕਲ ਦੇ ਹਾਲਾਤਾਂ ਨੂੰ ਬਾਖ਼ੂਬੀ ਬਿਆਨ ਕਰਦੇ ਹਨ:
ਤੀਆਂ ਅਤੇ ਤਰਿੰਜਣਾਂ ਆਪਾਂ ਭੁੱਲ ਗਏ ਆਂ,
ਵੈਸਟਰਨ ਵਾਲੇ ਵਿਰਸੇ ਉੱਤੇ ਡੁੱਲ ਗਏ ਆਂ,
ਕੋਈ ਨਾ ਸਾਨੂੰ ਜਾਣੇ ਸੱਭਿਆਚਾਰ ਬਿਨ੍ਹਾਂ,
ਚਰਖਾ ਰੋਂਦਾ ਵੇਖਿਆ ਮੈਂ ਮੁਟਿਆਰ ਬਿਨ੍ਹਾਂ...
ਭੁੱਲਦੇ ਜਾਇਏ ਪਿੰਡਾਂ ਸੱਥਾਂ ਜੂਹਾਂ ਨੂੰ,
ਆਪਣੇ ਹੱਥੀਂ ਪੂਰਿਆ ਆਪਾਂ ਖੂਹਾਂ ਨੂੰ,
ਟੱਲੀਆਂ ਵਾਲੇ ਬਲਦ ਸੀ ਤੁਰਦੇ ਆਰ ਬਿਨ੍ਹਾਂ,
ਚਰਖਾ ਰੋਂਦਾ ਵੇਖਿਆ ਮੈਂ ਮੁਟਿਆਰ ਬਿਨ੍ਹਾਂ...
ਚਾਟੀ ਵਿੱਚ ਮੱਧਾਣੀ ਘਮ ਘਮ ਵੱਜਦੀ ਨਹੀਂ,
ਮੋਹਲੇ ਦੀ ਗੱਲ ਛੱਡੋ ਉੱਖਲੀ ਲੱਭਦੀ ਨਹੀਂ,
ਕਾਹਦੇ ਅਸੀਂ ਪੰਜਾਬੀ ਅਸਲ ਨੁਹਾਰ ਬਿਨ੍ਹਾਂ,
ਚਰਖਾ ਰੋਂਦਾ ਵੇਖਿਆ ਮੈਂ ਮੁਟਿਆਰ ਬਿਨ੍ਹਾਂ...
ਇਹ ਵੈਬ-ਸਾਈਟ ਇਕ ਹੰਭਲਾ ਹੈ ਪੰਜਾਬੀ ਸੱਭਿਆਚਾਰ ਨੂੰ ਸੰਭਾਲਣ ਅਤੇ ਸੱਭਿਆਚਾਰਕ ਰਹਿਣੀ-ਬਹਿਣੀ ਬਾਰੇ ਵੱਧ ਤੋਂ ਵੱਧ ਜਾਣਕਾਰੀ ਮੁਹੱਈਆ ਕਰਵਾਉਣ ਦਾ। ਆਸ ਕਰਦੇ ਹਾਂ ਕਿ ਸਮੁੱਚਾ ਪੰਜਾਬੀ ਪਰਿਵਾਰ ਆਪਣੇ ਬੱਚਿਆਂ ਦੀ ਇਸ ਨਿਮਾਣੀ ਕੋਸ਼ਿਸ਼ ਨੂੰ ਮਾਣ ਬਖਸ਼ੇਗਾ।
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥
ਅਨਮੋਲ ਵਿੱਚਾਰ:
ਔਰਤਾਂ ਮਰਦਾਂ ਨਾਲੋਂ ਸਿਆਣੀਆਂ ਹੁੰਦੀਆਂ ਹਨ ਕਿਉਂਕਿ ਉਨ੍ਹਾਂ ਦੀ ਜਾਣਕਾਰੀ ਭਾਵੇਂ ਘੱਟ ਹੁੰਦੀ ਹੈ ਪਰ ਉਨ੍ਹਾਂ ਵਿੱਚ ਸਮਝਦਾਰੀ ਜ਼ਿਆਦਾ ਹੁੰਦੀ ਹੈ (ਜੇਮਜ਼ ਸਟੈਫਨਜ਼)
|
Advertisement Zone Below
ਸਭ ਹੱਕ ਰਾਖਵੇਂ ਹਨ © ੨੦੦੮ ਸਰਦਾਰੀ ਕਲੱਬ (ਪੰਜਾਬ)
|