
ਪੰਜਾਬ ਦਾ ਰਹਿਣ-ਸਹਿਣ
(ੳ) ਰਹਿਣ-ਸਹਿਣ ਦੀ ਪਰਿਭਾਸ਼ਾ ਅਤੇ ਸੰਕਲਪ
ਰਹਿਣ-ਸਹਿਣ ਜੀਵਨ-ਪੰਧ ਦੀ ਸਰੋਦੀ ਸੁਰ ਹੈ। ਰਹਿਣ-ਸਹਿਣ ਸਮਾਜਿਕ ਬਣਤਰ ਦਾ ਉਹ ਤਾਣਾ-ਪੇਟਾ ਹੈ ਜਿਸ ਅਧੀਨ ਲੋਕਾਂ ਦਾ ਸਮਾਜ ਵਿੱਚ ਰੁਤਬਾ ਅਤੇ ਕੰਮਾਂ, ਧੰਦਿਆਂ ਦੀ ਵਿਸ਼ੇਸ਼ਤਾ ਮਿਥੀ ਜਾਂਦੀ ਹੈ। ਰਹਿਣ-ਸਹਿਣ ਰਾਜਸੀ ਅਤੇ ਆਰਥਿਕ ਚੇਤਨਾ ਹੈ ਜਿਸ ਅਧੀਨ ਜੀਵਨ-ਜਾਚ ਦੇ ਅਸੂਲ ਅਤੇ ਮਰਯਾਦਾ ਸਥਾਪਤ ਕੀਤੀ ਜਾਂਦੀ ਹੈ। ਰਹਿਣ-ਸਹਿਣ ਰਿਸ਼ਤਿਆਂ ਦੀ ਉਹ ਕੜੀ ਹੈ ਜਿਸ ਅਧੀਨ ਮਨੁੱਖ, ਮਨੁੱਖ ਨਾਲ, ਮਨੁੱਖ ਪਰਿਵਾਰ ਨਾਲ, ਪਰਿਵਾਰ ਗਲੀ ਮੁੱਹਲੇ ਸਹਿਰ ਅਤੇ ਦੇਸ ਦੇ ਪਰਿਵਾਰਾਂ ਨਾਲ ਸਾਂਝ ਦੀ ਮਾਲਾ ਵਿਚ ਪਰੋਏ ਜਾਂਦੇ ਹਨ।
ਰਹਿਣ-ਸਹਿਣ ਹੈ, ਕੁਦਰਤ ਦੀਆਂ ਅਨਮੋਲ ਦਾਤਾਂ, ਉਪਜਾਊ ਮਿੱਟੀ, ਪੰਜ ਦਰਿਆਵਾਂ ਦੇ ਪਾਣੀਆਂ, ਜੰਗਲਾਂ-ਬੇਲਿਆਂ ਨੂੰ ਕਿਵੇਂ ਪੰਜਾਬੀਆਂ ਪੀੜ੍ਹੀ-ਦਰ-ਪੀੜ੍ਹੀ ਦੇ ਤਜਰਬੇ ਅਨੁਸਾਰ ਵਰਤੋਂ ਯੋਗ ਬਣਾ ਕੇ ਵਿਕਾਸ ਦੀਆਂ ਮੰਜ਼ਲਾਂ ਵੱਲ ਕਦਮ ਪੁੱਟੇ। ਰਹਿਣ-ਸਹਿਣ ਸੰਕਲਪਾਂ ਅਤੇ ਤਕਨੀਕਾਂ ਦਾ ਉਹ ਰਚਨਾ ਪ੍ਰਵਾਹ ਹੈ ਜਿਸ ਅਨੁਸਾਰ ਲੋਕਾਂ ਆਪਣੇ ਘਰਾਂ, ਮੁਹੱਲਿਆਂ, ਪਿੰਡਾਂ, ਸ਼ਹਿਰਾਂ ਦੀ ਸਥਾਪਨਾ ਅਤੇ ਵਿਕਾਸ ਕੀਤਾ। ਓਪਰੀ ਨਜ਼ਰੇ ਰਹਿਣ-ਸਹਿਣ, ਅਹਿਲ, ਅਡੋਲ, ਬੇਰਸ, ਬੇਰੰਗ, ਜ਼ਿੰਦਗੀ ਦਾ ਅਕਸ ਲਗਦਾ ਹੈ ਪਰ ਅਸਲ ਵਿੱਚ ਇਹ ਬੇਰੰਗ ਅਤੇ ਬੇਰਸ ਜ਼ਿੰਦਗੀ ਤੋਂ ਨਜ਼ਾਤ ਦਵਾ ਕੇ ਉਹਦੇ ਵਿੱਚ ਗਿੱਧੇ, ਭੰਗੜੇ, ਬੋਲੀਆਂ, ਟੱਪੇ, ਲੋਕ-ਗੀਤਾਂ ਦਾ ਰਸ ਢੋਲ ਦੇ ਡੱਗੇ ਨਾਲ ਮੱਚਦਾ ਖਰੂਦ, ਖ਼ੁਸ਼ੀ ਅਤੇ ਮਸਤੀ ਦੇ ਰੰਗ ਭਰਦਾ ਹੈ। ਰਹਿਣ-ਸਹਿਣ, ਰੰਗਾਂ, ਰੌਣਕਾਂ, ਮੇਲਿਆਂ, ਤਿਉਹਾਰਾਂ, ਗੁਰਪੁਰਬਾਂ ਦਾ ਉਹ ਉਤਸ਼ਾਹ ਹੈ ਜਿਸ ਅਧੀਨ ਕਿਸੇ ਸਮੇਂ ਕੀ ਕਰਨਾ ਹੈ, ਕੀ ਨਹੀਂ ਕਰਨਾ, ਜੋ ਕਰਨਾ ਹੈ ਉਹ ਕਿਵੇਂ ਕਰਨਾ ਹੈ, ਦੇ ਆਦਰਸ਼ ਅਤੇ ਵਿਧੀ-ਵਿਧਾਨ ਮਿਥੇ ਜਾਂਦੇ ਹਨ। ਰਹਿਣ-ਸਹਿਣ, ਖਾਣ-ਪੀਣ ਦੀਆਂ ਵਸਤਾਂ ਦੀ ਮਹਿਕ ਹੈ, ਸਵਾਦ ਹੈ ਜਿਨ੍ਹਾਂ ਵਸਤਾਂ ਦੀ ਕਲਪਨਾ ਮਾਤਰ ਨਾਲ ਮੂੰਹ ਵਿੱਚ ਪਾਣੀ ਆ ਜਾਏ। ਜਦੋਂ ਅਸੀਂ ਰਹਿਣ-ਸਹਿਣ ਦੀ ਇਸ ਪਰਿਪੇਖ ਵਿੱਚ ਪਰਿਭਾਸ਼ਾ ਕਰਨ ਦੀ ਕੋਸ਼ਸ਼ ਕਰਦੇ ਹਾਂ ਤਾਂ ਰਹਿਣ-ਸਹਿਣ ਸਭਿਆਚਾਰ ਦਾ ਮੂਰਤੀਮਾਨ ਰੂਪ ਬਣ ਕੇ ਝਲਕਦਾ ਹੈ।
ਹਰ ਸਮਾਜ ਆਪਣੀਆਂ ਲੋੜਾਂ ਮੁਤਾਬਕ ਚਿੰਨ੍ਹਾਂ, ਪ੍ਰਤੀਕਾਂ, ਬਿੰਬਾਂ ਦੀ ਭਾਸ਼ਾ ਦਾ ਇਕ ਰਚਨਾ-ਪ੍ਰਸਾਰ ਰਿਸਜਦਾ ਹੈ। ਇਹ ਚਿੰਨ੍ਹ, ਪ੍ਰਤੀਕ, ਬਿੰਬ ਅਤੇ ਸੰਕਲਪ ਰਹਿਣ-ਸਹਿਣ ਦੇ ਬਹੁਤ ਸਾਰੇ ਪਾਸਾਰ ਨੂੰ ਸਮਝਣ ਵਿੱਚ ਸਹਾਇਕ ਹੁੰਦੇ ਹਨ। ਜਦੋਂ ਅਸੀਂ ਰਹਿਣ-ਸਹਿਣ ਨਾਲ ਜੁੜੇ ਅਰਥਾਂ ਨੂੰ ਸਮਝਣ ਦੀ ਕੋਸ਼ਸ਼ ਕਰਦੇ ਹਾਂ ਤਾਂ ਇਸ ਕੋਸ਼ਸ਼ ਵਿੱਚ ਅਸੀਂ ਇਲਾਕੇ-ਵਿਸ਼ੇਸ਼ ਦੇ ਸਭਿਆਚਾਰਿਕ ਵਿਰਸੇ ਦੀ ਝਲਕ ਵੇਖਦੇ ਹਾਂ।
ਜਦੋਂ ਅਸੀਂ ਇਹ ਦੇਖਦੇ ਹਾਂ ਕਿ ਪੰਜਾਬੀਆਂ ਕਿਵੇਂ ਪੀੜ੍ਹੀ-ਦਰ-ਪੀੜ੍ਹੀ ਆਪਣੇ ਚੌਗਿਰਦੇ ਨੂੰ ਆਪਣੀਆਂ ਲੋੜਾਂ ਮੁਤਾਬਕ ਢਾਲਿਆ, ਕਿਵੇਂ ਛੱਪੜਾਂ ਵਿੱਚੋਂ ਗਾਰਾ ਕੱਢ ਕੇ ਘਰਾਂ ਨੂੰ ਬਣਾਇਆ, ਕਿਵੇਂ ਮੰਡਾਂ, ਜੰਗਲਾਂ-ਬੇਲਿਆਂ ਵਿੱਚੋਂ ਘਾਹ-ਫੂਸ, ਸਰਕੰਡਾ, ਕਾਨੇ ਲਿਆ ਕੇ ਛੰਨਾ ਢਾਰਿਆਂ ਦਾ ਨਿਰਮਾਣ ਕੀਤਾ, ਕਿਵੇਂ ਰੁੱਖਾਂ ਦੀ ਸੰਭਾਲ ਅਤੇ ਪੂਜਾ ਕਰਨੀ ਸਿੱਖੀ, ਕਿਵੇਂ ਪਸੂ ਪਾਲਣੇ ਸਿੱਖੇ, ਕਿਵੇਂ ਫ਼ਸਲਾਂ ਉਗਾਉਣੀਆਂ ਸਿੱਖੀਆਂ ਤਾਂ ਰਹਿਣ-ਸਹਿਣ ਇਸ ਪ੍ਰਸੰਗ ਵਿੱਚ ਮਾਨਵ-ਵਿਗਿਆਨ (ਐਂਨਥ੍ਰੋਪੋਲੋਜੀ) ਦੀਆਂ ਉਹ ਵਿਧੀਆਂ ਅਤੇ ਤਕਨੀਕਾਂ ਬਣ ਜਾਂਦਾ ਹੈ ਜਿਨ੍ਹਾਂ ਅਧੀਨ ਪੰਜਾਬੀਆਂ ਚੌਗਿਰਦੇ ਨੂੰ ਵਿਉਂਤਿਆ, ਸੰਗਠਿਤ ਕੀਤਾ ਅਤੇ ਵਿਕਸਿਤ ਕੀਤਾ। ਮਾਨਵ-ਵਿਗਿਆਨ ਨਾਲ ਜੁੜਦੇ ਸੰਕਲਪਾਂ ਦੀ ਵਿਕਾਸ ਪ੍ਰਕਿਰਿਆ ਨੂੰ ਸਮਝਣ ਦੀ ਕੋਸ਼ਸ਼ ਕਰਦੇ ਕਰਦੇ ਹੋਏ ਸਾਡੇ ਸੱਭਿਆਚਾਰਕ ਵਿਰਸੇ ਦੀਆਂ ਪੀੜ੍ਹੀ-ਦਰ-ਪੀੜ੍ਹੀ ਪਰਤਾਂ ਖੁੱਲ੍ਹਦੀਆਂ ਚਲੀਆਂ ਜਾਂਦੀਆਂ ਹਨ।
ਇੰਞ ਕਰਦੇ ਹੋਏ ਸਾਨੂੰ ਸਮਝ ਆਉਂਦੀ ਹੈ ਕਿ ਸਾਡੇ ਵੱਡੇ-ਵਡੇਰਿਆਂ, ਗੁਰੂਆਂ, ਪੀਰਾਂ, ਰਿਸ਼ੀਆਂ, ਮੁਨੀਆਂ ਨੇ ਸਾਡੇ ਸੱਭਿਆਚਾਰਿਕ ਵਿਰਸੇ ਨੂੰ ਕਿਵੇਂ ਉਸਾਰਿਆ, ਵਿਕਸਿਤ ਕੀਤਾ ਅਤੇ ਮਹਾਂਪੁਰਖਾਂ ਦੀ ਸਾਡੇ ਵਿਰਸੇ ਨੂੰ ਕਿੰਨੀ ਮਹਾਨ ਦੇਣ ਹੈ। ਮਹਾਂਪੁਰਖਾਂ ਦੀ ਦੇਣ ਨੂੰ ਸਮਝਦੇ ਹੀ ਇੱਕ ਪਾਸੇ ਗੁਰੂਆਂ, ਪੀਰਾਂ ਪ੍ਰਤਿ ਸ਼ਰਧਾ ਵਜੋਂ ਸਾਡਾ ਸਿਰ ਝੁਕ ਜਾਂਦਾ ਹੈ। ਦੂਜੇ ਪਾਸੇ ਅਸੀਂ ਚੇਤੰਨ ਹੁੰਦੇ ਹਾਂ ਕਿ ਸਾਡਾ ਵਿਰਸਾ ਕਿੰਨਾ ਮਹਾਨ ਹੈ ਅਤੇ ਇਸ ਵਿਰਸੇ ਦੀ ਸਾਂਭ, ਸੰਭਾਲ ਅਤੇ ਸਮਝ ਕਿੰਨੀ ਅਹਿਮ ਜ਼ਰੂਰਤ ਹੈ।
ਰਹਿਣ-ਸਹਿਣ ਸ਼ਾਂਤ ਪਾਣੀ ਵਾਂਗ ਠਹਿਰਿਆ ਹੋਇਆ ਸੰਕਲਪ ਨਹੀਂ, ਸਗੋਂ ਇੱਕ ਗਤੀਸ਼ੀਲ ਨਿਰੰਤਰ ਬਦਲਦਾ ਸੰਕਲਪ ਹੈ। ਇਹ ਕਿਸੇ ਇਲਾਕੇ ਦੇ ਲੋਕਾਂ ਦੀ ਜੁਝਾਰੂ ਤਬੀਅਤ, ਆਰਥਿਕ ਅਤੇ ਤਕਨਾਲੋਜੀ ਦੀ ਤੱਰਕੀ ਦੀ ਰਫ਼ਤਾਰ, ਰਾਜਨੀਤਕ ਸੋਝੀ ਆਦਿ ਤੱਥਾਂ ਦੇ ਪ੍ਰਸੰਗ ਵਿੱਚ ਬਦਲਦਾ ਰਹਿੰਦਾ ਹੈ। ਰਹਿਣ-ਸਹਿਣ ਸੰਕਲਪ ਦੋ-ਧਾਰੀ ਸ਼ਸਤਰ ਵਾਂਗ ਸਮੇਂ ਦੀ ਸ਼ਤਰੰਜ ਤੇ ਚਾਲਾਂ ਚੱਲਦਾ ਹੈ। ਇੱਕ ਪਾਸੇ ਇਹ ਲੋਕਾਂ ਦੇ ਵਿਸ਼ਵਾਸ ਅਤੇ ਭਵਿੱਖ ਦੇ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਮਿਥਦਾ ਹੈ, ਦੂਜੇ ਪਾਸੇ ਦੱਸਦਾ ਹੈ ਕਿ ਮਹਾਨ ਲੋਕ-ਨਾਇਕਾਂ ਅਤੇ ਯੁਗ-ਪੁਰਸ਼ਾਂ ਦੀਆਂ ਸੰਘਰਸ਼ਸ਼ੀਲ ਕੋਸ਼ਸ਼ਾਂ ਨਾਲ ਰਹਿਣ-ਸਹਿਣ ਦਾ ਮੁੰਹ-ਮੁਹਾਂਦਰਾ, ਨਕਸ਼ ਨੁਹਾਰ ਕਿਵੇਂ ਬਦਲਦੀ ਰਹਿੰਦੀ ਹੈ।
ਪਿਛਲੇ ਪੰਨੇ ਤੇ ਜਾਣ ਲਈ ਇਥੇ ਦਬਾਓ