ਮੁੱਖ ਪੰਨਾ | ਪੰਜਾਬ ਬਾਰੇ | ਪੰਜਾਬੀ ਸੱਭਿਆਚਾਰ | ਅਜ਼ਾਇਬਘਰ | ਮਨ ਪਰਚਾਵਾ | ਖੁੰਢ ਚਰਚਾ | ਫੁੱਟਕਲ | ਗੈਸਟਬੁੱਕ | ਸਾਡਾ ਸੰਪਰਕ
ਤੁਸੀਂ ਇਸ ਵੇਲੇ: ਫੁੱਟਕਲ > ਮੁਹਾਵਰੇ


ਮੁਹਾਵਰੇ


    ਮੁਹਾਵਰੇ ਕਿਸੇ ਭਾਸ਼ਾ ਦੀ ਅਮੀਰੀ ਨੂੰ ਦਰਸਾਉਂਦੇ ਹਨ। ਭਾਸ਼ਾ ਦਾ ਜੁੱਸਾ ਉਸ ਦੇ ਮੁਹਾਵਰਿਆਂ ਤੌਂ ਜਾਣਿਆ ਜਾਂਦਾ ਹੈ। ਕਿਸੇ ਭਾਸ਼ਾ ਦੇ ਮੁਹਾਵਰੇ ਉਸ ਭਾਸ਼ਾ ਦੀ ਪ੍ਰਗਟਾ-ਸਮਰੱਥਾ ਦੀ ਜਿੰਦ-ਜਾਨ ਹੁੰਦੇ ਹਨ।

    ਕਿਸੇ ਭਾਸ਼ਾ ਦੇ ਮੁਹਾਵਰਿਆਂ ਦੀ ਮਹਿਮਾ ਇਹਨਾਂ ਕਈ ਉਘੜਵੇਂ ਗੁਣਾਂ ਕਾਰਨ ਹੁੰਦੀ ਹੈ। ਇਹਨਾਂ ਗੁਣਾਂ ਕਾਰਨ ਮੁਹਾਵਰੇ ਪ੍ਰਗਟਾ ਵਿੱਚ ਸੰਖੇਪਤਾ, ਸੰਜਮ ਤੇ ਤਿੱਖਾ ਪ੍ਰਭਾਵ ਲੈ ਆਉਦੇ ਹਨ। ਮੁਹਾਵਰੇ ਦੇ ਸਤਹੀ ਅਰਥ ਹੋਰ ਜਾਪਦੇ ਹਨ ਪਰ ਅਸਲ ਅਰਥ ਹੋਰ ਹੁੰਦੇ ਹਨ। ਇਸ ਕਾਰਨ ਵੀ ਚਮਤਕਾਰੀ ਪ੍ਰਭਾਵ ਪੈਂਦਾ ਹੈ।

    ਪੰਜਾਬ ਭਾਸ਼ਾ ਕੋਲ ਮੁਹਾਵਰਿਆਂ ਦਾ ਅਤੁੱਟ ਭੰਡਾਰ ਹੈ। ਇਹਨਾਂ ਮੁਹਾਵਰਿਆਂ ਵਿੱਚ ਲੈਅ,ਰਵਾਨਗੀ ਅਤੇ ਕਾਵਿਕਤਾ ਤੋਂ ਇਲਾਵਾ ਪੰਜਾਬੀ ਸੁਭਾ ਦੀ ਰੰਗਤ ਹੈ। ਇਸੇ ਲਈ ਮੁਹਾਵਰਿਆ ਨੂੰ ਭਾਸ਼ਾ ਦਾ ਮੁਹਾਂਦਰਾ ਕਿਹਾ ਜਾਂਦਾ ਹੈ।

    ਪੰਜਾਬੀ ਦੇ ਮੁਹਾਵਰੇ ਸਾਡਾ ਭਾਸ਼ਾਈ ਅਤੇ ਸੱਭਿਆਚਾਰਿਕ ਵਿਰਸਾ ਹਨ । ਇਹ ਲੋਕ-ਸਾਹਿਤ ਦਾ ਅੰਗ ਹਨ। ਭਾਸ਼ਾ ਦੇ ਵਹਾਉ ਵਿੱਚ ਚਲਦਿਆਂ-ਚਲਦਿਆਂ ਇਹਨਾਂ ਦੇ ਸਰੂਪ ਵਿੱਚ ਅਜੀਬ ਸੁੰਦਰਤਾ ਆ ਜਾਂਦੀ ਹੈ। ਲੋਕ-ਮਨ ਤੇ ਲੋਕ-ਅਨੁਭਵ ਦੀਆਂ ਝਲਕਾ ਵੀ ਇਹਨਾਂ ਵਿੱਚ ਮਿਲਦੀਆਂ ਹਨ। ਵਾਕ ਵਿੱਚ ਮੁਹਾਵਰੇ ਦੀ ਮੋਹਰ ਵਾਕ ਨੂੰ ਸਟੀਕ ਹੀ ਤਾਂ ਬਣਾ ਦਿੰਦੀ ਹੈ।

    ਪੰਜਾਬੀ ਦੇ ਕੁਝ ਮੁਹਾਵਰੇ ਵੰਨਗੀ ਮਾਤਰ ਇਸ ਵੈਬ-ਸਾਈਟ ਵਿੱਚ ਦਿੱਤੇ ਹਨ। ਇਹਨਾਂ ਮੁਹਾਵਰਿਆਂ ਦੇ ਅਰਥ ਦੇ ਕੇ ਵਾਕਾਂ ਵਿੱਚ ਵਰਤਿਆਂ ਗਿਆ ਹੈ।

 1. ਉਂਗਲਾਂ ਤੇ ਨਚਾਉਣਾ
  ਆਪਣੇ ਪਿੱਛੇ ਲਾ ਲੈਣਾ, ਮਨ-ਮਰਜ਼ੀ ਕਰਾਉਣੀ - ਸੁਰੇਸ਼ ਨੇ ਆਪਣੇ ਮਿੱਲ ਮਾਲਕ ਨੂੰ ਇਸ ਤਰ੍ਹਾਂ ਮੁੱਠੀ ਵਿੱਚ ਕੀਤਾ ਹੋਇਆ ਹੈ ਕਿ ਉਹ ਉਸ ਨੂੰ ਜਿਸ ਤਰ੍ਹਾਂ ਚਾਹੇ ਉਂਗਲਾਂ 'ਤੇ ਨਚਾ ਸਕਦਾ ਹੈ।

 2. ਉੱਘ-ਸੁੱਘ ਮਿਲਣੀ
  ਪਤਾ ਲੱਗਣਾਂ, ਸੂਹ ਮਿਲਣੀ - ਇੱਕ ਮਹੀਨਾਂ ਹੋ ਗਿਆ, ਗੁਰਦਿੱਤ ਸਿੰਘ ਘਰੋਂ ਆਪਣੇ ਦਫਤਰ ਗਿਆ ਪਰ ਅਜੇ ਤੱਕ ਵਾਪਸ ਨਹੀਂ ਆਇਆ, ਅਜੇ ਤੱਕ ਉਸਦੀ ਕੋਈ ਉੱਘ-ਸੁੱਘ ਨਹੀਂ ਮਿਲੀ ।

 3. ਉੱਚਾ ਸਾਹ ਨਾਂ ਕੱਢਣਾ
  ਸਹਿਮਿਆਂ ਰਹਿਣਾ - ਸ਼੍ਰੀ ਸੁੰਦਰ ਲਾਲ ਦੀ ਹਿਸਾਬ ਦੀ ਜਮਾਤ ਵਿੱਚ ਕੋਈ ਵੀ ਵਿਦਿਆਰਥੀ ਉੱਚਾ ਸਾਹ ਨਹੀਂ ਕੱਢਦਾ ਸੀ ।

 4. ਉਧੜ-ਧੁੰਮੀ ਮਚਾਉਣਾ
  ਰੌਲਾ ਪਾਉਣਾ - ਦੀਪੂ ਬੜਾ ਸ਼ਰਾਰਤੀ ਹੈ, ਜਿਉਂ ਹੀ ਉਹ ਸਕੂਲੋਂ ਘਰ ਆਉਂਦਾ ਹੈ ਤਾਂ ਘਰ ਵਿੱਚ ਇੱਕ ਦੂਜੇ ਨਾਲ ਛੇੜਖਾਨੀ ਕਰਕੇ ਉੱਧੜ-ਧੁੰਮੀ ਮਚਾ ਦਿੰਦਾ ਹੈ ।

 5. ਅੱਕੀਂ ਪਲਾਹੀ ਹੱਥ ਮਾਰਨਾ
  ਤਰਲੇ ਲੈਣੇ - ਕਈ ਬੱਚੇ ਸਾਰਾ ਸਾਲ ਪੜ੍ਹਦੇ ਨਹੀ,ਫਿਰ ਇਮਤਿਹਾਨ ਦੇ ਦਿਨਾਂ ਵਿੱਚ ਮੱਦਦ ਲੈਣ ਲਈ ਅੱਕੀਂ ਪਲਾਹੀ ਹੱਥ ਮਾਰਦੇ ਫਿਰਦੇ ਹਨ ।

 6. ਊਠ ਦੇ ਮੂੰਹ ਜੀਰਾ ਦੇਣਾ
  ਬਹੁਤਾ ਖਾਣ ਵਾਲੇ ਨੂੰ ਥੋੜ੍ਹਾ ਜਿਹਾ ਦੇਣਾ - ਭੋਲੂ ਕਾਕੇ ਦਾ ਦੋ ਰੋਟੀਆਂ ਨਾਲ ਕੀ ਬਣਦਾ ਹੈ, ਉਹ ਬੈਠਾ-ਬੈਠਾ ਦਸ (10) ਰੋਟੀਆਂ ਨਾਲ ਦੋ ਕਿਲੋ ਦੁੱਧ ਵੀ ਪੀ ਲੈਂਦਾ ਹੈ । ਬਸ, ਤੁਸੀਂ ਵੀ ਊਠ ਦੇ ਮੂੰਹ ਜ਼ੀਰਾ ਦੇਣ ਵਾਲੀ ਗੱਲ ਕੀਤੀ ।

 7. ਅਸਮਾਨ ਨੂੰ ਟਾਕੀਆਂ ਲਾਉਣਾ
  ਬੜੀ ਚਤਰਾਈ ਦੀਆਂ ਗੱਲਾਂ ਕਰਨਾ - ਮੇਰੇ ਤੇ ਬੀਰੂ ਵਿੱਚ ਦੋਸਤੀ ਹੋਣਾਂ ਅਸੰਭਵ ਹੈ । ਉਹ ਹੱਥੀਂ ਤਾਂ ਕੁੱਝ ਕਰਦਾ ਨੀ ਬਸ ਗੱਲ-ਗੱਲ ਤੇ ਅਸਮਾਨ ਨੂੰ ਟਾਕੀਆਂ ਲਾ ਛੱਡਦਾ ਹੈ । ਇਸ ਲਈ ਮੇਰੀ ਉਸਦੇ ਨਾਲ ਲੜਾਈ ਹੋ ਜਾਂਦੀ ਹੈ ।

 8. ਅੱਖਾਂ ਅੱਗੇ ਖੋਪੇ ਚਾੜ੍ਹ ਦੇਣੇ
  ਮੱਤ ਮਾਰ ਦੇਣੀ, ਮੂਰਖ ਬਣਾ ਦੇਣਾ - ਜਦੋਂ ਦਾ ਰਸੀਲਾ ਸੁਸ਼ੀਲ ਦੀ ਮਾੜੀ ਸੰਗਤ ਵਿੱਚ ਪਿਆ ਹੈ, ਉਸ ਦੀਆਂ ਅੱਖਾਂ ਤੇ ਤਾਂ ਬਸ ਖੋਪੇ ਹੀ ਚੜ੍ਹ ਗਏ ਹਨ । ਉਸ ਨੂੰ ਭਲੇ-ਬੁਰੇ ਦੀ ਪਛਾਣ ਹੀ ਨਹੀਂ ਰਹੀ ।

 9. ਅੱਖਾਂ ਵਿੱਚ ਲਾਲੀ ਉਤਰਨੀ
  ਗੁੱਸੇ ਨਾਲ ਅੱਖਾਂ ਲਾਲ ਹੋ ਜਾਣੀਆਂ - ਜਦੋਂ ਛਿਮਾਹੀ ਪ੍ਰੀਖਿਆ ਵਿੱਚ ਦਸਵੀਂ ਸ਼੍ਰੈਣੀ ਦੇ ਸਾਰੇ ਪ੍ਰੀਖਿਆਰਥੀ ਅੰਗਰੇਜ਼ੀ ਦੇ ਪਰਚੇ ਵਿੱਚ ਫੇਲ੍ਹ ਹੋ ਗਏ ਤਾਂ ਅਧਿਆਪਕ ਦੀਆਂ ਅੱਖਾਂ ਵਿੱਚ ਲਾਲੀ ਉੱਤਰ ਆਈ, ਕਿਉਂਕਿ ਉਸਦੀ ਸਾਰੀ ਮਿਹਨਤ ਅਜਾਈਂ ਚਲੀ ਗਈ ਸੀ ।

 10. ਅੱਖਾਂ ਵਿੱਚ ਚਰਬੀ ਆਉਣੀ
  ਹੰਕਾਰੀ ਹੋ ਜਾਣਾ - ਅਜੇ ਕੱਲ ਦੀ ਗੱਲ ਹੈ ਕਿ ਜਿੰਦਰ ਦੀ ਮਾਂ ਲੋਕਾਂ ਤੋਂ ਪੈਸੇ ਮੰਗ-ਮੰਗ ਕੇ ਰੋਟੀ ਤੋਰਦੀ ਸੀ। ਅੱਜ ਉਸ ਕੋਲ ਚਾਰ ਪੈਸੇ ਆ ਗਏ ਹਨ ਤਾਂ ਉਸ ਦੀਆਂ ਅੱਖਾਂ ਵਿੱਚ ਚਰਬੀ ਆ ਗਈ ਹੈ । ਹੁਣ ਉਹ ਕਿਸੇ ਨਾਲ ਗੱਲ ਵੀ ਨਹੀਂ ਕਰਦੀ ।

 11. ਅੱਲੇ ਫੱਟਾਂ ਤੇ ਲੂਣ ਛਿੜਕਣਾ
  ਦੁਖੇ ਹੋਏ ਨੂੰ ਹੋਰ ਦੁਖੀ ਕਰਨਾਂ - ਕਰਤਾਰ ਸਿੰਘ ਦੇ ਵੱਡ ਪੁੱਤਰ ਨੂੰ ਮਰਿਆਂ ਅਜੇ ਸਾਲ ਵੀ ਨਹੀ ਸੀ ਹੋਇਆ, ਉਸ ਦਾ ਛੋਟਾ ਪੁੱਤਰ ਵੀ ਬਸ ਦੁਰਘਟਨਾਂ ਵਿੱਚ ਚੱਲ ਵਸਿਆ, ਉਸਦੇ ਤਾਂ ਅੱਲੇ ਫਟਾਂ ਤੇ ਲੂਣ ਛਿੜਕਿਆ ਗਿਆ ।

 12. ਆਪਣੇ ਅੱਗੇ ਕੰਢੇ ਬੀਜਣਾ
  ਅਜਿਹੇ ਕੰਮ ਕਰਨੇ, ਜਿਸ ਦਾ ਸਿੱਟਾ ਮਾੜਾ ਨਿਕਲੇ - ਸੁਖਦੇਵ ਸਿੰਘ ਆਪਣੇ ਛੋਟੇ ਜਿਹੇ ਪੁੱਤਰ ਨੂੰ ਪੈਸੇ ਦੇ ਦੇ ਕੇ ਵਿਗਾੜ ਰਿਹਾ ਹੈ, ਕਿਸੇ ਦਾ ਕੀ ਜਾਣਾ, ਆਪਣੇ ਲਈ ਆਪ ਕੰਢੇ ਬੀਜ ਰਿਹਾ ਹੈ ।

 13. ਆਪਣੇ ਤਕਰਸ ਵਿੱਚ ਤੀਰ ਹੋਣਾ
  ਆਪਣੇ ਕੋਲ ਸਮਰੱਥਾ ਹੋਣੀ, ਹਿਮੰਤ ਹੋਣੀ - ਸਿਆਣੇ ਬੰਦੇ ਮੁਸੀਬਤ ਵੇਲੇ ਤਰਕਸ ਵਿਚਲੇ ਤੀਰਾਂ ਤੋ ਕੰਮ ਲੈਂਦੇ ਹਨ, ਉਹ ਕਿਸੇ ਦਾ ਸਹਾਰਾ ਨਹੀਂ ਲੱਭਦਾ ।

 14. ਇੱਲ ਦਾ ਨਾਂ ਕੋਕੋ ਵੀ ਨਾ ਆਉਣਾ
  ਉੱਕਾ ਅਨਪੜ੍ਹ ਹੋਣਾ - ਸੁਖਵਿੰਦਰ ਸਿੰਘ ਪੈਸੇ ਦੇ ਜੋਰ ਨਾਲ ਵਿੱਦਿਅਕ ਕਾਨਫਰੰਸ ਦਾ ਪ੍ਰਧਾਨ ਬਣ ਗਿਆ ਪਰ ਉਹਨੂੰ ਤਾਂ ਇੱਲ ਦਾ ਨਾਂ ਕੋਕੋ ਵੀ ਨਹੀਂ ਆਉਂਦਾ ।

 15. ਇਲਮ ਦਾ ਕੀੜਾ
  ਹਰ ਵੇਲ੍ਹੇ ਕਿਤਾਬਾਂ ਪੜ੍ਹਦੇ ਰਹਿਣ ਵਾਲਾ - ਜਿਸ ਨੂੰ ਕਿਤਾਬਾਂ ਤੋਂ ਬਾਹਰੀ ਦੀ ਦੁਨੀਆਂ ਦੀ ਕੋਈ ਵੀ ਸੂਝ ਨਾ ਹੋਵੇ - ਜਗਮੀਤ ਕੋਰ ਤਾਂ ਇਲਮੀ ਕੀੜਾ ਹੀ ਹੈ ਉਸ ਨੂੰ ਘਰੇਲੂ ਕਬੀਲਦਾਰੀ ਦਾ ਤਾਂ ਬਿਲਕੁਲ ਪਤਾ ਹੀ ਨਹੀਂ ।

 16. ਸੱਠੀ ਦੇ ਚੌਲ ਖੁਆਉਣੇ
  ਝਾੜ-ਝੰਬ ਕਰਨੀ - ਕੁਝ ਦਿਨਾ ਤੋਂ ਮਨਪ੍ਰੀਤ ਪੜ੍ਹਾਈ ਵਿੱਚ ਦਿਲਚਸਪੀ ਨਹੀਂ ਲੈ ਰਿਹਾ । ਇਸ ਲਈ ਉਸ ਦੀ ਮਾਤਾ ਜੀ ਨੂੰ ਸੱਠੀ ਦੇ ਚੌਲ ਖੁਆਉਣ ਲਈ ਮਜ਼ਬੂਰ ਹੋਣਾ ਪਿਆ ।

 17. ਸ਼ਨੀਚਰ ਆਉਣਾ
  ਮੰਦੇ ਦਿਨ ਆਉਣੇ - ਦਲੀਪ ਦੇ ਘਰ ਪਤਾ ਨਹੀਂ ਕੀ ਸਨਿਚਰ ਆਇਆ ਹੋਇਆ ਹੈ ਕਿ ਘਰ ਵਿੱਚੋਂ ਬਿਮਾਰੀ ਜਾਦੀ ਹੀ ਨਹੀਂ ।

 18. ਸੱਪ ਦੇ ਮੂੰਹ ਤੇ ਪਿਆਰ ਦੇਣਾ
  ਮੁਸੀਬਤ ਸਹੇੜਨਾ - ਕੱਲ੍ਹ ਮੈਂ ਚੰਗਾ ਭਲਾ ਦਫਤਰੋਂ ਘਰ ਆ ਰਿਹਾ ਸੀ, ਰਸਤੇ ਵਿੱਚ ਕੋਈ ਬੰਦਾ ਸੜਕ ਤੇ ਪਿਆ ਕਰਾਹ ਰਿਹਾ ਸੀ । ਮੈਂ ਉਸ ਨੂੰ ਚੁੱਕ ਕੇ ਹਸਪਤਾਲ ਲੈ ਗਿਆ, ਉੱਥੇ ਜਾ ਕੇ ਉਸ ਦੀ ਮੋਤ ਹੋ ਗਈ । ਮੁੜ ਕੇ ਪੁਲਿਸ ਨੇ ਮੈਨੂੰ ਚੱਕਰ ਵਿੱਚ ਪਾ ਲਿਆ, ਇਹ ਤਾਂ ਸੱਪ ਦੇ ਮੂੰਹ ਤੇ ਪਿਆਰ ਦੇਣ ਵਾਲੀ ਗੱਲ ਹੋ ਗਈ ।

 19. ਸਿਰ ਖੁਰਕਣ ਦੀ ਵਿਹਲ ਨਾ ਹੋਣੀ
  ਬਹੁਤ ਹੀ ਰੁੱਝੇ ਹੋਣਾ - ਅੱਜ ਦਫਤਰ ਵਿੱਚ ਇਨਾਂ ਕੰਮ ਸੀ ਕਿ ਮੈਨੂੰ ਸਿਰ ਖੁਰਕਣ ਦੀ ਵੀ ਵਿਹਲ ਨਹੀਂ ਮਿਲੀ।

 20. ਸੰਘ ਪਾੜ-ਪਾੜ ਕੇ ਕਹਿਣਾ
  ਉੱਚੀ-ਉੱਚੀ ਬੋਲਣਾ - ਅੱਜ-ਕੱਲ ਬਜ਼ਾਰਾਂ ਵਿੱਚ ਸਾਰੇ ਦੁਕਾਨਦਾਰ ਸੰਘ ਪਾੜ-ਪਾੜ ਕੇ ਚੀਜ਼ਾਂ ਖ੍ਰੀਦਣ ਵਾਲਿਆਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ।

 21. ਹੱਥ ਉੱਤੇ ਹੱਥ ਧਰ ਕੇ ਬਹਿਣਾ
  ਵਿਹਲਾ ਬੈਠਣਾਂ, ਨਿਕਮਾਂ ਬੈਠਣਾ - ਪਰਮਜੀਤ ਸਿੰਘ, ਕਾਕਾ ਤੂੰ ਕੁਝ ਪੜ੍ਹ ਲਿਆ ਕਰ, ਐਵੇਂ ਸਾਰਾ ਦਿਨ ਹੱਥ ਉੱਤੇ ਹੱਥ ਧਰ ਕੇ ਬੈਠਾ ਰਹਿੰਦਾ ਹੈਂ ।

 22. ਹਥੇਲੀ ਵਿੱਚ ਖੁਰਕ ਹੋਣੀ
  ਚੈਨ ਨਾ ਆਉਣਾ - ਚਿੰਤੀ ਬੁੜ੍ਹੀ ਬੜੀ ਕੁਪੱਤੀ ਹੈ । ਦਿਨ ਵਿੱਚ ਜੇ ਉਹ ਕਿਸੇ ਆਂਢਣ-ਗੁਆਂਢਣ ਨਾਲ ਲੜਾਈ ਨਾਂ ਕਰੇ, ਤਾਂ ਉਸ ਦੀ ਹਥੇਲੀ ਤੇ ਖੁਰਕ ਹੋਣ ਲੱਗ ਪੈਂਦੀ ਹੈ ।

 23. ਹਵਾ ਦੇ ਘੋੜੇ ਸਵਾਰ ਹੋਣਾ ਜਾਂ ਚੜ੍ਹਨਾਂ
  ਹੈਂਕੜ ਵਿੱਚ ਹੋਣਾ - ਸੁਸ਼ੀਲ ਦੇ ਪਿਤਾ ਜੀ ਪੁਲਿਸ ਅਫਸਰ ਹਨ, ਇਸ ਲਈ ਉਹ (ਸੁਸ਼ੀਲ) ਹਵਾ ਦੇ ਘੋੜੇ ਤੇ ਚੜ੍ਹਿਆ ਰਹਿੰਦਾ ਹੈ।

 24. ਹੀਜ਼-ਪਿਆਜ਼ ਫਰੋਲਣਾ
  ਸਾਰੀ ਵਿਥਿਆ ਦੱਸ ਦੇਣੀ, ਕੁੱਝ ਵੀ ਨਾ ਲੁਕਾਉਣਾ - ਸਹਿਗਲ ਵਿਰੋਧੀ ਪਾਲਟੀ ਵਿੱਚ ਜਾ ਰਲਿਆ ਤੇ ਉਹਨਾਂ ਅੱਗੇ ਸਾਰਾ ਹੀਜ਼-ਪਿਆਜ਼ ਫੋਲ ਦਿੱਤਾ।

 25. ਕਸਵੱਟੀ ਉੱਪਰ ਲਗਾਉਣਾ
  ਪਰਖਣਾ - ਦੋਸਤਾਂ ਜਾਂ ਰਿਸ਼ਤੇਦਾਰਾਂ ਕਸਵੱਟੀ ਉੱਤੇ ਲੱਗਣ ਦਾ ਉਹ ਸਮਾਂ ਹੁੰਦਾ ਹੈ ਜਦੋਂ ਬਿਪਤਾ ਪੈਂਦੀ ਹੈ। ਸੌਖੇ ਸਮੇਂ ਵਿੱਚ ਤਾਂ ਸਾਰੇ ਦੋਸਤ, ਰਿਸ਼ਤੇਦਾਰ ਚੰਗੇ ਹੁੰਦੇ ਹਨ।

 26. ਕਣਕ ਨਾਲ ਘੁਣ ਪਿਸਣਾ
  ਦੋਸ਼ੀ ਨਾਲ ਲੱਗ ਕੇ ਬੇਦੋਸ਼ੇ ਦਾ ਮਾਰਿਆ ਜਾਣਾ - ਪਿੰਡ ਵਿੱਚ ਸਰਪੰਚ ਕਹਿਣ ਲੱਗਾ, "ਸ਼ਰਾਬ ਕੱਢਣ ਦੀ ਕਰਤੂਤ ਤਾਂ ਦੋ ਤਿੰਨ ਬੰਦੇ ਕਰਦੇ ਹਨ, ਪਰ ਅਸੀਂ ਸਾਰੇ ਕਣਕ ਨਾਲ ਘੁਣ ਵਾਂਗ ਪਿਸ ਰਹੇ ਹਾਂ।"

 27. ਕੱਖ ਭੰਨ ਕੇ ਦੂਹਰਾ ਨਾ ਕਰਨਾ
  ਕੋਈ ਕੰਮ ਨਾ ਕਰਨਾ - ਨਿਖੱਟੂ ਪੁੱਤ ਸਾਰਾ ਦਿਨ ਗਲੀਆਂ ਕੱਛਦਾ ਫਿਰਦਾ ਹੈ, ਪਰ ਉਹ ਕਦੇ ਕੱਖ ਭੰਨ ਕੇ ਦੂਹਰਾ ਨਹੀਂ ਕਰਦਾ। ਵਿਚਾਰਾ ਬਜੁਰਗ ਬਾਪ ਸਾਰਾ ਦਿਨ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਹੈ।

 28. ਕੱਚ ਤੋਂ ਕੰਚਨ ਬਣਾਉਣਾ
  ਗੁਣਹੀਨ ਮਨੁੱਖ ਨੂੰ ਗਣਵੀਨ ਬਣਾਉਣਾ - ਮਿੱਠੂ ਦੇ ਮਾਂ-ਬਾਪ ਉਸ ਦੇ ਮਾਸਟਰ ਤੋਂ ਬਹੁਤ ਖੁਸ਼ ਹਨ, ਕਿਉਂਕਿ ਉਸ ਨੇ ਉਹਨਾਂ ਦੇ ਨਲਾਇਕ ਮੁੰਡੇ ਤੇ ਕਾਫ਼ੀ ਮਿਹਨਤ ਕਰਕੇ ਉਸ ਨੂੰ ਕੱਚ ਤੋਂ ਕੰਚਨ ਬਣਾ ਦਿੱਤਾ।

 29. ਕੱਚਿਆ ਖਾ ਜਾਣਾ
  ਦੁਰਦਸ਼ਾ ਕਰਨੀ, ਬਹੁਤ ਗੁੱਸੇ ਵਿੱਚ ਹੋਣਾ - ਗੁਰਮੀਤ ਨੂੰ ਜਦੋਂ ਪਤਾ ਲੱਗਿਆ ਕਿ ਪੁਲਿਸ ਨੇ ਉਸ ਉੱਪਰ ਝੂਠਾ ਕੇਸ ਪਾ ਦਿੱਤਾ ਹੈ ਤਾਂ ਉਸ ਦੀਆਂ ਅੱਖਾਂ ਏਨੀਆਂ ਲਾਲ ਸਨ , ਲੱਗਦਾ ਸੀ ਕਿ ਇਹ ਉਹਨਾਂ ਨੂੰ ਕੱਚਿਆਂ ਖਾ ਜਾਵੇਗਾ।

 30. ਕਲਮ ਦੇ ਧਨੀ ਹੋਣਾ
  ਵੱਡੇ ਲਿਖਾਰੀ ਹੋਣਾ - ਗੁਰੂ ਗੋਬਿੰਦ ਸਿੰਘ ਜੀ ਜਿਥੇ ਇਕ ਮਹਾਨ ਯੋਧਾ ਸਨ, ਉੱਥੇ ਉਹ ਕਲਮ ਦੇ ਧਨੀ ਵੀ ਸਨ।

 31. ਕੁੱਜੇ ਵਿੱਚ ਸਮੁੰਦਰ ਬੰਦ ਕਰਨਾ
  ਵੱਡੀ ਸਾਰੀ ਗੱਲ ਨੂੰ ਥੋੜੇ ਵਿੱਚ ਮੁਕਾ ਦੇਣਾ - ਸੂਰਜ ਨੇ ਆਪਣੇ ਅਧਿਆਪਕ ਨੂੰ ਕਿਹਾ, "ਮਾਸਟਰ ਜੀ ਤੁਸੀਂ ਏਨੇ ਵੱਡੇ ਪਾਠ ਨੂੰ ਥੋੜੇ ਜਿਹੇ ਸ਼ਬਦਾਂ ਵਿੱਚ ਹੀ ਪੂਰ੍ਹੀ ਤਰ੍ਹਾਂ ਸਮਝਾ ਦਿੱਤਾ ਹੈ, ਜਿਵੇਂ ਕੁੱਜੇ ਵਿੱਚ ਸਮੁੰਦਰ ਬੰਦ ਕਰ ਦਿੱਤਾ ਹੋਵੇ।"

 32. ਕੁੱਬੇ ਨੂੰ ਲੱਤ ਕਾਰੀ ਲਾਉਣੀ
  ਦੁੱਖ ਵਿੱਚੋਂ ਸੁੱਖ ਨਿਕਲਨਾ,ਜਦੋਂ ਮਾੜੇ ਸਲੂਕ ਵਿੱਚੋਂ ਵੀ ਲਾਭ ਹੋ ਜਾਏ - ਸੁਰਜੀਤ ਨੂੰ ਜਦੋਂ ਪ੍ਰਾਈਵੇਟ ਨੌਕਰੀ ਤੋਂ ਜਵਾਬ ਮਿਲਿਆ ਤਾਂ ਉਹ ਬਹੁਤ ਦੁੱਖੀ ਹੋਇਆ , ਪਰ ਕੁੱਝ ਹੀ ਦਿਨ੍ਹਾਂ ਬਆਦ ਉਸ ਨੂੰ ਪੱਕੀ ਤੇ ਚੰਗੇ ਅਹੁਦੇ ਵਾਲੀ ਨੌਕਰੀ ਮਿਲ ਗਈ। ਇਸ ਤਰ੍ਹਾਂ ਕੁੱਬੇ ਨੂੰ ਲੱਤ ਕਾਰੀ ਆ ਗਈ।

 33. ਖ਼ਾਕ ਛਾਣਦੇ ਫਿਰਨਾ
  ਅਵਾਰਾ ਭੌਂਦੇ ਫਿਰਨਾ, ਵਿਅਰਥ ਪੈਂਡੇ ਮਾਰਦੇ ਫਿਰਨਾ - ਰਾਜਿੰਦਰ ਪੜ੍ਹਨ ਵੇਲੇ ਤਾ ਇੱਧਰ-ਉੱਧਰ ਦੀ ਖ਼ਾਕ ਛਾਣਦਾ ਫਿਰਦਾ ਰਿਹਾ। ਪਰ ਸਮਾਂ ਲੰਘ ਜਾਣ ਕਾਰਨ ਹੁਣ ਕਿਧਰੇ ਨੌਕਰੀ ਨਹੀਂ ਮਿਲਦੀ।

 34. ਖ਼ਾਨਾ ਖਰਾਬ ਹੋਣਾ
  ਘਰ ਬਰਬਾਦ ਹੋਣਾ - ਸੁੰਦਰ ਦਾ ਨਵਾਂ ਨੌਕਰ ਉਸਦੇ ਘਰੋਂ ਸਾਰੇ ਗਹਿਣੇ ਤੇ ਨਕਦੀ ਲੈ ਕੇ ਭੱਜ ਗਿਆ। ਜਿਸ ਨਾਲ ਉਸਦਾ ਖ਼ਾਨਾ ਖਰਾਬ ਹੋ ਗਿਆ।

 35. ਖ਼ੁਸ਼ੀ ਵਿੱਚ ਵਾਛਾਂ ਛਿੜ ਜਾਣੀਆਂ
  ਅਤਿ ਖੁਸ਼ ਹੋਣਾ, ਖੁਸ਼ੀ ਨਾਲ ਹਾਸਾ ਨਿਕਲਣਾ - ਤੇਜ ਕੌਰ ਦੀ ਧੀ ਜਦੋਂ 10 ਸਾਲ ਬਆਦ ਅਮਰੀਕਾ ਤੋਂ ਵਾਪਸ ਆਈ ਤਾਂ ਉਸ ਦੀਆਂ ਵਾਛਾਂ ਛਿੜ ਗਈਆਂ।

 36. ਖੂਹ ਨਿਖੁਟ ਜਾਣੇ
  ਸਾਰਾ ਧਨ ਮੁੱਕ ਜਾਣਾ - ਪਿਤਾ ਨੇ ਆਪਣੇ ਵਿਹਲੇ ਰਹਿੰਦੇ ਪੁੱਤ ਨੂੰ ਸਮਝਾਇਆ, "ਪੁੱਤਰ ਹਮੇਸ਼ਾਂ ਵਿਹਲੇ ਰਹਿਣ ਨਾਲ ਖੂਹ ਵੀ ਨਿਖੁਟ ਜਾਦੇ ਹਨ । ਤੂੰ ਕੋਈ ਕੰਮ ਧੰਦਾ ਕਰਿਆ ਕਰ, ਤਾਂ ਜੋ ਤੈਨੂੰ ਕਿਸੇ ਦਾ ਮੁਥਾਜ਼ ਨਾ ਹੋਣਾ ਪਵੇ ।"

 37. ਖੂਨ ਸਫੈਦ ਹੋਣਾ
  ਸੰਬੰਧੀਆਂ ਦਾ ਆਪਸ ਵਿੱਚ ਪਿਆਰ ਨਾ ਰਹਿਣਾ, ਖੁਦਗਰਜ਼ ਹੋਣਾ - ਅੱਜ-ਕੱਲ੍ਹ ਤਾਂ ਸਕੇ ਭੈਣ-ਭਰਾਂਵਾਂ ਦੇ ਖੂਨ ਸਫੈਦ ਹੋ ਗਏ ਹਨ,ਜੇਕਰ ਕਿਸੇ ਇੱਕ ਨੂੰ ਮੁਸੀਬਤ ਪੈ ਜਾਵੇ, ਤਾਂ ਦੂਜਾ ਉਸ ਦੀ ਸਾਰ ਤੱਕ ਨਹੀਂ ਲੈਂਦੇ।

 38. ਖੇਹ ਉਡਾਉਣੀ
  ਬਦਨਾਮੀ ਕਰਨਾ - ਫਕੀਰੀਏ ਦੇ ਮੁੰਡੇ ਨੇ ਦਸਾਂ ਸਾਲਾਂ ਤੋਂ ਚੋਰੀਆਂ ਕਰਕੇ ਜੋ ਖੇਹ ਉਡਾਈ ਹੈ, ਉਸ ਨਾਲ ਸਾਰਾ ਟੱਬਰ ਹੀ ਰੁਲ ਗਿਆ ਹੈ।

 39. ਖੰਭ ਲਾ ਕੇ ਉਡ ਜਾਣਾ
  ਗੁੰਮ ਹੋ ਜਾਣਾ, ਥਹੁ ਪਤਾ ਨਾ ਲੱਗਣਾ - ਅਜੇ ਮੈਂ ਹੁਣੇ ਹੀ ਮੇਜ਼ ਤੇ ਸੌ ਰੁਪਿਆ ਰੱਖਿਆ ਸੀ ਪਰ ਹੁਣ ਲੱਭਦਾ ਨਹੀਂ, ਪਤਾ ਨਹੀਂ ਕਿਧਰ ਖੰਭ ਲਾ ਕੇ ਉਡ ਗਿਆ।

 40. ਗਲ਼-ਪੰਜਾਲੀ ਪਾ ਦੇਣਾ
  ਜੰਜ਼ਾਲਾਂ ਵਿੱਚ ਫਸਾ ਦੇਣਾ - ਮਨਸਾ ਸਿੰਘ ਨੇ ਆਪਣੀ ਧੀ ਛੋਟੀ ਉਮਰ ਵਿੱਚ ਹੀ ਵਿਆਹ ਕੇ ਉਸ ਦੇ ਗਲ਼-ਪੰਜਾਲੀ ਪਾ ਦਿੱਤੀ । ਹੁਣ ਵਿਚਾਰੀ ਨੁੰ ਸਿਰ ਖੁਰਕਣ ਦੀ ਵਿਹਲ ਨਹੀਂ ਮਿਲਦੀ।

 41. ਗ਼ਲੀਆਂ ਦੇ ਕੱਖਾਂ ਨਾਲੋਂ ਹੋਲੇ ਹੋਣਾ
  ਕੋਈ ਸਤਿਕਾਰ ਨਾ ਰਹਿਣਾ - ਗਰੀਬ-ਦਾਸ ਦਾ ਰਿਸ਼ਵਤ ਖੋਰੀ ਨਾਲ ਕਮਾਇਆ ਹੋਇਆ ਧਨ ਖ਼ਤਮ ਹੋ ਗਿਆ ਹੈ। ਹੁਣ ਉਸ ਨੂੰ ਕੋਈ ਨਹੀਂ ਪੁੱਛਦਾ, ਉਸ ਦੀ ਹਾਲਤ ਗਲੀਆਂ ਦੇ ਕੱਖਾਂ ਨਾਲੋਂ ਹੋਲੀ ਹੋ ਗਈ ਹੈ।

 42. ਘਿਓ-ਸ਼ੱਕਰ ਹੋਣਾ
  ਆਪੋ ਵਿੱਚ ਸੁਭਾਅ ਮਿਲ ਜਾਣੇ - ਜਿਹੜੇ ਪਰਿਵਾਰਾਂ ਦੇ ਮੰਦਰ ਆਪਸ ਵਿੱਚ ਘਿਓ-ਸ਼ੱਕਰ ਹੋ ਕੇ ਰਹਿੰਦੇ ਹਨ, ਉਹ ਹਮੇਸ਼ਾਂ ਤਰੱਕੀ ਕਰਦੇ ਹਨ।

 43. ਘੜੀ ਦਾ ਘੁੱਥਾ
  ਵੇਲੇ ਸਿਰ ਕੰਮ ਕਰਨ ਤੋਂ ਉੱਕ ਜਾਣਾ ਤੇ ਬਾਅਦ ਵਿੱਚ ਪਛਤਾਉਣਾ - ਵਕਤ ਸਿਰ ਕੰਮ ਕਰਨ ਵਾਲਾ ਵਿਅਕਤੀ ਹਮੇਸ਼ਾਂ ਕਾਮਯਾਬ ਰਹਿੰਦਾ ਹੈ । ਵਕਤ ਦੀ ਕਦਰ ਨਾਂ ਕਰਨ ਵਾਲੇ ਨਾਲ ਤਾਂ 'ਘੜੀ ਦਾ ਘੁੱਥਾ' ਵਾਲੀ ਗੱਲ ਹੁੰਦੀ ਹੈ।

 44. ਘੁੰਡੀ ਖੋਲਣੀ
  ਭੇਤ ਦੀ ਗੱਲ ਸਮਝਾ ਦੇਣੀ - ਬੀਰਬਲ, ਅਕਬਰ ਬਾਦਸ਼ਾ ਅੱਗੇ ਰਾਜਸੀ ਮਾਮਲਿਆਂ ਦੀ ਸਾਰੀ ਘੁੰਡੀ ਖੋਲ ਦਿੰਦਾ ਸੀ।

 45. ਚਿੱਕੜ ਵਿੱਚ ਕੰਵਲ ਹੋਣਾ
  ਮਾਮੂਲੀ ਘਰ ਵਿੱਚ ਸੋਹਣਾ, ਸੁਘੜ ਮਨੁੱਖ ਹੋਣਾ, ਮਾਮੂਲੀ ਥਾਂ ਤੇ ਚੰਗੀ ਚੀਜ਼ ਦਾ ਹੋਣਾ - ਉੱਘਾ ਸਾਹਿਤਕਾਰ, ਪੱਤਰਕਾਰ ਅਤੇ ਸਮਾਜਿਕ -ਸੁਧਾਰ ਗਿਆਨੀ ਦਿੱਤ ਸਿੰਘ ਆਪਣੇ ਇਹਨਾਂ ਗੁਣਾਂ ਕਰਕੇ ਹੀ ਜਿਵੇਂ ਚਿੱਕੜ ਵਿੱਚ ਉੱਘੇ ਕੰਵਲ ਵਾਂਗ ਸੀ।

 46. ਚਿਹਰੇ ਤੇ ਗਿੱਠ-ਗਿੱਠ ਲਾਲੀ ਹੋਣਾ
  ਬਹੁਤ ਖੁਸ਼ੀ ਤੇ ਨਿਰੋਏਪਨ ਦੇ ਨਿਸ਼ਾਨ - ਹਰਭਜਨ ਕੌਰ ਦੀ ਕੁੜੀ ਜਦੋਂ ਐੱਮ. ਬੀ.ਬੀ. ਐੱਸ ਵਿੱਚੋਂ ਪਹਿਲੇ ਦਰਜੇ ਵਿੱਚ ਪਾਸ ਹੋਈ, ਤਾਂ ਉਸ ਦੇ ਚਿਹਰੇ ਤੇ ਗਿੱਠ-ਗਿੱਠ ਲਾਲੀ ਚੜ੍ਹੀ ਹੋਈ ਸੀ।

 47. ਚੀਨੀ-ਚੀਨੀ ਹੋ ਜਾਣਾ
  ਕਿਣਕਾ-ਕਿਣਕਾ ਹੋ ਜਾਣਾ - ਵਾਢੀ ਦੇ ਦਿਨਾਂ ਵਿੱਚ ਬਹੁਤ ਵੱਡਾ ਹਨੇਰੀ ਤੇ ਤੁਫਾਨ ਆਉਣ ਕਰਕੇ, ਵੱਢੀ ਹੋਈ ਕਣਕ ਚੀਨੀ-ਚੀਨੀ ਹੋ ਗਈ, ਜਿਸ ਨਾਲ ਵਿਚਾਰੇ ਜਿਮ਼ੀਂਦਾਰਾਂ ਦਾ ਬਹੁਤ ਨੁਕਸਾਨ ਹੋਇਆ।

 48. ਛੱਤ ਸਿਰ ਤੇ ਚੁੱਕ ਲੈਣੀ
  ਬਹੁਤ ਰੌਲ੍ਹਾ ਪਾਉਣਾ, ਉੱਚੀ-ਉੱਚੀ ਬੋਲਣਾ - ਕਿਸੇ ਕਾਰਨ ਕਰਕੇ ਅਧਿਆਪਕ ਜਮਾਤ ਵਿੱਚ ਆਉਣ ਤੋਂ ਪੰਜ ਕੁ ਮਿੰਟ ਲੇਟ ਹੋ ਗਿਆ । ਬਸ ਏਨੇ ਚ ਬੱਚਿਆਂ ਨੇ ਛੱਤ ਸਿਰ ਤੇ ਚੁੱਕ ਲਈ।

 49. ਛਾਉਂ-ਮਾਉਂ ਹੋ ਜਾਣਾ
  ਲੁਕ ਜਾਣਾ, ਖਿਸਕ ਜਾਣਾ - ਬਿੱਲੀ ਨੇ ਜਿਉਂ ਹੀ ਮਿਆਉਂ-ਮਿਆਉਂ ਕੀਤਾ ਤਾਂ ਚੂਹਾ ਮਿੰਟਾਂ ਵਿੱਚ ਛਾਉਂ- ਮਾਉਂ ਹੋ ਗਿਆ।

 50. ਛਿੱਤਰ-ਖੋਸੜਾ ਹੋਣਾ
  ਆਪਸ ਵਿੱਚ ਲੜਨਾਂ - ਪ੍ਰੇਮ ਚੰਦ ਦੇ ਮਰਨ ਮਗਰੋਂ ਉਸ ਦੇ ਦੋਨੋਂ ਪੁੱਤਰ ਜਾਇਦਾਦ ਪਿੱਛੇ ਛਿੱਤਰ-ਖੋਸੜਾ ਹੋ ਪਏ, ਤਾਂ ਸਾਰੇ ਕਹਿਣ ਲੱਗੇ, ਪਿਓ ਨੂੰ ਆਪਣੇ ਜਿਉਂਦੇ ਜੀ ਹੀ ਜਾਇਦਾਦ ਦਾ ਬਟਵਾਰਾ ਕਰਨਾ ਚਾਹੀਦਾ ਹੈ।

 51. ਜੱਸ ਦਾ ਟਿੱਕਾ ਲੈਣਾ
  ਵਡਿਆਈ ਮਿਲਣੀ - ਇਮਾਨਦਾਰੀ ਨਾਲ ਕੰਮ ਕਰਨ ਵਾਲੇ ਨੂੰ ਹਮੇਸ਼ਾਂ ਜੱਸ ਦਾ ਟਿੱਕਾ ਮਿਲਦਾ ਹੈ।

 52. ਜ਼ਫਰ ਜਾਲਣਾ
  ਦੁੱਖ ਤੇ ਔਖ ਕੱਟਣੀ, ਕਰੜ੍ਹੀ ਮਿਹਨਤ ਕਰਨੀ - ਪੜਾਈ ਕਰਨ ਦੇ ਅਰਸੇ ਦੋਰਾਨ ਜਿਹੜਾ ਵਿਦਿਆਰਥੀ ਜ਼ਫਰ ਜਾਲਦਾ ਹੈ, ਉਹ ਸਾਰੀ ਉਮਰ ਸੁੱਖ ਦੀ ਨੀਂਦ ਸੌਂਦਾ ਹੈ।

 53. ਜਮ ਦੇ ਮੂੰਹੋਂ ਵਾਪਸ ਲਿਆਉਣਾ
  ਮੌਤ ਤੋਂ ਬਚਾਉਣਾ - ਬਲਦੇਵ ਜਦੋਂ ਸਟੋਵ ਬਾਲਣ ਲੱਗਿਆ ਅਚਾਨਕ ਅੱਗ ਲੱਗ ਗਈ ਤਾਂ ਉਸ ਦੀ ਹਾਲਤ ਬੜੀ ਗੰਭੀਰ ਸੀ, ਪਰ ਡਾਕਟਰਾਂ ਦੇ ਇਲਾਜ ਨੇ ਅਤੇ ਉਸ ਦੀ ਪਤਨੀ ਕੁਸ਼ਲਿਆ ਦੀ ਸੇਵਾ ਨੇ ਉਸ ਨੂੰ ਮੌਤ ਦੇ ਮੂਹੋਂ ਵਾਪਸ ਲੈ ਆਂਦਾ।

 54. ਜ਼ਮੀਨ ਆਸਮਾਨ ਦੇ ਕਲਾਬੇ ਮੇਲ ਦੇਣੇ
  ਬੇਅੰਤ ਝੂਠੀਆਂ ਗੱਲਾਂ ਆਖਣੀਆਂ - ਮੈਂ ਗੁਰਜੀਤ ਨੂੰ ਪਿਛਲੇ ਵੀਹ ਸਾਲਾਂ ਦੀ ਜਾਣਦੀ ਹਾਂ, ਉਹ ਜ਼ਮੀਨ ਅਸਮਾਨ ਦੇ ਕਲਾਬੇ ਮੇਲਣ ਵਿੱਚ ਮਾਹਿਰ ਹੈ, ਉਸ ਦੀਆਂ ਗੱਲਾਂ ਸਚਾਈ ਤੋਂ ਕੋਹਾਂ ਦੂਰ ਹਨ।

 55. ਜੀਭ 'ਤੇ ਜੰਦਰਾ ਲਾਉਣਾ
  ਚੁੱਪ-ਚਾਪ ਰਹਿਣਾ, ਖਾਮੋਸ਼ ਰਹਿਣਾ - ਕਮਜ਼ੋਰ ਧਿਰ ਨੂੰ ਤਾਕਤਵਾਰ ਧਿਰ ਸਾਹਮਣੇ ਜੀਭ ' ਤੇ ਜੰਦਰਾ ਲਾ ਕੇ ਹੀ ਗੁਜ਼ਾਰਾ ਕਰਨਾ ਪੈਂਦਾ ਹੈ।

 56. ਝਾਂਸੇ ਵਿੱਚ ਆਉਣਾ
  ਕਿਸੇ ਦੇ ਦਿੱਤੇ ਲਾਲਚ ਜਾਂ ਗੱਲਾਂ ਵਿੱਚ ਫਸ ਜਾਣਾਂ - ਅੱਜ-ਕੱਲ ਦੇ ਨੌਜਵਾਨਾ ਨੂੰ ਵਿਦੇਸ਼ਾਂ ਵਿੱਚ ਜਾ ਕੇ ਪੈਸੇ ਕਮਾਉਣ ਦਾ ਲਾਲਚ ਹੋ ਗਿਆ ਹੈ, ਇਸ ਲਾਲਚ ਵਿੱਚ ਉਹ ਜਾਅਲੀ ਏਜੰਟਾਂ ਦੇ ਝਾਂਸੇ ਵਿੱਚ ਆ ਜੇ ਪੈਸਿਆਂ ਤੋਂ ਵੀ ਹੱਥ ਧੋ ਲੈਂਦੇ ਹਨ।

 57. ਝੋਲੀ ਚੁੱਕਣੀ
  ਖੁਸ਼ਾਮਦ ਕਰਨੀ - ਕੁੱਝ ਲੋਕ ਆਪਣੀ ਜ਼ਮੀਰ ਨੂੰ ਸ਼ਿੱਕੇ ਟੰਗ ਕੇ ਸਾਰੀ ਉਮਰ ਅਫਸਰਾਂ ਦੀ ਝੋਲੀ ਚੁੱਕਣ ਵਿੱਚ ਹੀ ਲਗਾ ਦਿੰਦੇ ਹਨ।

 58. ਝਾਟੇ ਵਿੱਚ ਸੁਆਹ ਪਾਉਣੀ
  ਖ਼ੁਆਰ ਕਰਨਾ, ਬੇਪਤੀ ਕਰਨਾ - ਸੁੱਚਾ ਸਿੰਘ ਨੇ ਆਪਣੇ ਚੰਗੇ ਕਰਮਾਂ ਕਰਕੇ ਚੰਗਾਂ ਨਾਮ ਕਮਾਇਆ ਸੀ, ਪਰ ਉਸ ਦੇ ਦੋਵੇਂ ਪੁੱਤਰਾਂ ਨੇ ਕਾਲਾ ਧੰਦਾ ਕਰਕੇ ਬੁੱਢੇ-ਵਾਰੇ ਉਸ ਦੇ ਝਾਟੇ ਵਿੱਚ ਸੁਆਹ ਪਾ ਦਿੱਤੀ।

 59. ਟਸ ਤੋਂ ਮਸ ਨਾ ਹੋਣਾ
  ਰਤਾ ਵੀ ਪਰਵਾਹ ਨਾ ਕਰਨਾ - ਸਰਹੰਦ ਦੇ ਨਵਾਬ ਨੇ ਛੋਟੇ ਸਹਿਬਜ਼ਾਦਿਆਂ ਨੂੰ ਬੜੇ ਲਾਲਚ ਦਿੱਤੇ ਕਿ ਉਹ ਆਪਣਾ ਧਰਮ ਤਿਆਗ ਕੇ ਇਸਲਾਮ ਧਰਮ ਗ੍ਰਹਿਣ ਕਰ ਲੈਣ, ਪਰ ਉਹ ਟਸ ਤੋਂ ਮਸ ਨਾ ਹੋਏ।

 60. ਟਹਿ-ਟਹਿ ਕਰਨਾ
  ਬਹੁਤ ਖੁਸ ਹਣਾ - ਜਗਬੀਰ ਦਾ ਪੁੱਤਰ ਜਦੋਂ ਪੰਜ ਸਾਲ ਬਆਦ ਅਮਰੀਕਾ ਤੋਂ ਆਪਣੀ ਪੜਾਈ ਖਤਮ ਕਰਕੇ ਘਰ ਮੁੜ ਆਇਆ, ਤਾਂ ਖੁਸ਼ੀ ਨਾਲ ਉਸ ਦਾ ਚਿਹਰਾ ਟਹਿ-ਟਹਿ ਕਰ ਰਿਹਾ ਸੀ।


ਇਸ ਨਾਲ ਸੰਬੰਧਤ ਪੰਨੇ
 • ਅਖਾਉਂਤਾਂ

 • ਪਿਛਲੇ ਪੰਨੇ ਤੇ ਜਾਣ ਲਈ ਇਥੇ ਦਬਾਓ


  Advertisement Zone Below

  ਸਭ ਹੱਕ ਰਾਖਵੇਂ ਹਨ © ੨੦੦੮
  ਸਰਦਾਰੀ ਕਲੱਬ (ਪੰਜਾਬ)