
ਪੰਜਾਬ ਦਾ ਰਹਿਣ-ਸਹਿਣ
ਰਹਿਣ-ਸਹਿਣ, ਰਹਿਤੱਲ-ਬਹਿਤੱਲ, ਰਹਿਣੀ ਬਹਿਣੀ ਸਮਾਨਾਰਥੀ ਸ਼ਬਦ ਹਨ। ਇਹ ਸ਼ਬਦ ਆਮ ਤੌਰ ਉੱਤੇ ਦੋ ਅਰਥਾਂ ਵਿੱਚ ਵਰਤੇ ਜਾਂਦੇ ਹਨ। ਪਹਿਲੇ ਅਰਥ ਵਿੱਚ ਰਹਿਣ-ਸਹਿਣ ਤੋਂ ਭਾਵ ਜੀਵਨ-ਪੱਧਰ ਵਜੋਂ ਲਿਆ ਜਾਂਦਾ ਹੈ। ਇਸ ਵਿਧੀ ਅਨੁਸਾਰ ਜਦੋਂ ਅਸੀਂ ਰਹਿਣ-ਸਹਿਣ ਦਾ ਅਧਿਐਨ ਕਰਦੇ ਹਾਂ ਤਾਂ ਇਹ ਸਮਝਣ ਦਾ ਯਤਨ ਕਰਦੇ ਹਾਂ ਕਿ ਪੰਜਾਬ ਦੇ ਜੀਵਨ ਮਿਆਰ ਨੂੰ ਕਿਹੜੇ-ਕਿਹੜੇ ਤੱਥ ਪ੍ਰਭਾਵਿਤ ਕਰਦੇ ਹਨ --ਪੰਜਾਬ ਵਿੱਚ ਪ੍ਰਤਿ ਵਿਅਕਤੀ ਕਿੰਨੀ ਆਮਦਨ ਹੈ? ਇਸ ਆਮਦਨ ਨੂੰ ਲੋਕ ਕਿੰਨਾ ਖਾਣ-ਪੀਣ, ਕਿੰਨਾ ਪੜ੍ਹਨ-ਲਿਖਣ, ਕਿੰਨਾ ਸੈਰ ਸਪਾਟੇ ਅਤੇ ਕਿੰਨਾ ਪਦਾਰਥਵਾਦੀ ਵਸਤਾਂ ਦੀ ਖਰੀਦ ਲਈ ਖ਼ਰਚ ਕਰਦੇ ਹਨ?
ਰਹਿਣ-ਸਹਿਣ ਤੋਂ ਦੂਸਰਾ ਅਰਥ ਜੀਵਨ-ਜਾਚ ਵਜੋਂ ਲਿਆ ਅਤੇ ਸਮਝਿਆ ਜਾਂਦਾ ਹੈ, ਭਾਵ ਕਿਸੇ ਇਲਾਕੇ ਵਿਸ਼ੇਸ਼ ਦੇ ਲੋਕਾਂ ਕਿਵੇਂ ਕੁਦਰਤ ਦੀਆਂ ਬਖਸ਼ਿਸ਼ਾਂ ਅਤੇ ਕਰੋਪੀਆਂ ਦਾ ਸਾਹਮਣਾ ਕਰਦੇ ਹੋਏ ਆਪਣੇ ਕੰਮਾਂ-ਧੰਦਿਆਂ ਨਾਲ ਸਮਾਜਿਕ ਬਣਤਰ ਅਤੇ ਰਾਜਸੀ ਪ੍ਰਬੰਧ ਨੂੰ ਵਿਉਂਤਦੇ ਹੋਏ, ਆਪਣੇ ਪਿੰਡਾਂ, ਕਸਬਿਆਂ, ਨਗਰਾਂ, ਮਹਾਂਨਗਰਾਂ ਦਾ ਵਿਕਾਸ ਕੀਤਾ। ਸੱਭਿਅਤਾ ਦੀਆਂ ਕਿੰਨੀਆਂ ਉੱਚੀਆਂ ਸਿਖਰਾਂ ਨੂੰ ਛੋਹਿਆ। ਜਦੋਂ ਰਹਿਣ-ਸਹਿਣ ਤੋਂ ਭਾਵ ਜੀਵਨ-ਪੱਧਰ ਵਜੋਂ ਲਿਆ ਜਾਂਦਾ ਹੈ ਤਾਂ ਇਹ ਮੁੱਖ ਤੌਰ ਤੇ ਅਰਥ-ਸ਼ਾਸਤਰ ਦਾ ਵਿਸ਼ਾ-ਵਸਤੂ ਹੋ ਨਿਬੜਦਾ ਹੈ, ਪਰ ਜਦੋਂ ਰਹਿਣ-ਸਹਿਣ ਤੋਂ ਭਾਵ ਜੀਵਨ-ਜਾਚ ਵਜੋਂ ਲਿਆ ਜਾਏਗਾ ਤਾਂ ਇਹਦੇ ਘੇਰੇ ਵਿੱਚ ਇਤਿਹਾਸ, ਸਮਾਜ ਸ਼ਾਸਤਰ, ਧਾਰਮਿਕ ਅਸੂਲ, ਮਾਨਵ ਵਿਗਿਆਨ, ਰਾਜਨੀਤੀ ਸ਼ਾਸਤਰ, ਵਸਤੂ-ਕਲਾ ਅਤੇ ਪਿੰਡਾਂ ਅਤੇ ਸ਼ਹਿਰਾਂ ਦੀ ਯੋਜਨਾ ਆਦਿ ਕਈ ਵਿਗਿਆਨਾਂ ਅਤੇ ਸ਼ਾਸਤਰਾਂ ਦਾ ਬਹੁਪੱਖੀ ਅਤੇ ਬਹੁਮੁਖੀ ਅਧਿਐਨ ਆਉਂਦਾ ਹੈ। ਪੰਜਾਬ ਦੇ ਰਹਿਣ-ਸਹਿਣ ਨੂੰ ਜੀਵਨ-ਜਾਚ ਦੇ ਸੰਕਲਪ ਵਜੋਂ ਸਮਝਣ ਦਾ ਯਤਨ ਕਰਦੇ ਹੋਏ ਇਸ ਲੇਖ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ।
(ੳ) ਰਹਿਣ-ਸਹਿਣ ਦੀ ਪਰਿਭਾਸ਼ਾ ਅਤੇ ਸੰਕਲਪ
(ਅ) ਪੰਜਾਬੀ ਰਹਿਣ-ਸਹਿਣ ਅਤੇ ਇਸਨੂੰ ਪ੍ਰਭਾਵਤ ਕਰਦੇ ਤੱਤ
ਪਿਛਲੇ ਪੰਨੇ ਤੇ ਜਾਣ ਲਈ ਇਥੇ ਦਬਾਓ