ਤੁਸੀਂ ਇਸ ਵੇਲੇ: ਪੰਜਾਬੀ ਸੱਭਿਆਚਾਰ > ਪੰਜਾਬ ਦੇ ਲੋਕ-ਵਿਸ਼ਵਾਸ
 ਪੰਜਾਬ ਦੇ ਲੋਕ-ਵਿਸ਼ਵਾਸ
ਵਿਸ਼ਵਾਸ ਕਰਨਾ ਮਨੁੱਖ ਦੀ ਸੁਭਾਵਿਕ ਰੁਚੀ ਹੈ। ਇਸ ਰੁਚੀ ਸਦਕਾ ਹੀ ਮਨੁੱਖ ਨੇ ਗਿਆਨ ਵਿਗਿਆਨ ਦੇ ਖੇਤਰ ਵਿੱਚ ਵਰਨਣਯੋਗ ਪ੍ਰਾਪਤੀਆਂ ਕੀਤੀਆਂ ਹਨ ।
ਵਿਸ਼ਵਾਸ ਤੋਂ ਭਾਵ ਕਿਸੇ ਦ੍ਰਿਸ਼ਟ ਜਾਂ ਅਦ੍ਰਿਸ਼ਟ ਵਸਤੂ ਵਿੱਚ ਯਕੀਨ ਜਾਂ ਭਰੋਸੇ ਤੋਂ ਹੈ । ਵਿਸ਼ਵਾਸ ਕਿਸੇ ਪ੍ਰਚਿਲਤ ਉਕਤੀ ਜਾਂ ਕਥਨ ਦਾ ਸੱਚ ਵਾਂਗ ਸਵੀਕਾਰ ਕੀਤਾ ਜਾਣਾ ਹੈ। ਇਹ ਸਵੀਕ੍ਰਿਤੀ ਜ਼ਰੂਰੀ ਤੌਰ ਤੇ ਬੌਧਿਕ ਵੀ ਹੋਵੇਗੀ ਭਾਵੇ ਕਿ ਇਸ ਵਿੱਚ ਭਾਵਕ ਰੰਗ ਕਾਫ਼ੀ ਮਾਤਰਾ ਵਿੱਚ ਹੋ ਸਕਦਾ ਹੈ । ਇਸ ਦੀ ਪ੍ਰਮਾਣਿਕਤਾ, ਖਾਸ ਕਥਨ ਜਾਂ ਉਕਤੀ ਦੀ ਅੰਦਰੂਨੀ ਜਾਂ ਵਾਸਤਵਿਕ ਸਚਾਈ ਉੱਪਰ ਨਿਰਭਰ ਨਹੀ ਹੁੰਦੀ ਸਗੋਂ
ਅਜਿਹਾ ਸਮਾਜਿਕ, ਸੰਸਕ੍ਰਿਤਿਕ ਹਾਲਤਾਂ ਅਤੇ ਇੱਕ ਖਾਸ ਮਨੋਸਥਿਤੀ ਕਰਕੇ ਹੁੰਦਾ ਹੈ। ਮਨੁੱਖ ਪ੍ਰਕਿਰਤੀ ਵਿੱਚ ਵਾਪਰਦੀਆਂ ਘਟਨਾਵਾਂ ਤੋਂ ਆਪਣੀ ਪ੍ਰਤੱਖਣ ਸ਼ਕਤੀ ਰਾਹੀ ਜੋ ਪ੍ਰਭਾਵ ਗ੍ਰਹਿਣ ਕਰਦਾ ਸੀ ਉਹ ਹੀ ਲੋਕ-ਵਿਸ਼ਵਾਸਾਂ ਦਾ ਆਧਾਰ ਬਣਦੇ ਸਨ।
ਪ੍ਰਕਿਰਤੀ ਜਾਂ ਮਨੁੱਖੀ ਜੀਵਨ ਵਿੱਚ ਵਾਪਰੀ ਕਿਸੇ ਘਟਨਾ ਦਾ ਸੰਬੰਧ ਜਦੋਂ ਕਿਸੇ ਦੂਸਰੀ ਘਟਨਾ ਨਾਲ ਜੁੜ ਗਿਆ ਤਾਂ ਮਨੁੱਖ ਸਮਾਨ ਸਥਿਤੀਆਂ ਵਿੱਚ ਅਜਿਹੀਆਂ ਹੀ ਘਟਨਾਵਾਂ ਦੇ ਵਾਪਰਨ ਬਾਰੇ ਵਿਸ਼ਵਾਸ ਕਰਨ ਲੱਗ ਪਿਆ। ਉਸ ਨੇ ਇੱਕ ਘਟਨਾ ਨੂੰ ਦੂਸਰੀ ਦਾ ਕਾਰਨ ਮੰਨ ਲਿਆ । ਪ੍ਰਕਿਰਤੀ ਨਾਲ ਅੰਤਰ-ਕਿਰਿਆ ਵਿੱਚ ਆਉਣ ਨਾਲ ਇਹ ਵਿਸ਼ਵਾਸ ਬਣਨੇ ਸ਼ੁਰੂ ਹੋਏ ਅਤੇ ਜਿਉ-ਜਿਉ ਮਨੁੱਖੀ ਅਨੁਭਵ ਵਿਸ਼ਾਲ ਹੁੰਦਾ ਗਿਆ ਇਹਨਾਂ ਵਿਸ਼ਵਾਸਾਂ ਦਾ ਦਾਇਰਾ ਵੀ ਫੈਲਦਾ ਗਿਆ । ਸ਼ੁਰੂ ਤੌਂ ਹੀ ਮਨੁੱਖ ਪ੍ਰਕਿਰਤੀ ਨਾਲ ਸੰਘਰਸ਼ ਕਰਕੇ ਇਸ ਨੂੰ ਆਪਣੇ ਹਿਤਾਂ ਅਨੁਕੂਲ ਢਾਲਣ ਦੀ ਕੋਸ਼ਿਸ਼ ਵਿੱਚ ਰਿਹਾ ਹੈ।
ਆਦਿਮ-ਕਾਲੀਨ ਮਨੁੱਖ ਪ੍ਰਕਿਰਤੀ ਵਿੱਚ ਵਾਪਰਦੀਆਂ ਘਟਨਾਵਾਂ ਦੇ ਕਾਰਜ-ਕਾਰਨ ਸੰਬੰਧਾਂ ਨੂੰ ਤਾਰਕਿਕ ਆਧਾਰਾਂ ਤੇ ਸਮਝਣੋਂ ਅਸਮਰਥ ਸੀ। ਅਜਿਹੀ ਸਥਿਤੀ ਵਿੱਚ ਆਪਣੀ ਹੋਂਦ ਨੂੰ ਦਰਪੇਸ਼ ਅਨਿਸਚਿਤਤਾ ਅਤੇ ਖ਼ਤਰਿਆਂ ਤੋਂ ਬਚਾਉਣ ਲਈ ਮਨੁੱਖ ਅਨੇ ਕਾਂ ਤਰ੍ਹਾਂ ਦੇ ਵਿਸ਼ਵਾਸਾਂ ਵਿੱਚ ਸਹਾਰਾ ਢੂੰਡਣ ਦੀ ਕੋਸ਼ਸ ਕਰਦਾ ਰਿਹਾ। ਮਨੁੱਖ ਆਪਣੇ ਨਿੱਤ ਦੇ ਕਾਰ-ਵਿਹਾਰ ਸੰਬੰਧੀ, ਆਪਣੀ ਹੋਂਦ ਸੰਬੰਧੀ ਅਤੇ ਪ੍ਰਕਿਰਤਿਕ ਵਰਤਾਰਿਆਂ ਦੀ ਵਿਆਖਿਆ ਲਈ ਸ਼ੁਰੂ ਤੋਂ ਹੀ ਇਹਨਾਂ ਵਿਸ਼ਵਾਸਾਂ ਨੂੰ ਘੜਦਾ ਆਇਆ ਹੈ । ਹਰਕੇ ਕਾਲ-ਖੰਡ ਵਿੱਚ ਮਨੁੱਖ ਦਾ ਜੀਵਨ-ਵਿਹਾਰ ਉਸ ਕਾਲ-ਖੰਡ ਵਿਸ਼ੇਸ਼ ਵਿੱਚ ਪ੍ਰਚਲਿਤ ਵਿਸ਼ਵਾਸਾਂ ਰਾਹੀ ਨਿਰਧਾਰਿਤ ਹੁੰਦਾ ਆਇਆ ਹੈ। ਮਨੁੱਖ ਆਪਣੇ ਤੋਂ ਪੂਰਵ-ਕਾਲ ਵਿੱਚ ਪ੍ਰਾਪਤ ਅਨੁਭਵਾਂ ਅਤੇ ਉਹਨਾਂ ਤੇ ਉਸਰੇ ਵਿਸ਼ਵਾਸਾਂ ਮਦਦ ਨਾਲ ਨਵੇਂ ਵਿਸ਼ਵਾਸਾ ਦੀ ਸਿਰਜਣਾ ਕਰਦਾ ਆਇਆ ਹੈ। ਸਮੇਂ ਦੀ ਬੀਤਣ ਨਾਲ ਵਿਸ਼ਵਾਸਾਂ ਦੇ ਜਾਲ ਦੀਆਂ ਤੰਦਾਂ ਮਨੁੱਖ ਦੀ ਸਮੁੱਚੀ ਹੋਂਦ ਦੁਆਲੇ ਪਸਰ ਗਈਆਂ। ਜਾਦੂ ਅਤੇ ਧਰਮ ਚਿੰਤਨ ਨੇ ਜਿਸ ਢੰਗ ਨਾਲ ਮਨੁੱਖੀ ਜੀਵਨ ਅਤੇ ਪ੍ਰਕਿਰਤਿਕ ਵਰਤਾਰਿਆਂ ਨੂੰ ਸਮਝਨ ਦੀ ਕੋਸ਼ਿਸ਼ ਕੀਤੀ ਉਸ ਨਾਲ ਇਹਨਾਂ ਦਾ ਘੇਰਾ ਹੋਰ ਵੀ ਫੈਲ ਗਿਆ।
ਲੋਕ-ਵਿਸ਼ਵਾਸ ਅਤੇ ਵਹਿਮ-ਭਰਮ ਅੱਜ ਵੀ ਸਾਡੇ ਲੋਕ-ਜੀਵਨ ਦਾ ਜੀਵੰਤ ਅੰਗ ਹਨ। ਜਨਮ,ਵਿਆਹ ਅਤੇ ਮਰਨ ਦੇ ਸੰਸਕਾਰ ਅੱਜ ਵੀ ਸ਼ਰਧਾ ਭਾਵਨਾ ਨਾਲ ਕੀਤੇ ਜਾਂਦੇ ਹਨ। ਬਿਮਾਰੀਆਂ ਦੇ ਇਲਾਜ ਲਈ ਬਹੁਗਿਣਤੀ ਅੱਜ ਵੀ ਉਹਨਾਂ ਪਰੰਪਰਾਗਤ ਇਲਾਜ-ਵਿਧੀਆਂ ਵਿੱਚ ਯਕੀਨ ਰੱਖਦੀ ਹੈ ਜਿਨ੍ਹਾਂ ਦਾ ਆਧਾਰ ਲੋਕ ਵਿਸ਼ਵਾਸ ਹਨ। ਨਵੀਨ ਚੇਤਨਾ ਅਤੇ ਪਦਾਰਥਵਾਦ ਦੇ ਇਸ ਯੁੱਗ ਵਿੱਚ ਵੀ ਪੰਜਾਬੀ ਲੋਕ-ਮਨ ਦੇਵੀ-ਦੇਵਤਿਆਂ ਦੀ ਕਰੋਪੀ ਅਤੇ ਬਖਸ਼ਿਸ਼
ਵਿੱਚ ਯਕੀਨ ਰੱਖਦਾ ਹੈ। ਕਿਰਸਾਣ,ਮੱਝ,ਬੈਲ ਖ਼ਰੀਦਣ ਸਮੇਂ , ਮੌਸਮ ਸੰਬੰਧੀ ਅਨੁਮਾਨ ਲਗਾਉਦੇ ਸਮੇ ਅਤੇ ਵਾਹੀ ਗੋਡੀ ਬਿਜਾਈ ਕਰਦੇ ਸਮੇਂ ਅਨੇਕਾਂ ਤਰ੍ਹਾਂ ਦੇ ਲੋਕ-ਵਿਸ਼ਵਾਸਾਂ ਦੀ ਟੇਕ ਲੈਂਦਾ ਹੈ।
ਇੱਕ ਵਿਅਕਤੀ ਦੀ ਵਿਸ਼ਵਾਸ ਕਰਨ ਦੀ ਰੁਚੀ ਅਤੇ ਵਿਸ਼ਵਾਸ਼-ਭੰਡਾਰ ਦੂਸਰੇ ਵਿਅਕਤੀ ਤੋਂ ਭਿੰਨ ਹੁੰਦਾ ਹੈ। ਇਸ ਭਿੰਨਤਾ ਦਾ ਕਾਰਨ ਸੰਬੰਧਿਤ ਵਿਅਕਤੀ ਦੀ ਇਹਨਾਂ ਪ੍ਰਕਿਰਤਿਕ ਅਤੇ ਮਨੁੱਖੀ ਵਰਤਾਰਿਆਂ ਪ੍ਰਤਿ ਅੰਤਰ-ਦ੍ਰਿਸ਼ਟੀ ਅਤੇ ਪ੍ਰਤੱਖਣ ਸ਼ਕਤੀ ਤੇ ਨਿਰਭਰ ਕਰਦਾ ਹੈ। ਕੁਝ ਵਿਸ਼ਵਾਸ ਅਜਿਹੇ ਹੁੰਦੇ ਹਨ ਜਿਹੜੇ ਨਿੱਤ ਦੇ ਕਾਰ-ਵਿਹਾਰ ਸਮੇਂ ਪੈਦਾ ਹੁੰਦੇ ਹਨ ਪਰ ਅਜਿਹੇ ਵਿਸ਼ਵਾਸ ਚਿਰ-ਸਥਾਈ ਨਹੀ ਹੁੰਦੇ ਅਰਥਾਤ ਇਹ ਵਿਅਕਤੀਗਤ ਪੱਧਰ ਤੋਂ
ਉੱਪਰ ਉੱਠ ਕੇ ਸਮੂਹਿਕ ਮਾਨਤਾ ਪ੍ਰਾਪਤ ਨਹੀ ਕਰ ਸਕਦੇ ਅਤੇ ਜੇਕਰ ਕਰ ਵੀ ਲੈਂਦੇ ਹਨ ਤਾਂ ਛੇਤੀ ਹੀ ਇਹ ਸਾਡੇ ਵਿਸ਼ਵਾਸ਼ਾਂ ਦੇ ਜ਼ਖੀਰੇ ਵਿੱਚੋ ਕਿਰ ਜਾਂਦੇ ਹਨ। ਕੁਝ ਲੋਕ-ਵਿਸ਼ਵਾਸ ਅਜਿਹੇ ਵੀ ਹੁੰਦੇ ਹਨ ਜਿਹੜੇ ਇੱਕ ਭੂਗੋਲਿਕ ਖਿੱਤੇ ਵਿੱਚ ਵਧੇਰੇ ਪ੍ਰਚਲਿਤ ਹੁੰਦੇ ਹਨ ਜਦ ਕਿ ਦੂਸਰੀ ਥਾਂ ਉਹਨਾਂ ਦੀ ਕੋਈ ਭੂਗੋਲਿਕ ਖਿੱਤੇ ਵਿੱਚ ਵਧੇਰੇ ਪ੍ਰਚਲਿਤ ਹੁੰਦੇ ਹਨ ਜਦ ਕਿ ਦੂਸਰੀ ਥਾਂ ਉਹਨਾਂ ਦੀ ਕੋਈ ਅਹਿਮੀਅਤ ਨਹੀ ਹੁੰਦੀ ਜਾਂ ਬਹੁਤ ਘੱਟ ਹੁੰਦੀ ਹੈ। ਇਸ ਤਰ੍ਹਾਂ
ਲੋਕ-ਵਿਸ਼ਵਾਸ ਬਣਦੇ ਅਤੇ ਬਿਨਸਦੇ ਰਹਿੰਦੇ ਹਨ।
ਕੁਝ ਲੋਕ-ਵਿਸ਼ਵਾਸ ਨਿਜੀ ਜਾਂ ਵਿਅਕਤੀਗਤ ਪੱਧਰ ਤੱਕ ਹੀ ਸੀਮਿਤ ਹੁੰਦੇ ਹਨ ਅਤੇ ਕਈ ਵਾਰੀ ਵਿਅਕਤੀ ਇਹਨਾਂ ਨੂੰ ਦੂਸਰਿਆਂ ਨਾਲ ਸਾਝਾਂ ਵੀ ਨਹੀ ਕਰਦਾ। ਉਦਾਹਰਨ ਵਜੌਂ ਕੁਝ ਵਿਅਕਤੀ ਕੁਝ ਖਾਸ ਨੰਬਰਾਂ ਨੂੰ ਆਪਣੇ ਲਈ ਕਿਸ ਕਿਸਮਤ ਵਾਲਾ ਨੰਬਰ(Lucky Number) ਸਮਝਦੇ ਹਨ। ਇਸ ਤਰ੍ਹਾਂ ਕੁਝ ਵਿਅਕਤੀ ਕਿਸੇ ਖਾਸ ਨੰਬਰ, ਰੰਗ, ਕਪੜੇ, ਥਾਂ ਆਦਿ ਨੂੰ ਕਿਸਮਤ ਵਾਲਾ ਮੰਨ ਲੈਂਦੇ ਹਨ। ਕੁਝ ਲੋਕ ਅੰਗੂਠੀ ਵਿੱਚ ਨਗ ਵੀ ਆਪਣੇ ਗ੍ਰਹਿਆਂ ਅਨੁਸਾਰ ਹੀ ਲਗਵਾਉਦੇ ਹਨ ।
ਇੱਕ ਸੱਭਿਆਚਾਰ ਦੇ ਲੋਕ-ਵਿਸ਼ਵਾਸ ਦੂਸਰੇ ਸੱਭਿਆਚਾਰਾਂ ਵਿੱਚ ਪ੍ਰਚਲਿਤ ਲੋਕ-ਵਿਸ਼ਵਾਸਾਂ ਨਾਲੋ ਭਿੰਨ ਵੀ ਹੁੰਦੇ ਹਨ ਅਤੇ ਕਿ ਇਹਨਾਂ ਵਿੱਚ ਸਮਾਨਤਾ ਅਤੇ ਸਾਂਝ ਵੀ ਵੇਖੀ ਜਾ ਸਕਦੀ ਹੈ। ਨਿੱਛ ਨੂੰ ਸਾਰੇ ਸੰਸਾਰ ਵਿੱਚ ਹੀ ਬਦਸ਼ਗਨੀ ਵਾਲੀ ਗੱਲ ਸਮਝਿਆ ਜਾਂਦਾ ਹੈ । ਏਸੇ ਤਰ੍ਹਾਂ ਸ਼ੀਸ਼ਾ ਟੁੱਟਣ , ਲੂਣ ਡੁੱਲਣ, ਨਜ਼ਰ ਲੱਗਣ, ਜਾਦੂ ਟੂਣੇ ਨਾਲ ਬਿਮਾਰੀਆ ਦਾ ਇਲਾਜ, ਬਦਰੂਹਾਂ ਦੀ ਹੋਦ ਵਿੱਚ ਵਿਸ਼ਵਾਸ ਆਦਿ ਲੋਕ-ਵਿਸ਼ਵਾਸ ਵੀ ਸਾਰੇ ਸੰਸਾਰ ਵਿੱਚ ਇੱਕੋ ਤਰ੍ਹਾਂ ਦੇ ਅਰਥ
ਰੱਖਦੇ ਹਨ। ਲੋਕ-ਵਿਸ਼ਵਾਸਾਂ ਵਿੱਚ ਸਾਂਝ ਅਤੇ ਸਮਾਨਤਾ ਦਾ ਇੱਕ ਕਾਰਨ ਮਨੁੱਖੀ ਮਾਨਸਿਕਤਾ ਦੀ ਤਹਿ ਵਿੱਚ ਕਾਰਜ਼ਸੀਲ ਕੁਝ ਬੁਨਿਆਦੀ ਪਵ੍ਰਿਤੀਆਂ ਹਨ। ਦੂਸਰਾ ਸੱਭਿਆਚਾਰੀਕਰਨ ਦੀ ਪ੍ਰਕਿਰਿਆ ਦੇ ਫਲਸਰੂਪ ਵੀ ਇੱਕ ਸੱਭਿਆਚਾਰ ਵਿੱਚ ਪ੍ਰਚਿਲਤ ਲੋਕ-ਵਿਸ਼ਵਾਸ ਦੂਸਰੇ ਸੱਭਿਆਚਾਰ ਦਾ ਅੰਗ ਬਣ ਜਾਂਦੇ ਹਨ। ਲੋਕ ਵਿਸ਼ਵਾਸ਼ਾਂ ਵਿੱਚ ਭਿੰਨਤਾ ਦੇ ਕਾਰਨ ਸਮਾਜਿਕ, ਆਰਥਿਕ, ਧਾਰਮਿਕ ਅਤੇ ਭੂਗੋਲਿਕ ਹੁੰਦੇ ਹਨ। ਭਾਰਤ ਵਿੱਚ ਸੱਪ ਨੂੰ ਨਾਗ ਦੇਵਤਾ ਸਮਝ ਕੇ ਇਸ ਦੀ
ਪੂਜਾ ਕੀਤੀ ਜਾਂਦੀ ਹੈ ਪਰ ਇਸਾਈ ਧਰਮ ਵਿੱਚ ਇਸ ਨੂੰ ਸ਼ੈਤਾਨ ਦਾ ਰੂਪ ਸਮਝਿਆ ਜਾਂਦਾ ਹੈ।
ਗਿਆਨ ਅਤੇ ਵਿਸ਼ਵਾਸ ਵਿੱਚ ਨਿਕਟਵਰਤੀ ਸੰਬੰਧ ਹੈ। ਗਿਆਨ ਵਿੱਚ ਜਾਣਨ ਦੀ ਭਾਵਨਾ ਹੈ ਅਤੇ ਵਿਸ਼ਵਾਸ ਵਿੱਚ ਮੰਨਣ ਦੀ ਜਾਂ ਭਰੋਸਾ ਕਰਨ ਦੀ । ਵਿਸ਼ਵਾਸ ਅਨੁਭਵ ਉੱਪਰ ਆਧਾਰਿਤ ਹੁੰਦਾ ਹੈ ਪਰ ਜਦੋਂ ਇਸ ਅਨੁਭਵ ਪਿੱਛੇ ਕਾਰਜ਼ਸ਼ੀਲ ਕਾਰਨ-ਕਾਰਜ ਸੰਬੰਧਾ ਦਾ ਨਿਰਖਣ ਕਰਕੇ ਇਸ ਦੇ ਸਥਾਈ ਸੰਬੰਧਾ ਨੂੰ ਜਾਣ ਲਿਆ ਜਾਂਦਾ ਹੈ ਤਾਂ ਇਹ ਸਾਡੇ ਗਿਆਨ ਦਾ ਅੰਗ ਬਣ ਜਾਂਦਾ ਹੈ। ਗਿਆਨ ਸਰਬਵਿਆਪੀ ਸਮਾਨ ਅਮਲ ਹੈ ਅਰਥਾਤ ਗਿਆਨ ਦਾ ਅੰਗ ਬਣ ਜਾਂਦਾ ਹੈ।
ਗਿਆਨ ਸਰਬਵਿਆਪੀ ਸਮਾਨ ਅਮਲ ਹੈ ਅਰਥਾਤ ਗਿਆਨ ਵਸਤੂ-ਨਿਸ਼ਠ ਹੁੰਦਾ ਹੈ। ਵਿਸ਼ਵਾਸ ਵਿਅਕਤੀਪਰਕ ਹੁੰਦਾ ਹੈ ਅਤੇ ਇੱਕ ਹੀ ਵਸਤੂ ਜਾਂ ਪ੍ਰਕਿਰਤਿਕ ਵਰਤਾਰੇ ਨਾਲ ਸੰਬੰਧਿਤ-ਵਿਸ਼ਵਾਸ ਵੱਖ-ਵੱਖ ਸੱਭਿਆਚਾਰਾਂ ਵਿੱਚ ਵੱਖ-ਵੱਖ ਹੋ ਸਕਦੇ ਹਨ। ਵਸਤੂ-ਨਿਸ਼ਠ ਗਿਆਨ ਵਿੱਚ ਮੱਤਭੇਦ ਨਹੀ ਹੁੰਦਾ ਜਿਵੇਂ ਤਰਲ ਪਦਾਰਥ ਹਮੇਸ਼ਾਂ ਨੀਵੇਂ ਪਾਸੇ ਨੂੰ ਚਲਦਾ ਹੈ। ਧਰਤੀ ਤੋਂ ਉੱਪਰ ਸੁੱਟੀ ਗਈ ਵਸਤੂ ਫਿਰ ਧਰਤੀ ਉੱਪਰ ਆ ਡਿੱਗਦੀ ਹੈ, ਆਦਿ ਨਿਯਮ ਸਰਬ ਪ੍ਰਵਾਣਿਤ ਅਤੇ ਹਰ
ਥਾਂ ਇੱਕੋ-ਜਿਹੇ ਅਮਲ ਵਾਲੇ ਹਨ। ਦੂਸਰੇ ਪਾਸੇ ਵਿਸ਼ਵਾਸ ਵਿਅਕਤੀਪਰਕ ਹੁੰਦਾ ਹੈ । ਜਿਵੇਂ ਇੱਕ ਲੋਕ ਵਿਸ਼ਵਾਸ ਹੈ ਕਿ ਸ੍ਰਿਸ਼ਟੀ ਦੀ ਉਤਪਤੀ ਆਦਮ ਅਤੇ ਹਵਾ ਤੋਂ ਹੋਈ । ਦੂਸਰਾ ਵਿਸ਼ਵਾਸ ਹੈ ਕਿ 'ਕੁਨ' ਕਹਿਣ ਤੇ ਇਹ ਸਾਰੀ ਸ਼੍ਰਿਸਟੀ ਹੋਂਦ ਵਿੱਚ ਆ ਗਈ । ਕੋਈ ਇਹ ਮੰਨਦਾ ਹੈ ਕਿ ਧਰਤੀ ਧੋਲ ਦੇ ਸਿਰ ਤੇ ਖੜੀ ਹੈ। ਇੱਕ ਹੋਰ ਵਿਸ਼ਵਾਸ ਹੈ ਕਿ ਧਰਤੀ ਕਛੂਏ ਦੀ ਪਿੱਠ ਉੱਪਰ ਟਿਕੀ ਹੋਈ ਹੈ। ਮਿਸਰ ਵਿੱਚ ਸੂਰਜ ਸੰਬੰਧੀ ਵਿਸ਼ਵਾਸ ਹੈ ਕਿ ਸੂਰਜ ਰੋਜ਼ ਬੇੜੀ ਉੱਤੇ ਆਕਾਸ਼ ਵਿੱਚ
ਜਾਂਦਾ ਹੈ ਅਤੇ ਉਸ ਨੂੰ ਪਾਰ ਕਰਦਾ ਹੈ। ਸੂਰਜ ਗ੍ਰਹਿਣ ਸੰਬੰਧੀ ਵਿਸ਼ਵਾਸ ਹੈ ਕਿ ਸੂਰਜ ਰੋਜ਼ ਬੇੜੀ ਉੱਤੇ ਅਕਾਸ਼ ਵਿੱਚ ਜਾਂਦਾ ਹੈ ਅਤੇ ਉਸ ਨੂੰ ਪਾਰ ਕਰਦਾ ਹੈ । ਸੂਰਜ ਗ੍ਰਹਿਣ ਸੰਬੰਧੀ ਭਾਰਤ ਵਿੱਚ ਵਿਸ਼ਵਾਸ ਹੈ ਕਿ ਰਾਹੂ ਕੇਤੂ ਆਪਣਾ ਰਿਣ ਲੈਣ ਲਈ ਸੂਰਜ ਨੂੰ ਘੇਰ ਲੈਂਦੇ ਹਨ। ਚੀਨ ਵਿੱਚ ਇਹ ਵਿਸ਼ਵਾਸ ਹੈ ਕਿ ਸਰਾਲ ਸੂਰਜ ਨੂੰ ਨਿਗਲ ਜਾਣ ਦੀ ਕੋਸ਼ਸ ਕਰਦਾ ਹੈ।
ਲੋਕ-ਵਿਸ਼ਵਾਸ਼ਾਂ ਅਤੇ ਵਹਿਮਾਂ-ਭਰਮਾਂ ਵਿੱਚ ਕੋਈ ਸਪਸ਼ਟ ਨਿਖੇੜਾ ਪੇਸ਼ ਕਰ ਸਕਣਾ ਕਾਫੀ ਕਠਿਨ ਹੈ। ਕਿਸੇ ਵੀ ਵਿਸ਼ਵਾਸ ਦੇ ਝੂਠ ਜਾਂ ਸੱਚ ਹੋਣ ਬਾਰੇ ਨਿਰਣਾ ਦੇਣਾ ਏਨਾ ਆਸਾਨ ਨਹੀ। ਜਦੋਂ ਅਸੀ ਅਜਿਹਾ ਕਹਿ ਰਹੇ ਹੁੰਦੇ ਹਾਂ ਤਾਂ ਅਸੀ ਉਸ ਵਿਸ਼ਵਾਸ ਨੂੰ ਉਸਦੇ ਆਪਣੇ ਸੰਦਰਭ ਨਾਲੋਂ ਤੋੜ ਕੇ ਵੇਖ ਰਹੇ ਹੁੰਦੇ ਹਾਂ। ਸਾਡਾ ਇਹ ਨਿਰਨਾ ਸਾਡੇ ਵਰਤਮਾਨ ਗਿਆਨ ਉੱਪਰ ਹੀ ਆਧਾਰਿਤ ਹੁੰਦਾ ਹੈ। ਹੋ ਸਕਦਾ ਹੈ ਜਿਸਨੂੰ ਅਸੀ ਅੱਜ ਝੂਠ ਕਹਿੰਦੇ ਹਾਂ ਉਹ ਕੱਲ੍ਹ ਨੂੰ ਬਦਲੀਆਂ ਹੋਈਆਂ
ਪ੍ਰਸਥਿਤੀਆਂ ਵਿੱਚ ਸੱਚ ਜਾਪਣ ਲੱਗੇ ਅਤੇ ਅੱਜ ਜੋ ਸੱਚ ਲੱਗਦਾ ਹੈ ਕੱਲ੍ਹ ਨੂੰ ਨਵੇਂ ਤੱਥਾਂ ਦੇ ਸਾਹਮਣੇ ਆਉਣ ਨਾਲ ਉਹ ਸੱਚ ਨਾ ਰਹੇ। ਉਦਾਹਰਨ ਬਹੁਤ ਸਾਰੇ ਦੇਸਾਂ ਵਿੱਚ ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਗਰਭਵਤੀ ਅੋਰਤ ਨੂੰ ਖ਼ਾਸ ਹਾਲਤਾਂ ਵਿੱਚ ਹੀ ਰਹਿਣਾਂ ਚਾਹੀਦਾ ਹੈ ਅਤੇ ਗਰਭ ਦੇ ਸਮੇਂ ਦੋਰਾਨ ਨਿਯਮਿਤ ਵਿਧੀ-ਵਿਹਾਰ ਦੀ ਪਾਲਣਾ ਕਰਨੀ ਚਾਹੀਦੀ ਹੈ। ਬੁਰੀ ਨਜ਼ਰ, ਭੂਤਾਂ ਪ੍ਰੇਤਾਂ ਦਾ ਡਰ, ਸੂਰਜ ਗ੍ਰਹਿਣ ਜਾਂ ਕਰੂਪ ਚੀਜ਼ਾਂ ਨੂੰ ਵੇਖਣ ਸੰਬੰਧੀ ਉਸ ਨੂੰ ਕਈ ਤਰ੍ਹਾਂ ਦੇ ਟੈਬੂਆਂ
ਦੀ ਪਾਲਣਾ ਦੀ ਹਿਦਾਇਤ ਦਿੱਤੀ ਜਾਂਦੀ ਸੀ। ਇਸ ਪਿੱਛੇ ਇਹ ਵਿਸ਼ਵਾਸ ਕਾਰਜਸ਼ੀਲ ਸੀ ਕਿ ਗਰਭਵਤੀ ਅੋਰਤਾ ਦੇ ਜੋ ਅਨੁਭਵ ਹੋਣਗੇ ਉਹਨਾਂ ਦਾ ਗਰਭ ਵਿਚਲੇ ਬੱਚੇ ਉੱਪਰ ਵੀ ਅਸਰ ਹੋਵੇਗਾ ।
ਵੀਹਵੀਂ ਸਦੀ ਦੇ ਸ਼ੁਰੂ ਵਿੱਚ ਉਪਰੋਕਤ ਲੋਕ-ਵਿਸ਼ਵਾਸ ਨੂੰ ਅੰਧ-ਵਿਸ਼ਵਾਸ ਹੀ ਸਮਝਿਆ ਜਾਂਦਾ ਸੀ, ਪਰੰਤੂ ਪਿਛਲੇ ਦੋ ਤਿੰਨ ਦਹਾਕਿਆਂ ਤੌਂ ਇਸ ਖੇਤਰ ਵਿੱਚ ਹੋਏ ਅਧਿਐਨ ਤੋਂ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਜਨਮ ਤੋਂ ਪਹਿਲਾਂ ਨਾ ਕੇਵਲ ਮਾਂ ਦੀਆਂ ਸਰੀਰਕ ਹਾਲਤਾਂ ਹੀ ਬੱਚੇ ਦੇ ਵਿਕਾਸ ਉੱਪਰ ਅਸਰ ਪਾਉਦੀਆਂ ਹਨ ਸਗੋਂ ਇਸ ਦੇ ਨਾਲ-ਨਾਲ ਮਾਂ ਦੀ ਮਨੋਸਥਿਤੀ ਵੀ ਬੱਚੇ ਨੂੰ ਪ੍ਰਭਾਵਿਤ ਕਰਦੀ ਹੈ।
ਲੋਕ ਜੀਵਨ ਵਿੱਚ ਬਿਮਾਰੀਆਂ ਦੇ ਇਲਾਜ ਲਈ ਪਵਿੱਤਰ ਸਰੋਵਰਾਂ, ਖੂਹਾਂ, ਚਸ਼ਮਿਆਂ ਜਾਂ ਝਰਨਿਆਂ ਦੇ ਪਾਣੀ ਨੂੰ ਵੀ ਗੁਣਕਾਰੀ ਮੰਨਿਆਂ ਜਾਂਦਾ ਹੈ। ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਅਨੇਕਾਂ ਅਜਿਹੇ ਪਵਿੱਤਰ ਸਰੋਵਰ ਜਾਂ ਚਸ਼ਮੇ ਚਿਕਿਤਸਕ ਗੁਣਾਂ ਲਈ ਮਸ਼ਹੂਰ ਰਹੇ ਹਨ। ਲੋਕ ਵਿਸ਼ਵਾਸ ਰਿਹਾ ਹੈ ਕਿ ਇਹਨਾਂ ਵਿੱਚ ਇਸ਼ਨਾਨ ਕਰਨ ਨਾਲ ਜਾਂ ਇਹਨਾਂ ਚਸ਼ਮਿਆਂ ਜਾਂ ਖੂਹਾਂ ਦਾ ਪਾਣੀ ਦੁਆਈ ਦੇ ਰੂਪ ਵਿੱਚ ਪੀਣ ਨਾਲ ਅਨੇਕਾਂ ਬਿਮਾਰੀਆਂ ਤੋਂ ਮੁਕਤੀ ਮਿਲ ਸਕਦੀ ਹੈ। ਇਹਨਾਂ
ਪਾਣੀਆਂ ਦੇ ਚਿਕਿਤਸਕ ਗੁਣਾਂ ਪਿੱਛੇ ਕੁਝ ਵਿਗਿਆਨਕ ਆਧਾਰ ਵੀ ਵੇਖੇ ਜਾ ਸਕਦੇ ਹਨ। ਕੁਝ ਪਾਣੀਆਂ ਵਿੱਚ ਚਿਕਿਸਤਕ ਗੁਣ ਮੰਨੇ ਜਾਂਦੇ ਹਨ। ਜਦੌਂ ਰੋਗੀ ਇਸ ਨੂੰ ਵਰਤਦਾ ਹੈ ਤਾਂ ਉਸ ਦਾ ਰੋਗ ਜੇਕਰ ਠੀਕ ਹੋ ਜਾਂਦਾ ਹੈ ਤਾਂ ਉਸ ਦਾ ਇੱਕ ਕਾਰਨ ਇਸ ਪਾਣੀ ਦੀ ਚਿਕਿਤਸਕ ਸ਼ਕਤੀ ਵਿੱਚ ਰੋਗੀ ਦਾ ਵਿਸ਼ਵਾਸ ਹੈ ਅਤੇ ਦੂਸਰਾ ਉਹਨਾਂ ਧਾਤਾਂ ਅਤੇ ਖਣਿਜਾਂ ਦਾ ਪਾਣੀ ਵਿੱਚ ਮੋਜੂਦ ਹੋਣਾ ਹੈ ਜਿਹੜੇ ਰੋਗ ਦੂਰ ਕਰਨ ਦੀ ਸ਼ਕਤੀ ਰੱਖਦੇ ਹਨ।
ਆਮ ਤੌਰ ਤੇ ਇਹ ਸਮਝਿਆ ਜਾਂਦਾ ਹੈ ਕਿ ਲੋਕ-ਵਿਸ਼ਵਾਸ ਜਾਂ ਵਹਿਮ-ਭਰਮ ਮਨੁੱਖ ਦੀ ਨਿਮਨ ਬੌਧਿਕ ਅਵਸਥਾ ਦੀ ਉਪਜ ਹਨ; ਜਿਨ੍ਹਾਂ ਦੀ ਅਤੀਤ ਵਿੱਚ ਕਾਫੀ ਮਹੱਤਤਾ ਹੈ ਜਾਂ ਇਹ ਲੋਕ-ਵਿਸ਼ਵਾਸ ਅਤੇ ਵਹਿਮ-ਭਰਮ ਉਹਨਾਂ ਸਮਾਜਾਂ ਦੀ ਹੀ ਜੀਵਨ ਜਾਚ ਦਾ ਅੰਗ ਹਨ ਜਿਹੜੇ ਆਦਮ-ਕਾਲੀਨ ਸਮਾਜਾਂ ਨਾਲ ਕਾਫੀ ਮਿਲਦੇ ਜੁਲਦੇ ਹਨ ਅਰਥਾਤ ਬੌਧਿਕ ਵਿਕਾਸ ਦੇ ਪੱਖ ਤੌ ਉਹ ਉਹਨਾਂ ਆਦਿਮ-ਕਾਲੀਨ ਕਬੀਲਿਆਂ ਤੋਂ ਬਹੁਤਾਂ ਉੱਪਰ ਨਹੀਂ ਉੱਠ ਸਕੇ।
ਇਹ ਠੀਕ ਹੈ ਕਿ ਜਿੱਥੇ ਜੀਵਨ-ਜਾਚ ਪਰੰਪਰਾਗਤ ਜੀਵਨ ਕੀਮਤਾਂ ਤੇ ਉਸਾਰੀ ਹੋਈ ਹੁੰਦੀ ਹੈ ਲੋਕ-ਵਿਸ਼ਵਾਸ਼ਾਂ ਦੀ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਰਹਿੰਦੀ ਹੈ, ਪਰ ਵਿਗਿਆਨ-ਮਨ ਵੀ ਇਹਨਾਂ ਵਿਸ਼ਵਾਸਾਂ ਤੋਂ ਪੂਰੀ ਤਰ੍ਹਾਂ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ। ਲੋਕ-ਵਿਸ਼ਵਾਸ ਮਾਤਰਾ ਦੇ ਫਰਕ ਨਾਲ ਸਾਰੇ ਵਿਅਕਤੀਆਂ ਦੀ ਜੀਵਨ-ਜਾਚ ਨੂੰ ਪ੍ਰਭਾਵਿਤ ਕਰਦੇ ਹਨ। ਇਸ ਲਈ ਕਿਹਾ ਜਾਂਦਾ ਹੈ ਕਿ ਲੋਕ-ਵਿਸ਼ਵਾਸ ਜਾਂ ਵਹਿਮ ਭਰਮ ਅਤੀਤ ਦੇ ਸੱਭਿਆਚਾਰਾਂ ਦੇ ਹੀ ਅਵਸ਼ੇਸ਼ ਨਹੀ ਸਗੋਂ ਇਹਨਾਂ ਵਿੱਚ ਵਰਤਮਾਨ ਵਿੱਚ ਜਿਉਣ ਅਤੇ ਭਵਿੱਖ ਵਿੱਚ ਵੀ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਚਲਿਤ ਰਹਿਣ ਦੀ ਸ਼ਕਤੀ ਹੈ।
ਮੁੱਖ ਰੂਪ ਵਿੱਚ ਲੋਕ-ਵਿਸ਼ਵਾਸਾਂ ਦੀ ਵੰਡ ਨਿਮਨ ਲਿਖਤ ਅਨੁਸਾਰ ਕੀਤੀ ਜਾ ਸਕਦੀ ਹੈ:
- ਜਨਮ,ਵਿਆਹ ਅਤੇ ਮੌਤ ਸੰਬੰਧੀ
- ਯਾਤਰਾ ਸੰਬੰਧੀ
- ਪਸੂ ਪੰਛੀਆਂ ਅਤੇ ਜੀਵਾਂ ਸੰਬੰਧੀ
- ਦਿਸ਼ਾ ਅਤੇ ਨਛੱਤਰਾਂ ਸੰਬੰਧੀ
- ਚੰਦ,ਸੂਰਜ ਅਤੇ ਤਾਰਿਆਂ ਆਦਿ ਸੰਬੰਧੀ
- ਸਰੀਰਕ ਅੰਗਾਂ ਸੰਬੰਧੀ
- ਕਿਰਸਾਣੀ ਜੀਵਨ ਅਤੇ ਖੇਤੀਬਾੜੀ ਸੰਬੰਧੀ
- ਨਿੱਛ ਸੰਬੰਧੀ
- ਦਿਨ ਰਾਤ ਅਤੇ ਰੁੱਤਾਂ ਸੰਬੰਧੀ
- ਚਿਕਿਤਸਾ ਸੰਬੰਧੀ
- ਪਹਿਰਾਵੇ ਸੰਬੰਧੀ
- ਰੁਹਾਂ ਅਤੇ ਬਦਰੂਹਾਂ ਸੰਬੰਧੀ
- ਦੇਵੀ ਦੇਵਤਿਆਂ ਅਤੇ ਪਿਤਰਾਂ ਸੰਬੰਧੀ
- ਬਨਸਪਤੀ ਸੰਬੰਧੀ
- ਅੰਕਾਂ ਸੰਬੰਧੀ
- ਨਜ਼ਰ ਲੱਗਣ ਸੰਬੰਧੀ
- ਫੁਟਕਲ ਲੋਕ-ਵਿਸ਼ਵਾਸ
ਇਸ ਤੌਂ ਇਲਾਵਾ ਵਿਭਿੰਨ ਕਿੱਤਿਆਂ ਨਾਲ ਸੰਬੰਧਿਤ ਵਰਗਾਂ ਦੇ ਵੀ ਆਪਣੇ ਹੀ ਲੋਕ-ਵਿਸ਼ਵਾਸ ਹੁੰਦੇ ਹਨ। ਦੁਕਾਨਦਾਰਾਂ, ਡਰਾਈਵਰਾਂ ,ਵਿਦਿਆਰਥੀਆਂ ਸ਼ਿਕਾਰੀਆਂ ਅਤੇ ਜੂਏਬਾਜਾਂ ਦੇ ਵੀ ਆਪਣੇ ਆਪਣੇ ਲੋਕ ਵਿਸ਼ਵਾਸ ਹਨ।
ਮਨੁੱਖੀ ਜੀਵਨ ਵਿਹਾਰ ਨਾਲ ਸੰਬੰਧਿਤ ਬਹੁਤ ਸਾਰੇ ਲੋਕ-ਵਿਸ਼ਵਾਸ ਜਾਦੂ ਚਿੰਤਨ ਦੀ ਉਪਜ ਹਨ। ਅਜਿਹੇ ਵਿਸ਼ਵਾਸ ਘਟਨਾਵਾਂ ਜਾਂ ਵਸਤਾਂ ਦੇ ਸਹਿਚਾਰੀ ਜਾਂ ਜੁੜਨਸ਼ੀਲ(Associative) ਸੰਬੰਧਾਂ ਉਪਰ ਆਧਾਰਿਤ ਹੁੰਦੇ ਹਨ। ਵਰਤਾਰੇ ਵਿੱਚ ਵਾਪਰੇ ਇੱਕ ਘਟਨਾ -ਕ੍ਰਮ ਤੌਂ ਭਵਿੱਖ ਵਿੱਚ ਵਾਪਰਨ ਵਾਲੀਆਂ ਦੂਸਰੀਆਂ ਘਟਨਾਵਾਂ ਸੰਬੰਧੀ ਅਨੁਮਾਨ ਲਗਾਇਆ ਜਾਂਦਾ ਹੈ। ਇਸ ਸਿਧਾਂਤ ਅਨੁਸਾਰ ਇੱਕ ਘਟਨਾ ਦੇ ਵਾਪਰਨ ਤੌਂ ਪਹਿਲਾਂ ਉਸ ਨਾਲ ਸੰਬੰਧਿਤ ਦੂਸਰੀਆਂ ਵਸਤਾਂ ਜਾਂ ਘਟਨਾਵਾਂ ਵਿੱਚ ਪਰਿਵਰਤਨ ਦਿਖਾਈ ਦੇਂਦੇ ਹਨ। ਭਾਵੇਂ ਇਹਨਾਂ ਵਸਤਾਂ ਜਾਂ ਘਟਨਾਵਾਂ ਦਾ ਆਪਸ ਵਿੱਚ ਕੋਈ ਸਿੱਧਾ ਸੰਬੰਧ ਨਹੀ ਹੁੰਦਾ ਫਿਰ ਵੀ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਪਰਿਵਰਤਨ ਦੇ ਕੁਝ ਚਿੰਨ੍ਹਾਂ ਰਾਹੀਂ ਆਉਣ ਵਾਲੀ ਘਟਨਾ ਦੇ ਸੰਕੇਤ ਮਿਲ ਜਾਂਦੇ ਹਨ। ਇਹਨਾਂ ਸੰਕੇਤਾਂ ਨੂੰ ਸਿਆਣੇ ਵਿਅਕਤੀ ਪਛਾਣ ਕੇ ਨੇਵੇ ਭਵਿੱਖ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਬਾਰੇ ਪੇਸ਼ੀਨਗੋਈ ਕਰਦੇ ਹਨ। ਮੀਂਹ ਪੈਣ ਤੋਂ ਪਹਿਲਾਂ ਇਕਦਮ ਹਵਾ ਦਾ ਠਹਿਰ ਜਾਣਾ, ਖਾਸ ਤਰ੍ਹਾਂ ਦੇ ਬੱਦਲਾਂ ਦਾ ਅਸਮਾਨ ਤੇ ਦਿਖਾਈ ਦੇਣਾ, ਕੁਝ ਖਾਸ ਪੰਛੀਆਂ ਅਤੇ ਜੀਵਾਂ ਦੀ ਏਧਰ ਓਧਰ ਹਿਲਜੁਲ, ਸੱਪਾਂ, ਡੱਡੂਆਂ ਅਤੇ ਗੰਡੋਇਆਂ ਆਦਿ ਦਾ ਦਿਖਾਈ ਦੇਣਾ ਜਾਂ ਮੋਰਾਂ ਦਾ ਨੱਚਣਾ ਆਦਿ ਅਜਿਹੇ ਚਿੰਨ੍ਹ ਸਮਝੇ ਜਾਂਦੇ ਹਨ ਜਿਨ੍ਹਾਂ ਤੋਂ ਨੇੜੇ ਭਵਿੱਖ ਵਿੱਚ ਵਰਖਾ ਹੋਣਾ ਦਾ ਅਨੁਮਾਨ ਲਗਾਇਆ ਜਾਂਦਾ ਹੈ। ਜਾਦੂ ਚਿੰਤਨ ਵਿੱਚ ਇਸ ਨੂੰ ਭਵਿੱਖਵਾਚੀ ਜਾਦੂ (Predicative magic) ਕਿਹਾ ਜਾਂਦਾ ਹੈ।
ਕਾਂ ਜੇਕਰ ਬਨੇਰੇ ਤੇ ਬੋਲੇ ਜਾਂ ਪਰਾਤ ਵਿੱਚ ਆਟਾ ਭੁੜਕੇ ਤਾਂ ਇਹ ਵਿਸ਼ਵਾਸ ਕਰਨਾ ਕਿ ਕੋਈ ਪ੍ਰਾਹੁਣਾ ਆਵੇਗਾ, ਜੁੱਤੀ ਪੁੱਠੀ ਪਈ ਹੋਵੇ ਤਾਂ ਵਿਸ਼ਵਾਸ ਕਰਨਾ ਕਿ ਛੇਤੀ ਹੀ ਸਫ਼ਰ ਤੇ ਤੁਰਨਾ ਪਵੇਗਾ, ਰਾਤ ਨੂੰ ਬਿੱਲੀਆਂ ਜਾਂ ਕੁੱਤੇ ਰੋਂਦੇ ਹੋਣ ਤਾਂ ਇਹ ਵਿਸ਼ਵਾਸ ਕਰਨਾ ਕਿ ਹੈ ਕਿ ਕਿਸੇ ਦੀ ਮੋਤ ਦਾ ਸੂਚਕ ਹਨ ਆਦਿ ਲੋਕ-ਵਿਸ਼ਵਾਸ ਭਵਿੱਖਵਾਦੀ ਜਾਦੂ ਦੇ ਘੇਰੇ ਵਿੱਚ ਹੀ ਆਉਂਦੇ ਹਨ।
ਬਹੁਤ ਸਾਰੇ ਲੋਕ ਵਿਸ਼ਵਾਸ ਜਾਦੂ ਦੇ 'ਅਨੁਰੂਪ ਤੌਂ ਅਨੁਰੂਪ ' ਦੀ ਉਤਪਤੀ ਹੁੰਦੀ ਹੈ 'ਸਿਧਾਂਤ ਦੇ ਅੰਤਰਗਤ ਆਉਦੇ ਹਨ। ਉਦਾਹਰਨ ਵਜੋਂ ਕਪਾਹ ਚੁਗਣੀ , ਸ਼ੁਰੂ ਕਰਨ ਤੌਂ ਪਹਿਲਾਂ ਕਪਾਹ ਦੇ ਖੇਤ ਵਿੱਚ ਜਾ ਕੇ ਅੋਰਤਾਂ ਚਾਵਲ ਫੜੁੱਕਦੀਆਂ ਹਨ ਤਾਂ ਜੋ ਕਪਾਹ ਵਧੇਰੇ ਚਿੱਟੀ ਹੋਵੇ।
ਇਸੇ ਤਰ੍ਹਾਂ ਨਵ-ਜੰਮੇ ਬੱਚੇ ਨੂੰ ਗੁੜ੍ਹਤੀ ਅਜਿਹੇ ਸਿਆਣੇ ਅਤੇ ਨੇਕ ਵਿਅਕਤੀ ਤੋਂ ਦਿਲਾਈ ਜਾਂਦੀ ਹੈ ਜਿਸ ਵਰਗਾ ਮਾਪੇ ਆਪਣੇ ਬੱਚੇ ਨੂੰ ਢਲਦਾ ਵੇਖਣਾ ਚਾਹੁੰਦੇ ਹੋਣ।
ਬਹੁਤ ਸਾਰੇ ਵਿਸ਼ਵਾਸ ਅਜਿਹੇ ਹਨ ਜਿਨ੍ਹਾਂ ਦੀ ਬਣਤਰ ਵਿੱਚ ਤਿੰਨ ਹਿੱਸੇ ਸਪਸ਼ਟ ਦਿਖਾਈ ਦੇਂਦੇ ਹਨ :
- ਜੇਕਰ ਘਟਨਾ ੳ ਵਾਪਰਦੀ ਹੈ ਤਾਂ ਇਹ ਘਟਨਾ ਅ ਨੂੰ ਜਨਮ ਦੇਵੇਗੀ ਜੇਕਰ ਕਾਰਜ ੲ ਨਹੀਂ ਕੀਤਾ ਜਾਂਦਾ।
ਪੰਜਾਬੀ ਜੀਵਨ ਵਿੱਚ ਪ੍ਰਚਲਿਤ ਬਹੁਤ ਸਾਰੇ ਲੋਕ ਵਿਸ਼ਵਾਸ ਇਸ ਸ਼੍ਰੇਣੀ ਵਿੱਚ ਆਉਦੇ ਹਨ। ਸਫ਼ਰ ਤੇ ਤੁਰਨ ਲੱਗਿਆ ਜੇਕਰ ਕੋਈ ਨਿੱਛ ਮਾਰ ਦੇਵੇ, ਜਾਂ ਕੋਈ ਵਿਅਕਤੀ ਖ਼ਾਲੀ ਬਰਤਨ ਲੈ ਕੇ ਆ ਰਿਹਾ ਹੋਵੇ, ਜਾਂ ਬਿੱਲੀ ਰਸਤਾ ਕੱਟ ਜਾਵੇ ਤਾਂ ਸਫ਼ਰ ਤੇ ਤੁਰਨ ਵਾਲਾ ਵਿਅਕਤੀ ਜੇਕਰ ਉਹ ਇਸ ਲੋਕ-ਵਿਸ਼ਵਾਸ ਨੂੰ ਮੰਨਦਾ ਹੋਵੇ, ਰੁਕ ਜਾਂਦਾ ਹੈ ਅਤੇ ਪੈਰ ਤੋਂ ਜੁੱਤੀ ਲਾਹ ਕੇ ਮੁੜ ਪੈਰੀਂ ਪਾ ਕੇ ਸਫ਼ਰ ਤੇ ਤੁਰਦਾ ਹੈ। ਇਸ ਵਿਸ਼ਵਾਸ ਨੂੰ ਵੀ ਇਹਨਾਂ ਤਿੰਨਾਂ ਹਿੱਸਿਆਂ ਵਿੱਚ ਦੇਖਿਆ ਜਾ ਸਕਦਾ ਹੈ :
(ੳ) ਸਫ਼ਰ ਤੇ ਤੁਰਨ ਸਮੇਂ ਨਿੱਛ ਵੱਜਣੀ ਜਾਂ ਖ਼ਾਲੀ ਬਰਤਨ ਲਈ ਆਉਦਾ ਵਿਅਕਤੀ ਮਿਲਣਾ ਜਾਂ ਬਿੱਲੀ ਦਾ ਰਸਤਾ ਕੱਟ ਜਾਣਾ।
(ਅ) ਦੁਰਘਟਨਾ ਜਾਂ ਸਫ਼ਰ ਦੀ ਅਸਫਲਤਾ ਦੀ ਸੰਭਾਵਨਾ ।
(ੲ) ਜੇਕਰ ਜੁੱਤੀ ਉਤਾਰ ਕੇ ਮੁੜ ਨਾ ਪਾਈ ਜਾਵੇ।
ਪੁਰਾਣੇ ਸਮਿਆਂ ਵਿੱਚ ਜਦੋਂ ਕਿ ਸਫ਼ਰ ਪੈਦਲ ਹੀ ਕੀਤਾ ਜਾਂਦਾ ਸੀ ਲੰਬਾ ਸਫ਼ਰ ਹਮੇਸ਼ਾ ਖਤਰਿਆਂ ਭਰਿਆਂ ਹੁੰਦਾ ਸੀ। ਅਜਿਹੇ ਸਮਿਆਂ ਵਿੱਚ ਸਫ਼ਰ ਤੇ ਤੁਰਨ ਸਮੇਂ ਸਫ਼ਰ ਦੀ ਅਸਫਲਤਾ ਜਾਂ ਅਵਚੇਤਨ ਵਿੱਚ ਪਿਆ ਦੁਰਘਟਨਾ ਹੋਣ ਦਾ ਸੰਭਾਵਿਤ ਡਰ ਅਜਿਹੇ ਵਿਸ਼ਵਾਸ ਦੇ ਰੂਪ ਵਿੱਚ ਪ੍ਰਗਟ ਹੁੰਦਾ ਸੀ ਅਤੇ ਇਸ ਡਰ ਤੋਂ ਮੁਕਤੀ ਲਈ ਜਾਂ ਮਾਨਸਿਕ ਤਸੱਲੀ ਲਈ ਕਿਸੇ ਦੂਸਰੇ ਕਰਮ ਨੂੰ ਦੁਹਰਾਇਆ ਜਾਂਦਾ ਸੀ ।
ਲੋਕ ਵਿਸ਼ਵਾਸ ਹੈ ਕਿ ਜੇਕਰ ਕੋਈ ਮਾਂ ਆਪਣੇ ਨਵ-ਜੰਮੇ ਬੱਚੇ ਨੂੰ ਲੈ ਕੇ ਘਰੋਂ ਕੁਝ ਸਮੇਂ ਲਈ ਬਾਹਰ ਰਹਿੰਦੀ ਹੈ ਤਾਂ ਵਾਪਸ ਘਰ ਦੀਆਂ ਬਰੂਹਾਂ ਵਿੱਚ ਦਾਖਲ ਹੋਣ ਤੋਂ ਪਹਿਲਾਂ ਰੁਕ ਕੇ ਉਹ ਕੁਝ ਮਿੱਟੀ ਲੈ ਕੇ ਆਪਣੇ ਸਿਰ ਉੱਪਰੋਂ ਦੀ ਪਿੱਛੇ ਨੂੰ ਸੁੱਟਦੀ ਹੈ । ਲੋਕ ਨਿਸਚਾ ਹੈ ਕਿ ਅਜਿਹਾ ਕਰਨ ਨਾਲ ਜਿਹੜੀਆਂ ਬਦਰੂਹਾਂ ਦੂਸਰੀ ਰੂਹ ਵਿੱਚੋ ਉਸਦੇ ਨਾਲ ਹੋ ਤੁਰਦੀਆਂ ਹਨ, ਉਹ ਪਿੱਛੋ ਹੀ ਰਹਿ ਜਾਂਦੀਆਂ ਹਨ। ਇਸ ਵੰਨਗੀ ਦੇ ਹੋਰ ਅਨੇਕਾਂ ਲੋਕ-ਵਿਸ਼ਵਾਸ ਹਨ। ਲੋਕ ਵਿਸ਼ਵਾਸ ਅਜਿਹੇ ਹਨ ਜਿਨ੍ਹਾਂ ਦੀ ਪ੍ਰਕਿਰਤੀ ਟੈਬੂ ਦੀ ਪ੍ਰਕਿਰਤੀ ਨਾਲ ਮੇਲ ਖਾਂਦੀ ਹੈ। ਇਹ ਕਿਸੇ ਕਰਮ ਜਾਂ ਚੀਜ਼ ਤੋਂ ਮਨਾਹੀ ਨਾਲ ਸੰਬੰਧਿਤ ਹੁੰਦੇ ਹਨ। ਲੋਕ ਧਾਰਨਾ ਹੈ ਕਿ ਜੇਕਰ ਅਜਿਹੀਆਂ ਮਨਾਹੀਆਂ ਦੀ ਉਲੰਘਣਾ ਕੀਤੀ ਜਾਵੇ ਤਾਂ ਉਲੰਘਣਾ ਕਰਨ ਵਾਲਾ ਵਿਅਕਤੀ ਕਿਸੇ ਦੁਰਘਟਨਾ ਜਾਂ ਬਦਕਿਸਮਤੀ ਦਾ ਸ਼ਿਕਾਰ ਹੋ ਜਾਵੇਗਾ । ਅਜਿਹੇ ਕੁਝ ਲੋਕ ਵਿਸਵਾਸ ਇਸ ਤਰ੍ਹਾਂ ਹਨ :
- ਵੀਰਵਾਰ ਸਿਰ ਨਹੀ ਨ੍ਹਾਉਣਾ
- ਮੰਜੇ ਤੇ ਬੈਠ ਕੇ ਪੈਰ ਨਹੀ ਹਿਲਾਉਣੇ
- ਪਰਾਤ ਮੂਧੀ ਨਹੀ ਮਾਰਨੀ
- ਟੁੱਟਦੇ ਤਾਰੇ ਵੱਲ ਨਹੀ ਵੇਖਣਾ
- ਝਾੜੂ ਖੜਾ ਨਹੀ ਕਰਨਾ
- ਬੱਚੇ ਨੂੰ ਸ਼ੀਸ਼ਾ ਨਹੀ ਵਿਖਾਉਣਾ, ਆਦਿ
ਲੋਕ-ਵਿਸ਼ਵਾਸ ਲੋਕ-ਮਾਨਸ ਦੀ ਉਪਜ ਹਨ। ਲੋਕ-ਮਾਨਸ ਹਰੇਕ ਵਸਤੂ ਨੂੰ ਪ੍ਰਾਣਵਾਨ ਮੰਨਦਾ ਹੈ । ਹਰੇਕ ਜੜ੍ਹ ਵਸਤੂ ਵਿੱਚ ਆਤਮਾ ਦੇ ਵਿਸ਼ਵਾਸ ਨੇ ਜੜ੍ਹ ਵਸਤੂਆਂ ਦੀ ਪੂਜਾ ਅਤੇ ਅਨੇਕ ਲੋਕ - ਵਿਸ਼ਵਾਸਾਂ ਨੂੰ ਜਨਮ ਦਿੱਤਾ । ਜੜ੍ਹ ਵਸਤੂ ਨੂੰ ਪ੍ਰਾਣਵਾਨ ਮੰਨਣ ਸੰਬੰਧੀ ਲੋਕ ਵਿਸ਼ਵਾਸ ਅਜੇ ਵੀ ਪੰਜਾਬੀ ਲੋਕ ਜੀਵਨ ਵਿੱਚ ਪ੍ਰਚਲਿਤ ਹਨ। ਦੁਕਾਨਦਾਰ ਸਵੇਰੇ ਦੁਕਾਨ ਤੇ ਪਹੁੰਚ ਕੇ ਪਹਿਲਾਂ ਤੱਕੜੀ ਅਤੇ ਵੱਟਿਆਂ ਨੂੰ ਪੂਜਦਾ ਹੈ। ਧਰਤੀ ਨੂੰ ਪ੍ਰਾਣਵਾਨ ਸਮਝ ਕੇ ਇਸ ਦੀ ਪੂਜਾ ਕੀਤੀ ਜਾਂਦੀ ਹੈ। ਦੁੱਧ ਚੋਣ ਸਮੇਂ ਕੁੱਝ ਧਾਰਾਂ ਜ਼ਮੀਨ ਤੇ ਵਗਾਈਆਂ ਜਾਂਦੀਆਂ ਹਨ। ਲੋਕ ਵਿਸ਼ਵਾਸ ਹੈ ਕਿ ਰਾਤ ਨੂੰ ਦਰਖਤ ਦਾ ਪੱਤਾ ਨਹੀ ਤੋੜਨਾ ਚਾਹੀਦਾ ਕਿਉਂਕਿ ਰਾਤ ਨੂੰ ਦਰਖਤ ਸੋਂਦੇ ਹਨ। ਏਸੇ ਤਰ੍ਹਾਂ ਤੁਲਸੀ ਦੀ ਪੂਜਾ ਵੀ ਕੀਤੀ ਜਾਂਦੀ ਹੈ।
ਪੰਜਾਬੀ ਲੋਕ- ਜੀਵਨ ਵਿੱਚ ਔਰਤਾਂ ਚੰਨ ਨੂੰ ਪਤੀ, ਪੁੱਤਰ ਅਤੇ ਭਰਾ ਦੇ ਰੂਪ ਵਿੱਚ ਚਿਤਵਦੀਆਂ ਹਨ। ਔਰਤਾਂ ਚੰਨ ਜਿਹੇ ਪੁੱਤਰ ਦੀ ਕਾਮਨਾ ਕਰਦੀ ਹਨ। ਪੁੱਤਰ ਨੂੰ ਚੰਨ ਸੰਬੰਧੀ ਪਹਿਲੀ ਜਾਣਕਾਰੀ 'ਚੰਨ ਮਾਮਾ' ਦੇ ਰੂਪ ਵਿੱਚ ਦਿੰਦੀਆਂ ਹਨ। ਔਰਤਾਂ ਚੰਨ ਦੀ ਪਤੀ ਦੇ ਰੂਪ ਵਿੱਚ ਵੀ ਪੂਜ਼ਾ ਕਰਦੀਆਂ ਹਨ। 'ਕਰਵਾ ਚੌਥ' ਦਾ ਵਰਤ ਪਤੀ ਦੀ ਚਿਰੰਜੀਵਤਾ ਲਈ ਰੱਖਿਆ ਜਾਂਦਾ ਹੈ।
ਭੁਚਾਲ ਸੰਬੰਧੀ ਲੋਕ ਵਿਸ਼ਵਾਸ਼ ਹੈ ਕਿ ਧਰਤੀ ਬਲਦ ਦੇ ਸਿੰਗਾਂ ਉੱਪਰ ਖੜੀ ਹੈ। ਜਦੋਂ ਧਰਤੀ ਉੱਤੇ ਪਾਪ ਵੱਧ ਜਾਂਦੇ ਹਨ ਤਾਂ ਬਲਦ ਲਈ ਧਰਤੀ ਦਾ ਭਾਰ ਸਹਿਣਾ ਔਖਾ ਹੋ ਜਾਂਦਾ ਹੈ। ਇਸ ਲਈ ਉਹ ਭਾਰ ਬਦਲਣ ਲਈ ਧਰਤੀ ਨੂੰ ਜਦੋਂ ਦੂਸਰੇ ਸਿੰਗ ਉੱਪਰ ਰੱਖਦਾ ਹੈ ਤਾਂ ਧਰਤੀ ਕੰਬਦੀ ਹੈ। ਅਸਮਾਨੀ ਬਿਜਲੀ ਸੰਬੰਧੀ ਇਹ ਲੋਕ ਵਿਸ਼ਵਾਸ ਹੈ ਕਿ ਇਹ ਉਹ ਲੜਕੀ ਹੈ ਜਿਸ ਨੂੰ ਰਾਜੇ ਕੰਸ ਨੇ ਜ਼ਮੀਨ ਤੇ ਪੜਕਾ ਕੇ ਮਾਰਿਆ ਸੀ। ਜਦ ਬਿਜ਼ਲੀ ਕੜਦੀ ਹੋਵੇ ਤਾਂ ਮਾਮੇ ਭਣੇਵੇਂ ਨੂੰ ਇੱਕਠੇ ਨਹੀ ਬੈਠਣਾ ਚਾਹੀਦਾ ਕਿਉਕੀ ਬਿਜਲੀ ਹਮੇਸ਼ਾਂ ਉਹਨਾ ਤੋਂ ਬਦਲਾ ਲੈਣਾ ਚਾਹੁੰਦੀ ਹੈ।
ਪੰਜਾਬੀ ਲੋਕ- ਜੀਵਨ ਵਿੱਚ ਅੰਕਾਂ ਨਾਲ ਸੰਬੰਧਿਤ ਵੀ ਅਨੇਕਾਂ ਵਿਸ਼ਵਾਸ ਹਨ। 5,7,11,1 ਆਦਿ ਅੰਕਾਂ ਦੇ ਰਹੱਸਮਈ ਪ੍ਰਭਾਵ ਮੰਨੇ ਜਾਂਦੇ ਹਨ। ਪੰਜਾ ਵਿੱਚ ਪਰਮੇਸ਼ਰ, ਪੰਜ ਪੀਰ, ਪੰਜ ਵਕਤ ਨਵਾਜ਼ ਆਦਿ ਵਿੱਚ ਅੰਕ ਪੰਜ ਨੂੰ ਰਹੱਸਮਈ ਪ੍ਰਭਾਵ ਵਾਲਾ ਮੰਨਿਆ ਜਾਂਦਾ ਹੈ।
ਮੰਤਰ ਸਿਧਾਂਤ ਵਿੱਚ ਕਿਸੇ ਵੀ ਵਸਤੂ ਜਾਂ ਕਿਰਿਆ ਅਤੇ ਉਸਦੇ ਨਾਮ ਵਿਚ ਇੱਕ ਰਹੱਸਾਤਮਕ ਸੰਬੰਧ ਮੰਨਿਆ ਜਾਂਦਾ ਹੈ। ਜੇਕਰ ਨਾਮ ਜਾਂ ਸ਼ਬਦ ਨੂੰ ਦੁਹਰਾਇਆ ਜਾਵੇ ਤਾਂ ਵਸਤੂ ਪ੍ਰਭਾਵਿਤ ਹੁੰਦੀ ਹੈ। ਇਸ ਵਿਸ਼ਵਾਸ ਨੇ ਵੀ ਅੱਗੋਂ ਅਨੇਕਾਂ ਲੋਕ ਵਿਸ਼ਵਾਸਾ ਨੂੰ ਜਨਮ ਦਿੱਤਾ। ਲੋਕ ਜੀਵਨ ਵਿੱਚ ਸੱਪ ਨੂੰ ਸੱਪ ਨਹੀਂ ਕੀੜਾ ਕਿਹਾ ਜਾਂਦਾ ਹੈ। ਅਰਥਾਤ ਉਸਦਾ ਅਸਲੀ ਨਾਮ ਨਹੀਂ ਲਿਆ ਜਾਂਦਾ। ਦੀਵਾ ਬੁਝਾਉਣਾ ਨਹੀਂ ਦੀਵਾ ਵੱਡਾ ਕਰਨਾ ਕਿਹਾ ਜਾਂਦਾ ਹੈ।
ਨਜ਼ਰ ਲੱਗਣ ਦੇ ਵਿਸ਼ਵਾਸ ਨੂੰ ਪੰਜਾਬ ਦੇ ਹਰ ਇਲਾਕੇ ਦੇ ਲੋਕਾਂ ਵਿੱਚ ਵੇਖਿਆ ਜਾ ਸਕਦਾ ਹੈ। ਪੰਜਾਬੀ ਲੋਕ-ਜੀਵਨ ਵਿੱਚ ਨਜ਼ਰ ਲੱਗਣ ਤੋਂ ਦੁੱਧ ਤੇ ਪੁੱਤ ਦੋਹਾਂ ਨੂੰ ਹੀ ਬਚਾ ਕੇ ਰੱਖਿਆ ਜਾਂਦਾ ਹੈ। ਪਿੰਡਾਂ ਵਿੱਚ ਜੇਕਰ ਕਿਸੇ ਓਪਰ੍ਹੇ ਵਿਅਕਤੀ ਨੂੰ ਦੁੱਧ ਜਾਂ ਲੱਸੀ ਦੇਣੀ ਹੋਵੇ ਤਾਂ ਕਾੜ੍ਹਨੀ ਜਾਂ ਲੱਸੀ ਵਾਲੀ ਚਾਟੀ ਦੇ ਅੱਗੇ ਪਰਦਾ ਕਰ ਲਿਆ ਜਾਂਦਾ ਹੈ। ਗਾਂ ਮੱਝ ਦੀ ਧਾਰ ਕੱਢਣ ਤੋਂ ਬਾਅਦ ਦੁੱਧ ਢੱਕ ਦਿੱਤਾ ਜਾਂਦਾ ਹੈ। ਲੋਕ-ਵਿਸ਼ਵਾਸ ਹੈ ਕਿ ਇਸ ਤਰ੍ਹਾਂ ਕਰਨ ਨਾਲ ਦੁੱਧ ਨੂੰ ਨਜ਼ਰ ਨਹੀਂ ਲੱਗਦੀ। ਨਜ਼ਰ ਤੋਂ ਬਚਾਉ ਲਈ ਥੋੜੀ ਔਲਾਦ ਵਾਲੇ ਲੋਕ ਆਪਣੇ ਬੱਚਿਆਂ ਦਾ ਨਾਂ ਘਟੀਆ ਚੀਜ਼ਾਂ ਦੇ ਨਾਂ ਤੇ ਰੱਖ ਦੇਂਦੇ ਹਨ।
ਬੱਚੇ ਦੇ ਜਨਮ ਸਮੇਂ ਔਰਤ ਅਤੇ ਬੱਚੇ ਦੋਹਾਂ ਨੂੰ ਬੁਰ੍ਹੀ ਨਜ਼ਰ ਤੋਂ ਬਚਾਉਣ ਲਈ ਤੇਰ੍ਹਾਂ ਦਿਨ ਕਮਰੇ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਂਦਾ। ਕਿਸੇ ਵੀ ਅਜਿਹੀ ਔਰਤ ਜਾਂ ਮਰਦ ਨੂੰ ਜਿਸਦੀ ਨਜ਼ਰ ਬੁਰੀ ਹੋਣ ਦਾ ਸੰਦੇਸ ਹੋਵੇ ਉਹਨਾ ਦੇ ਮੱਥੇ ਨਹੀਂ ਲੱਗਣ ਦਿੱਤਾ ਜਾਂਦਾ ਹੈ। ਅਜਿਹੇ ਵਿਅਕਤੀ ਜਦੋਂ ਕਿਸੇ ਬੱਚੇ ਜਾਂ ਕਿਸੇ ਦੂਸਰੇ ਵਿਕਤੀ ਵੱਲ ਵੇਖਦੇ ਹਨ ਤਾਂ ਇਸਦਾ ਬੁਰਾ ਅਸਰ ਅਚੇਤ ਹੀ ਉਸ ਵਿਅਕਤੀ ਤੇ ਪੈਂਦਾ ਹੈ।
ਲੋਕ-ਜੀਵਨ ਵਿੱਚ ਅਜੇ ਵੀ ਬੱਚਿਆਂ, ਜਵਾਨਾ ਤੇ ਬਜ਼ੁਰਗਾ ਦੇ ਗਲਾਂ ਵਿੱਚ ਜਾਂ ਬਾਂਹ ਨਾਲ ਬੰਨੇ ਹੋਏ ਤਵੀਤ ਆਮ ਵੇਖਣ ਨੂੰ ਮਿਲਦੇ ਹਨ। ਲੋਹਾ, ਚਾਂਦੀ, ਸੋਨਾ, ਤਾਂਬਾਂ ਆਦਿ ਧਾਤਾਂ ਨੂੰ ਤਵੀਤਾਂ ਵਿੱਚ ਵਰਤਿਆ ਜਾਂਦਾ ਹੈ। ਕੁੱਝ ਲੋਕਾਂ ਦਾ ਵਿਚਾਰ ਹੈ ਕਿ ਲੋਹਾ ਬੁਰੀ ਨਜ਼ਰ ਦੇ ਪ੍ਰਭਾਵ ਤੋਂ ਇਸ ਲਈ ਬਚਾੳਂਦਾ ਹੈ ਕਿਉਂਕਿ ਜੋ ਲੋਹੇ ਤੋਂ ਹੀ ਹਥਿਆਰ ਆਦਿ ਬਣਦੇ ਹਨ ਅਤੇ ਹਥਿਆਰਾਂ ਵਾਲੇ ਵਿਅਕਤੀ ਨੂੰ ਕਿਸੇ ਬਦਰੂਹ ਆਦਿ ਦਾ ਕੋਈ ਖਤਰਾ ਨਹੀਂ ਹੁੰਦਾ। ਕੁੱਝ ਲੋਕਾਂ ਦਾ ਵਿਚਾਰ ਹੈ ਕਿ ਨਜ਼ਰ ਦੇ ਮੰਦੇ ਪ੍ਰਭਾਵ ਨੂੰ ਲੋਹਾ ਇਸ ਕਰਕੇ ਰੋਕਦਾ ਹੈ ਕਿਉਂ ਜੋ ਇਸ ਧਾਤ ਦਾ ਰੰਗ ਕਾਲਾ ਹੁੰਦਾ ਹੈ। ਜਿਵੇਂ ਕਾਲੀ ਸਿਆਹੀ ਮੱਥੇ ਤੇ ਲਗਾਉਣ ਨਾਲ ਬੁਰੀ ਨਜ਼ਰ ਦਾ ਅਸਰ ਨਹੀਂ ਹੁੰਦਾ। ਇਵੇਂ ਹੀ ਲੋਹੇ ਦੀ ਕੋਈ ਵਸਤੂ ਪਹਿਨੀ ਹੋਵੇ ਤਾਂ ਨਜ਼ਰ ਨਹੀਂ ਲੱਗਦੀ।
ਸੋਨਾ ਅਤੇ ਚਾਂਦੀ ਵੀ ਅਜਿਹੀਆਂ ਧਾਤਾਂ ਮੰਨੀਆਂ ਜਾਂਦੀਆਂ ਹਨ ਜਿਨ੍ਹਾਂ ਤੋਂ ਬਦਰੂਹਾਂ ਦੂਰ ਰਹਿੰਦੀਆਂ ਹਨ। ਇਹਨਾਂ ਧਾਤਾਂ ਨੂੰ ਗਹਿਣਿਆਂ ਦੇ ਰੂਪ ਵਿੱਚ ਧਾਰਨ ਕੀਤਾ ਜਾਂਦਾ ਹੈ। ਕਈ ਲੋਕ ਇਹਨਾ ਉੱਪਰ ਕਿਸੇ ਦੇਵੀ ਦੇਵਤੇ ਦੀ ਤਸਵੀਰ ਵੀ ਉਕਰਵਾ ਲੈਂਦੇ ਹਨ ਜੋ ਰਹੱਸਮਈ ਤਰੀਕੇ ਨਾਲ ਇਸ ਨੂੰ ਬੁਰੀ ਨਜ਼ਰ ਤੋਂ ਬਚਾਉਣ ਦੀ ਸ਼ਕਤੀ ਦੇਂਦੇ ਹਨ। ਗਹਿਣਿਆਂ ਦਾ ਪਿਛੋਕੜ ਸ਼ਾਇਦ ਇਸ ਗੱਲ ਵਿੱਚ ਲੁਪਤ ਹੈ ਕਿ ਮਨੁੱਖ ਨੇ ਬੁਰੀ ਨਜ਼ਰ ਤੋਂ ਬਚਾ ਲਈ ਧਾਤ ਜਾਂ ਹੱਡੀ ਤੋਂ ਤਿਆਰ ਤਵੀਤਾਂ ਨੂੰ ਪਹਿਨਿਆ ਹੋਵੇਗਾ ਅਤੇ ਇਹ ਤਵੀਤ ਜਦੋਂ ਸ਼ੌਕੀਨ ਵਿਅਕਤੀਆਂ ਨੇ ਧਾਰਨ ਕੀਤੇ ਹੋਣਗੇ ਤਾਂ ਇਹਨਾ ਵਿਚ ਸੁਹਜ ਅਤੇ ਸੌਂਦਰਯ ਦਾ ਵਾਧਾ ਕਰ ਲਿਆ ਹੋਵੇਗਾ, ਜੋ ਅੱਗੇ ਚੱਲ ਕੇ ਗਹਿਣਿਆਂ ਦੇ ਰੂਪ ਵਿਚ ਪ੍ਰਚਲਿਤ ਹੋਏ। ਬੁਰੀ ਨਜ਼ਰ ਦੇ ਪ੍ਰਭਾਵ ਲਈ ਕੌਡੀ ਨੂੰ ਧਾਗੇ ਵਿੱਚ ਪਰੋ ਕੇ ਬੱਚਿਆਂ ਦੇ ਗੱਲ ਪਾ ਦਿੱਤਾ ਜਾਂਦਾ ਹੈ।
ਬੁਰੀ ਨਜ਼ਰ ਦਾ ਪ੍ਰਭਾਵ ਕੇਵਲ ਮਨੁੱਖਾਂ ਤੱਕ ਹੀ ਸੀਮਤ ਨਹੀਂ ,ਨਵੀਆਂ ਬਣੀਆਂ ਇਮਾਰਤਾਂ, ਪਸ਼ੂਆਂ ਤੇ ਫਸਲਾਂ ਨੂੰ ਵੀ ਬੁਰੀ ਨਜ਼ਰ ਤੋਂ ਬਚਾਉਣ ਦੇ ਯਤਨ ਕੀਤੇ ਜਾਂਦੇ ਹਨ। ਪਿੰਡਾਂ ਵਿੱਚ ਮਕਾਨ ਦੀ ਉਸਾਰੀ ਤੋਂ ਬਆਦ ਕਾਲੀ ਤੋੜੀ ਮਕਾਨ ਉੱਪਰ ਰੱਖ ਦਿੱਤੀ ਜਾਂਦੀ ਹੈ ਤਾਂ ਜੋ ਇਸ ਉੱਤੇ ਬੁਰੀ ਨਜ਼ਰ ਦਾ ਅਸਰ ਨਾਂ ਪਵੇ। ਪਸ਼ੂਆਂ ਦੇ ਗਲ ਵਿੱਚ ਇਕ ਚਮੜੇ ਦਾ ਟੁੱਕੜਾ ਕੱਟ ਕੇ ਰੱਸੀ ਨਾਲ ਜਾਂ ਤਾਂ ਉਹਨਾਂ ਦੇ ਮੁਥੇ ਉੱਤੇ ਬੰਨ੍ਹ ਦਿੱਤਾ ਜਾਂਦਾ ਹੈ ਅਤੇ ਜਾਂ ਗਲ ਵਿੱਚ ਪਾ ਦਿੱਤਾ ਜਾਂਦਾ ਹੈ। ਪਸ਼ੂਆਂ ਦੇ ਗਲਾਂ ਵਿੱਚ ਪਿੱਤਲ ਦੇ ਘੁੰਗਰੂਆਂ ਨਾਲ ਛਣਕਦੀਆਂ ਹਮੇਲਾਂ ਦਾ ਸੁੰਦਰਤਾ ਦੇ ਨਾਲ ਨਾਲ ਇੱਕ ਆਸ਼ਾ ਪਸ਼ੂਆਂ ਨੂੰ ਬੁਰੀ ਨਜ਼ਰ ਦੇ ਮੰਦ ਪ੍ਰਭਾਵ ਤੋਂ ਬਚਾਉਣਾ ਹੁੰਦਾ ਹੈ ਕਿਉਂਕਿ ਲੋਕ-ਵਿਸ਼ਵਾਸ ਹੈ ਕਿ ਪਿੱਤਲ ਦੇ ਨੇੜੇ ਬਦਰੂਹਾਂ ਨਹੀਂ ਆਉਂਦੀਆਂ।
ਪੰਜਾਬੀ ਲੋਕ-ਜੀਵਨ ਵਿੱਚ ਬੁਰੀ ਨਜ਼ਰ ਦਾ ਸਹਿਮ ਅਜੇ ਵੀ ਬਣਿਆ ਹੋਇਆ ਹੈ। ਨਜ਼ਰ ਲੱਗਣ ਦੇ ਡਰ ਕਰਕੇ ਹੀ ਚੰਗੀਆਂ ਵਸਤਾਂ ਦਾ ਉਪਭੋਗ ਲੁਕਾ ਕੇ ਕੀਤਾ ਜਾਂਦਾ ਹੈ।
ਦੁੱਧ ਦੇਣ ਵਾਲੇ ਪਸ਼ੂ ਵੀ ਕਈ ਵਾਰੀ ਬੁਰੀ ਨਜ਼ਰ ਦਾ ਸ਼ਿਕਾਰ ਹੋ ਜਾਂਦਾ ਹਨ ਅਤੇ ਦੁੱਧ ਦੇਣਾ ਬੰਦ ਕਰ ਦਿੰਦੇ ਹਨ। ਜਦੋਂ ਪਸ਼ੂ ਦਾ ਹਵਾਨਾ ਦੁੱਧ ਨਾਲ ਭਰਿਆ ਹੋਇਆ ਹੋਵੇ ਅਤੇ ਪਸ਼ੂ ਆਪ ਵੀ ਇਸ ਜਮ੍ਹਾਂ ਹੋਏ ਦੁੱਧ ਕਰਕੇ ਔਖਾ ਹੋਵੇ ਪਰ ਥਣਾਂ ਨੂੰ ਹੱਥ ਨਾਂ ਲਗਾਉਣ ਦਿੰਦਾ ਹੋਵੇ ਤਾਂ ਇਹ ਪੱਕਾ ਵਿਸ਼ਵਾਸ ਕਰ ਲਿਆ ਜਾਂਦਾ ਹੈ ਕਿ ਪਸ਼ੂ ਬੁਰੀ ਨਜ਼ਰ ਦਾ ਸ਼ਿਕਾਰ ਹੋ ਗਿਆ ਹੈ। ਇਹ ਵੀ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਨਜ਼ਰ ਲਗਾੳਣ ਵਾਲੇ ਵਿਅਕਤੀ ਮੰਤਰ ਅਤੇ ਆਪਣੀ ਨਜ਼ਰ ਦੀ ਕਰੂਰ ਸ਼ਕਤੀ ਨਾਲ ਕਿਸੇ
ਵੀ ਗਾਂ,ਮੱਝ ਦਾ ਦੁੱਧ ਆਪਣੀ ਗਾਂ ਜਾਂ ਮੱਝ ਹੇਠ ਲੈ ਆਉਂਦਾ ਹੈ। ਜਦੋਂ ਪਸ਼ੂ ਨਜ਼ਰਾਇਆ ਜਾਵੇ ਤਾਂ ਇਸ ਦੇ ਇਲਾਜ਼ ਲਈ ਗੁੱਗਲ ਅਤੇ ਮਿਰਚਾਂ ਦੀ ਧੂਣੀ ਪਸ਼ੂ ਅੱਗੇ ਦਿੱਤੀ ਜਾਂਦੀ ਹੈ। ਫਟਕੜੀ ਦਾ ਘੋਲ ਮੰਤਰ ਕੇ ਪਸ਼ੂ ਦੇ ਚੁਫੇਰੇ ਉਸਦੇ ਛਿੱਟੇ ਦਿੱਤੇ ਜਾਂਦੇ ਹਨ। ਆਟੇ ਦੇ ਪੇੜੇ ਵਿੱਚ ਹੇਠ ਲਿਖਿਆ ਮੰਤਰ ਲਿਖ ਕੇ ਪਸ਼ੂ ਨੂੰ ਦਿੱਤਾ ਜਾਂਦਾ ਹੈ:
ਜਨ ਖੁਆਜ਼ਾ ਸਿਮਰੀਏ
ਹੋਡੀ ਪਾਤਸ਼ਾਹ ਪੀਰ,
ਬੁੱਧੀ ਨੀਰ ਛੁਡਾਂਵਦਾ
ਹਜ਼ਰਤ ਜ਼ਾਹਿਰਾ ਪੀਰ
ਅੰਤ ਵਿੱਚ ਇਹ ਜਾ ਸਕਦਾ ਹੈ ਕਿ ਪੰਜਾਬੀਆਂ ਦੇ ਵਿਸ਼ਵਾਸ ਪੰਜਾਬੀ ਸੱਭਿਆਚਾਰ ਦਾ ਇੱਕ ਮਹੱਤਵਪੂਰਨ ਅੰਗ ਹਨ। ਇਹਨਾਂ ਵਿਸ਼ਵਾਸਾ ਰਾਂਹੀ ਪੰਜਾਬੀ ਆਪਣੇ ਜੀਵਨ ਵਿੱਚ ਆਉਂਦੇ ਅਨੇਕਾਂ ਸੰਕਟਾਂ ਦਾ ਸਾਹਮਣਾ ਕਰਦੇ ਹਨ ਅਤੇ ਇੱਝ ਆਪਣੀ ਜੀਵਨ-ਤੋਰ ਨੂੰ ਸਾਵੀ-ਪੱਧਰੀ ਰੱਖਣ ਲਈ ਇਹਨਾ ਦੀ ਸਹਾਇਤਾ ਲੈਂਦੇ ਹਨ।
ਪਿਛਲੇ ਪੰਨੇ ਤੇ ਜਾਣ ਲਈ ਇਥੇ ਦਬਾਓ
Advertisement Zone Below
ਸਭ ਹੱਕ ਰਾਖਵੇਂ ਹਨ © ੨੦੦੮ ਸਰਦਾਰੀ ਕਲੱਬ (ਪੰਜਾਬ)
|