ਤੁਸੀਂ ਇਸ ਵੇਲੇ: ਪੰਜਾਬੀ ਸੱਭਿਆਚਾਰ > ਪੰਜਾਬੀ ਲੋਕ-ਸਾਹਿਤ> ਮਿੱਥ-ਕਥਾਵਾਂ [ਪ੍ਰਹਿਲਾਦ ਭਗਤ]
 ਪੰਜਾਬੀ ਲੋਕ-ਸਾਹਿਤ ਮਿੱਥ-ਕਥਾਵਾਂ - ਪ੍ਰਹਿਲਾਦ ਭਗਤ
ਹਰਨਾਕਸ਼ ਤੇ ਪਰਨਾਕਸ਼ ਨਾਂ ਦੇ ਦੋ ਭਰਾ ਬੈਕੁੰਠ ਵਿੱਚ ਰਹਿੰਦੇ ਸਨ। ਦੇਵਤਿਆ ਦੇ ਸਰਾਪ ਕਾਰਨ ਇਹਨਾ ਨੂੰ ਬੈਕੁੰਠ ਵਿੱਚੋਂ ਨਿੱਕਲਣਾ ਪੈ ਗਿਆ। ਹਰਨਾਕਸ਼ ਬਹੁਤ ਬਲਵਾਨ ਸੀ। ਉਹ ਧਰਤੀ ਤੇ ਆ ਕੇ ਰਾਜ ਕਰਨ ਲੱਗ ਪਿਆ। ਅਚਾਨਕ ਪਰਨਾਕਸ਼ ਦੀ ਮੌਤ ਹੋ ਗਈ। ਹਾਨਾਕਸ਼ ਭਾਵੇਂ ਭਲਵਾਨ ਸੀ ਪਰ ਉਸਨੂੰ ਮੌਂਤ ਤੋਂ ਬਹੁਤ ਡਰ ਲੱਗਦਾ ਸੀ। ਉਹ ਮੌਂਤ ਉੱਤੇ ਕਾਬੂ ਪਾਉਣਾ ਚਾਹੁੰਦਾ ਸੀ। ਉਹ ਆਪਣਾ ਰਾਜ-ਭਾਗ ਛੱਡ ਕੇ ਹਿਮਾਲਿਆ 'ਤੇ ਜਾ ਕੇ ਤਪੱਸਿਆ ਕਰਨ ਲੱਗ ਪਿਆ। ਉਸ ਦੀ ਕਠਿਨ ਸਾਧਨਾ ਤੇ ਤਪੱਸਿਆ ਤੋਂ ਪ੍ਭਾਵਿਤ ਹੋ ਕੇ ਪਰਮਾਤਮਾ ਉਸ ਦੇ ਸਾਹਮਣੇ ਪਰਗਟ ਹੋਇਆ। ਹਰਨਾਕਸ਼ ਨੇ ਪਰਮਾਤਮਾ ਪਾਸੋਂ ਹੇਠ ਲਿਖੇ ਵਰ ਮੰਗੇ
ਮੈਂ ਨਾ ਦਿਨ ਮਰਾਂ ਨਾ ਰਾਤ ਨੂੰ ਮਰਾਂ।
ਮੈਂ ਨਾ ਅੰਦਰ ਮਰਾਂ ਨਾ ਬਾਹਰ ਮਰਾਂ।
ਮੈਂ ਨਾ ਧਰਤੀ 'ਤੇ ਮਰਾਂ ਨਾ ਆਕਾਸ਼ 'ਤੇ ਮਰਾਂ।
ਮੈਂ ਨਾ ਬਿਮਾਰੀ ਨਾਲ ਮਰਾਂ ਨਾ ਹਥਿਆਰ ਨਾਲ ਮਰਾਂ।
ਮੈਂ ਨਾ ਮਨੁੱਖ ਤੋਂ ਮਰਾਂ ਨਾ ਪਸ਼ੂ ਤੋਂ ਮਰਾਂ।
ਪਰਮਾਤਮਾ ਨੇ ਇਹ ਵਰ ਹਰਨਾਕਸ਼ ਨੂੰ ਦੇ ਦਿੱਤੇ। ਹਰਨਾਕਸ਼ ਬੜਾ ਖੁਸ਼ ਹੋਇਆ। ਉਹ ਧਰਤੀ 'ਤੇ ਆ ਕੇ ਮੁੜ ਰਾਜ ਕਰਨ ਲੱਗਾ। ਹੁਣ ਉਸ ਨੂੰ ਕਿਸੇ ਦਾ ਡਰ ਨਹੀਂ ਸੀ। ਉਹ ਧਰਤੀ ਦੇ ਲੋਕਾ ਨੂੰ ਆਪਣੀ ਈਨ ਮਨਾਉਣ ਲੱਗਾ। ਉਸ ਨੇ ਹੰਕਾਰ ਵਿੱਚ ਆ ਕੇ ਜ਼ੁਲਮ ਕਰਨੇ ਅਰੰਭ ਕਰ ਦਿੱਤੇ। ਇੱਥੋਂ ਤੱਕ ਕਿ ਉਸ ਨੇ ਲੋਕਾ ਨੂੰ ਪਰਮਾਤਮਾ ਦੀ ਥਾਂ ਆਪਣਾ ਨਾਮ ਜਪਣ ਦਾ ਹੁਕਮ ਦੇ ਦਿੱਤਾ।
ਕੁੱਝ ਸਮੇਂ ਬਾਅਦ ਹਰਨਾਕਸ਼ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ। ਉਸ ਦਾ ਨਾਂ ਪ੍ਰਹਿਲਾਦ ਰੱਖਿਆ ਗਿਆ। ਪ੍ਰਹਿਲਾਦ ਕੁਝ ਵੱਡਾ ਹੋਇਆ ਤਾ ਉਸ ਨੂੰ ਪਾਠਸ਼ਾਲਾ ਪੜ੍ਹਨ ਲਈ ਭੇਜਿਆ ਗਿਆ। ਪਾਠਸ਼ਾਲਾ ਦੇ ਪਾਂਧੇ ਨੇ ਪ੍ਰਹਿਲਾਦ ਨੂੰ ਹਰਨਾਕਸ਼ ਦਾ ਨਾਂ ਜਪਣ ਦੀ ਸਿੱਖਿਆ ਦਿੱਤੀ।ਪਰ ਪ੍ਰਹਿਲਾਦ ਹਰਨਾਕਸ਼ ਦੀ ਥਾਂ ਪਰਮਾਤਮਾ ਦਾ ਨਾਂ ਜਪਦਾ ਸੀ। ਉਹ ਪਰਮਾਤਮਾ ਨੂੰ ਹਰਨਾਕਸ਼ ਨਾਲੋਂ ਵੱਡਾ ਸਮਝਦਾ ਸੀ।
ਪਾਂਧੇ ਨੇ ਪ੍ਰਹਿਲਾਦ ਦੀ ਹਰਨਾਕਸ਼ ਕੋਲ ਸ਼ਿਕਾਇਤ ਕੀਤੀ। ਹਰਨਾਕਸ਼ ਨੇ ਪ੍ਰਹਿਲਾਦ ਨੂੰ ਬੁਲਾ ਕੇ ਪੁੱਛਿਆ ਕਿ ਉਹ ਉਸ ਦਾ ਨਾਂ ਜਪਣ ਦੀ ਥਾਂ ਪਰਮਾਤਮਾ ਦਾ ਨਾਂ ਕਿਉ ਜਪਦਾ ਹੈ ?
ਪ੍ਰਹਿਲਾਦ ਨੇ ਕਿਹਾ. "ਈਸ਼ਵਰ ਸਰਵ ਸ਼ਕਤੀਮਾਨ ਹੈ। ਉਸ ਨੇ ਹੀ ਸਾਰੀ ਕੁਦਰਤ ਨੂੰ ਰਚਿਆ ਹੈ।" ਆਪਣੇ ਪੁੱਤਰ ਦਾ ਉੱਤਰ ਸੁਣ ਕੇ ਹਰਨਾਖਸ਼ ਲੋਹਾ ਲਾਖਾ ਹੋ ਗਿਆ। ਉਸ ਨੂੰ ਖਤਰਾ ਪੈਦਾ ਹੋ ਗਿਆ ਕੇ ਕਿਤੇ ਬਾਕੀ ਵੀ ਉਸ ਤੋਂ ਆਕੀ ਨਾ ਹੋ ਜਾਣ। ਉਸ ਨੇ ਗਰਜ ਕੇ ਕਿਹਾ, " ਮੈਂ ਸਭ ਤੋਂ ਵਧ ਸ਼ਕਤੀਸ਼ਾਲੀ ਹਾਂ। ਮੈਨੂੰ ਕੋਈ ਨਹੀ ਮਾਰ ਸਕਦਾ। ਮੈਂ ਤੈਨੂੰ ਹੁਣੇ ਖਤਮ ਕਰ ਸਕਦਾ ਹਾਂ।" ਉਸ ਦੀ ਅਵਾਜ਼ ਸੁਣ ਕੇ ਪ੍ਰਹਿਲਾਦ ਦੀ ਮਾਂ ਵੀ ਉਥੇ ਆ ਗਈ। ਉਸ ਨੇ ਹਰਨਾਖਸ਼ ਦਾ ਤਰਲਾ ਕਰਦੇ ਹੋਏ ਕਿਹਾ, " ਤੁਸੀਂ ਇਸ ਨੂੰ ਨਾ ਮਾਰੋ। ਮੈਂ ਸਮਝਾਉਣ ਦਾ ਜਤਨ ਕਰਦੀ ਹਾਂ।" ਉਹ ਪ੍ਰਹਿਲਾਦ ਨੂੰ ਆਪਣੇ ਕੋਲ ਬਿਠਾ ਕੇ ਕਹਿਣ ਲੱਗੀ , " ਤੇਰੇ ਪਿਤਾ ਜੀ ਇਸ ਧਰਤੀ 'ਤੇ ਸਭ ਤੋਂ ਸ਼ਕਤੀਸ਼ਾਲੀ ਹਨ। ਉਹਨਾਂ ਨੂੰ ਅਮਰ ਰਹਿਣ ਦਾ ਵਰ ਮਿਲਿਆ ਹੋਇਆ ਹੈ। ਇਹਨਾਂ ਦੀ ਗੱਲ ਮੰਨ ਜਾ।"
ਪ੍ਰਹਿਲਾਦ ਬੋਲਿਆ, " ਮਾਤਾ ਜੀ ਮੈਂ ਮੰਨਦਾ ਹਾਂ ਕੇ ਮੇਰੇ ਪਿਤਾ ਜੀ ਬੜੇ ਤਾਕਤਵਰ ਹਨ। ਪਰ ਸਭ ਤੋਂ ਵੱਧ ਬਲਵਾਨ ਭਗਵਾਨ ਹੈ ਜਿਸ ਨੇ ਸਾਨੂੰ ਸਾਰਿਆ ਨੂੰ ਬਣਾਇਆ ਹੈ। ਪਿਤਾ ਜੀ ਨੂੰ ਵੀ ਉਸ ਨੇ ਹੀ ਬਣਾਇਆ ਹੈ।" ਪ੍ਰਹਿਲਾਦ ਦਾ ਇਹ ਉੱਤਰ ਸੁਣ ਕੇ ਉਸ ਦੀ ਮਾਂ ਬੇਵੱਸ ਹੋ ਗਈ। ਪ੍ਰਹਿਲਾਦ ਆਪਣੇ ਵਿਸ਼ਵਾਸ ਵਿੱਚ ਦ੍ਰਿੜ ਰਿਹਾ। ਇਹ ਵੇਖ ਕੇ ਹਰਨਾਖਸ਼ ਨੂੰ ਹੋਰ ਗੁੱਸਾ ਚੜ੍ਹ ਗਿਆ। ਉਸ ਨੇ ਆਪਣੇ ਜਲਾਦਾਂ ਨੂੰ ਹੁਕਮ ਦਿੱਤਾ ਕੇ ਉਹ ਪ੍ਰਹਿਲਾਦ ਨੂੰ ਸਮੁੰਦਰ ਵਿੱਚ ਡੁਬ ਕੇ ਮਾਰ ਦੇਣ। ਜਲਾਦ ਪ੍ਰਹਿਲਾਦ ਨੂੰ ਸਮੁੰਦਰ ਵਿੱਚ ਸੁੱਟਣ ਲਈ ਲੈ ਗਏ। ਉਹਨਾਂ ਨੇ ਪ੍ਰਹਿਲਾਦ ਨੂੰ ਸਮੁੰਦਰ ਵਿੱਚ ਸੁੱਟਿਆ ਪਰ ਸਮੁੰਦਰ ਦੀ ਇਕ ਲਹਿਰ ਨੇ ਪ੍ਰਹਿਲਾਦ ਨੂੰ ਕਿਨਾਰੇ 'ਤੇ ਸੁੱਟ ਦਿੱਤਾ। ਜਲਾਦਾਂ ਨੇ ਪ੍ਰਹਿਲਾਦ ਨੂੰ ਫਿਰ ਸਮੁੰਦਰ ਵਿੱਚ ਸੁੱਟਿਆ। ਪ੍ਰਹਿਲਾਦ ਫਿਰ ਬਾਹਰ ਆ ਗਿਆ। ਜਲਾਦਾਂ ਨੇ ਆ ਕੇ ਹਰਨਾਖਸ਼ ਨੂੰ ਦੱਸਿਆ ਤਾਂ ਉਸ ਨੇ ਕਿਹਾ ਕੇ ਇਸ ਨੂੰ ਕਿਸੇ ਉੱਚੇ ਪਰਬਤ ਤੋਂ ਹੇਠਾਂ ਸੁੱਟ ਕੇ ਮਾਰ ਦਿੱਤਾ ਜਾਵੇ। ਜਲਾਦਾਂ ਨੇ ਇਵੇਂ ਹੀ ਕੀਤਾ ਪਰ ਪ੍ਰਹਿਲਾਦ ਇੱਕ ਸੰਘਣੇ ਰੁੱਖ ਉੱਤੇ ਡਿੱਗਿਆ ਜਿਸ ਕਾਰਨ ਉਸ ਨੂੰ ਕੋਈ ਚੋਟ ਨਾ ਲੱਗੀ। ਹਰਨਾਖਸ਼ ਨੇ ਪ੍ਰਹਿਲਾਦ ਨੂੰ ਇਕ ਪਾਗਲ ਹਾਥੀ ਅੱਗੇ ਸੁੱਟਿਆ ਤਾਂ ਜੋ ਹਾਥੀ ਉਸ ਨੂੰ ਆਪਣੇ ਪੈਰਾਂ ਹੇਠ ਕੁਚਲ ਦੇਵੇ। ਪਰ ਹਾਥੀ ਨੇ ਪ੍ਰਹਿਲਾਦ ਨੂੰ ਕੁਝ ਨਾ ਕਿਹਾ। ਲੱਗਦਾ ਸੀ ਜਿਵੇਂ ਸਾਰੀ ਕੁਦਰਤ ਪ੍ਰਹਿਲਾਦ ਦੀ ਮਦਦ ਕਰ ਰਹੀ ਹੋਵੇ।
ਹਰਨਾਖਸ਼ ਦੀ ਇੱਕ ਭੈਣ ਸੀ ਜਿਸ ਦਾ ਨਾਂ ਹੋਲਕਾ ਸੀ। ਹੋਲਕਾ ਆਪਣੇ ਭਰਾ ਹਰਨਾਖਸ਼ ਦੀ ਪਰੇਸ਼ਾਨੀ ਦੂਰ ਕਰਨਾ ਚਾਹੁੰਦੀ ਸੀ। ਹੋਲਕਾ ਨੂੰ ਵਰ ਕਾਰਨ ਅੱਗ ਨਹੀ ਸੀ ਸਾੜ ਸਕਦੀ। ਉਸ ਨੇ ਆਪਣੇ ਭਰਾ ਨੂੰ ਕਿਹਾ ਕਿ ਉਹ ਪ੍ਰਹਿਲਾਦ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਅੱਗ ਵਿੱਚ ਬੈਠ ਜਾਵੇਗੀ। ਵਰ ਕਾਰਨ ਉਹ ਆਪ ਅੱਗ ਵਿੱਚ ਸੜਨ ਤੋਂ ਬੱਚ ਜਾਵੇਗੀ ਪਰ ਪ੍ਰਹਿਲਾਦ ਸੜ ਜਾਵੇਗਾ। ਇਸ ਤਰ੍ਹਾਂ ਹੀ ਕੀਤਾ ਗਿਆ। ਬਹੁਤ ਸਾਰਾ ਬਾਲਣ ਇਕੱਠਾ ਕਰ ਲਿਆ ਗਿਆ। ਤਦ ਹੋਲਕਾ ਪ੍ਰਹਿਲਾਦ ਨੂੰ ਕੁੱਛੜ ਵਿੱਚ ਲੈ ਕੇ ਬਾਲਣ ਵਿੱਚ ਬੈਠ ਗਈ। ਬਾਲਣ ਨੂੰ ਅੱਗ ਲਗਾ ਦਿੱਤੀ ਗਈ। ਪਰ ਇਸ ਅੱਗ ਵਿੱਚ ਹੋਲਕਾ ਸੜ ਗਈ ਪਰ ਪ੍ਰਹਿਲਾਦ ਬਚ ਗਿਆ। ਹੋਲਕਾ ਨੇ ਜਦੋਂ ਵਰਦਾਨ ਵਿੱਚ ਮਿਲੀ ਸ਼ਕਤੀ ਦੀ ਮਾੜੀ ਵਰਤੋਂ ਕੀਤੀ ਤਾਂ ਉਹ ਵਰਦਾਨ ਉਸ ਲਈ ਸਰਾਪ ਬਣ ਗਿਆ।
ਹਰਨਾਕਸ਼ ਗੁੱਸੇ ਵਿੱਚ ਇੱਕ ਤਰ੍ਹਾ ਪਾਗਲ ਹੀ ਹੋ ਗਿਆ। ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਕਰੇ । ਉਸ ਨੇ ਇੱਕ ਲੋਹੇ ਦੇ ਥੰਮ੍ਹ ਨੂੰ ਗਰਮ ਕਰਵਾਇਆ ਜਦੋਂ ਥੰਮ੍ਹ ਗਰਮ ਹੋ ਕੇ ਲਾਲ ਹੋ ਗਿਆ ਤਾਂ ਉਸ ਨੇ ਪ੍ਰਹਿਲਾਦ ਨੂੰ ਬੁਲਾ ਕੇ ਪੁੱਛਿਆ, "ਤੇਰਾ ਪਰਮਾਤਮਾ ਕਿੱਥੇ ਹੈ ?" ਪ੍ਰਹਿਲਾਦ ਨੇ ਉੱਤਰ ਦਿੱਤਾ, "ਪਰਮਾਤਮਾ ਤਾਂ ਕਣ-ਕਣ ਵਿੱਚ ਸ਼ਾਮਲ ਹੈ, ਉਹ ਮੇਰੇ ਵਿੱਚ, ਤੁਹਾਡੇ ਵਿੱਚ ਤੇ ਸਭ ਵਿੱਚ ਹੈ।"
ਹਰਨਾਕਸ਼ ਨੇ ਕਿਹਾ, "ਕੀ ਪਰਮਾਤਮਾ ਇਸ ਥੰਮ੍ਹ ਵਿੱਚ ਵੀ ਹੈ।"
ਪ੍ਰਹਿਲਾਦ ਨੇ 'ਹਾਂ' ਵਿੱਚ ਉੱਤਰ ਦਿੱਤਾ। ਤਦ ਹਰਨਾਕਸ਼ ਨੇ ਪ੍ਰਹਿਲਾਦ ਨੂੰ ਕਿਹਾ, ਜੇ ਪਰਮਾਤਮਾ ਇਸ ਥੰਮ੍ਹ ਵਿੱਚ ਵੀ ਹੈ ਤਾਂ ਉਹ ਇਸ ਥੰਮ੍ਹ ਨੂੰ ਜੱਫ਼ੀ ਪਾ ਲਵੇ। ਇਸ ਤੋਂ ਪਹਿਲਾ ਕਿ ਪ੍ਰਹਿਲਾਦ ਇਸ ਗਰਮ ਥੰਮ੍ਹ ਨੂੰ ਵੇਖ ਕੇ ਡੋਲ ਜਾਂਦਾ ਉਸ ਨੂੰ ਥੰਮ੍ਹ ਉੱਤੇ ਇੱਕ ਕੀੜੀ ਤੁਰਦੀ ਨਜ਼ਰ ਆਈ। ਤਦ ਪ੍ਰਹਿਲਾਦ ਨੇ ਨਿਡਰ ਹੋ ਕੇ ਥੰਮ੍ਹ ਨੂੰ ਜੱਫ਼ੀ ਪਾ ਲਈ। ਉਸ ਦਾ ਕੁਝ ਵੀ ਨਾ ਵਿਗੜਿਆ।
ਅਖ਼ੀਰ ਹਰਨਾਕਸ਼ ਨੇ ਗੁੱਸੇ ਵਿੱਚ ਅੰਨ੍ਹੇ ਹੋ ਕੇ ਤਲਵਾਰ ਕੱਢ ਲਈ ਉਸ ਨੇ ਤਲਵਾਰ ਨਾਲ ਪ੍ਰਹਿਲਾਦ ਤੇ ਵਾਰ ਕੀਤਾ। ਤਲਵਾਰ ਥੰਮ੍ਹ ਨੂੰ ਜਾ ਵੱਜੀ ਤੇ ਥੰਮ੍ਹ ਟੁੱਟ ਗਿਆ। ਕਹਿੰਦੇ ਹਨ ਉਸ ਸਮੇਂ ਉਸ ਵਿੱਚੋਂ ਪਰਮਾਤਮਾ ਨਰ ਸਿੰਘ ਦੇ ਰੂਪ ਵਿੱਚ ਆ ਪਰਗਟ ਹੋਇਆ। ਪਰਮਾਤਮਾ ਦੇ ਇਸ ਰੂਪ ਦਾ ਅੱਧਾ ਧੜ ਮਨੁੱਖ ਦਾ ਅਤੇ ਅੱਧਾ ਸ਼ੇਰ ਦਾ ਸੀ। ਉਸ ਨੇ ਹਰਨਾਕਸ਼ ਨੂੰ ਚੁੱਕ ਲਿਆ ਅਤੇ ਦਹਿਲੀਜ਼ 'ਤੇ ਬੈਠ ਕੇ ਉਸ ਨੂੰ ਆਪਣੇ ਪੱਟਾ 'ਤੇ ਰੱਖ ਲਿਆ। ਹਰਨਾਕਸ਼ ਨੂੰ ਅਹਿਸਾਸ ਹੋਇਆ ਕਿ ਉਸ ਦਾ ਅੰਤ ਨੇੜੇ ਹੈ। ਉਸ ਨੇ ਨਰ ਸੀੰਘ ਨੂੰ ਕਿਹਾ ਕਿ ਉਸ ਨੂੰ ਤਾਂ ਵਰਦਾਨ ਪਾ੍ਪਤ ਹੋਇਆ ਹੈ ਕਿ ਉਸ ਨੂੰ ਕੋਈ ਮਾਰ ਨਹੀਂ ਸਕੇਗਾ। ਨਰ ਸਿੰਘ ਨੇ ਕਿਹਾ ਕਿ ਉਸ ਦੇ ਵਰ ਦੀਆ ਸਾਰੀਆ ਸ਼ਰਤਾਂ ਪੂਰੀਆ ਕਰਕੇ ਹੀ ਮਾਰਿਆ ਜਾ ਰਿਹਾ ਹੈ।
ਇਹ ਕਹਿ ਕੇ ਨਰ ਸਿੰਘ ਨੇ ਹਰਨਾਕਸ਼ ਨੂੰ ਆਪਣੀਆ ਨਹੁੰਦਰਾਂ ਨਾਲ ਮਾਰ ਦਿੱਤਾ। ਇਸ ਸਮੇਂ ਨਾ ਦਿਨ ਸੀ ਨਾ ਰਾਤ। ਦੋਵੇਂ ਵਕਤ ਮਿਲਦੇ ਸਨ ਭਾਵ ਸ਼ਾਮ ਦਾ ਸਮਾਂ ਸੀ। ਮਰਨ ਸਮੇ ਹਰਨਾਕਸ਼ ਨਾ ਅੰਦਰ ਸੀ ਨਾ ਬਾਹਰ, ਉਹ ਦਹਿਲੀਜ਼ ਉੱਤੇ ਸੀ। ਉਸ ਸਮੇਂ ਉਹ ਧਰਤੀ'ਤੇ ਨਹੀਂ ਸੀ ਅਤੇ ਨਾ ਹੀ ਆਕਾਸ਼ ਵਿੱਚ, ਉਹ ਨਰ ਸਿੰਘ ਦੇ ਪੱਟਾ ਉੱਤੇ ਸੀ। ਹਰਨਾਕਸ਼ ਦੀ ਮੌਤ ਨਾ ਕਿਸੇ ਬਿਮਾਰੀ ਨਾਲ ਹੋਈ, ਨਾ ਹਥਿਆਰ ਨਾਲ। ਨਰ ਸਿੰਘ ਦੀਆ ਨਹੁੰਦਰਾਂ ਨੇ ਉਸ ਨੂੰ ਸਦਾ ਦੀ ਨੀਂਦ ਸੁਲਾ ਦਿੱਤਾ ਸੀ। ਉਸ ਨੂੰ ਮਾਰਨ ਵਾਲਾ ਨਾ ਪੂਰਾ ਮਨੁੱਖੀ ਰੂਪ ਵਿੱਚ ਸੀ ਅਤੇ ਨਾ ਪਸ਼ੂ ਰੂਪ ਵਿੱਚ। ਇਸ ਤਰ੍ਹਾ ਹਰਨਾਕਸ਼ ਨੂੰ ਵਰ ਵਿੱਚ ਮਿਲਿਆ ਸ਼ਰਤਾਂ ਵੀ ਬਚਾ ਨਾ ਸਕੀਆ।
ਪਰਮਾਤਮਾ ਨੇ ਸਾਰੀਆ ਗੱਲਾਂ ਪੂਰੀਆ ਕਰਦਿਆ ਹੋਇਆ ਜ਼ੁਲਮ ਦਾ ਨਾਸ਼ ਕਰਨ ਲਈ ਹਰਨਾਕਸ਼ ਦਾ ਅੰਤ ਕਰ ਦਿੱਤਾ। ਪ੍ਰਹਿਲਾਦ ਧਰਤੀ ਤੇ ਰਾਜ ਕਰਨ ਲੱਗਾ ਤੇ ਉਸ ਦੇ ਰਾਜ ਵਿੱਚ ਸਾਰੇ ਸੁਖੀ ਸਨ।
ਪਿਛਲੇ ਪੰਨੇ ਤੇ ਜਾਣ ਲਈ ਇਥੇ ਦਬਾਓ
Advertisement Zone Below
ਸਭ ਹੱਕ ਰਾਖਵੇਂ ਹਨ © ੨੦੦੮ ਸਰਦਾਰੀ ਕਲੱਬ (ਪੰਜਾਬ)
|